

ਪਰ ਸਾਰਤ੍ਰ ਨੂੰ ਮੈਂ ਪਸੰਦ ਨਹੀਂ ਕਰਦਾ, ਹਾਂ ਨਾਪਸੰਦ ਕਰਦਾਂ, ਨਫਰਤ ਨਹੀਂ, ਨਫਰਤ ਕੁਝ ਸਖਤ ਲਫਜ਼ ਹੈ। ਇਹ ਲਫਜ਼ ਮੈਂ ਦੂਜੀ ਕਿਤਾਬ ਵਾਸਤੇ ਬਚਾ ਲਿਆ ਹੈ। ਹਾਂ, ਤਾਂ ਮੈਂ ਕਹਿ ਰਿਹਾ ਸੀ ਕਿ ਸਾਰੜ੍ਹ ਨੂੰ ਹੋਂਦ ਬਾਰੇ ਕੁਝ ਪਤਾ ਨਹੀਂ ਪਰ ਉਸ ਨੇ ਇਕ ਹਊਆ ਖੜ੍ਹਾ ਕਰ ਦਿੱਤਾ, ਦਾਰਸ਼ਨਿਕ ਹਊਆ, ਬੌਧਿਕ ਕਲਾਬਾਜ਼ੀ। ਪੂਰੀ ਜਿਮਨਾਸਟਿਕਸ ਹੈ ਇਹ। ਉਸ ਦੀ ਕਿਤਾਬ BEING AND NOTHINGNESS ਦੇ ਦਸ ਪੰਨੇ ਪੜ੍ਹ ਲਉ, ਜਾਂ ਪਾਗਲ ਹੋ ਜਾਉਗੇ ਜਾਂ ਅਕਲਮੰਦ। ਪਰ ਦਸ ਪੰਨੇ ਪੜ੍ਹਨੇ ਔਖਾ ਕੰਮ ਹੈ। ਜਦੋਂ ਮੈਂ ਪ੍ਰੋਫੈਸਰ ਸਾਂ, ਆਪਣੇ ਕਈ ਵਿਦਿਆਰਥੀਆਂ ਨੂੰ ਪੜ੍ਹਨ ਵਾਸਤੇ ਦਿੱਤੀ, ਕੋਈ ਪੂਰੀ ਨਹੀਂ ਪੜ੍ਹ ਸਕਿਆ। ਪੂਰੀ ਤਾਂ ਕੀ ਕੋਈ ਦਸ ਪੰਨੇ ਨਹੀਂ ਪੜ੍ਹ ਸਕਿਆ, ਇਕ ਪੰਨਾ ਵੀ ਜਿਆਦਾ ਸੀ, ਮੈਂ ਤਾਂ ਕਹਿਨਾ ਇਕ ਪੈਰਾ ਪੜ੍ਹਨਾ ਔਖਾ ਸੀ। ਮੂੰਹ ਮੱਥਾ ਕੁਝ ਪਤਾ ਨਹੀਂ ਲਗਦਾ ਤੇ ਪੰਨੇ ਹਜ਼ਾਰ ਤੋਂ ਵੱਧ ਨੇ। ਮੋਟੀ ਕਿਤਾਬ ਹੈ।
ਵਿਸਰੀਆਂ ਕਿਤਾਬਾਂ ਵਿਚ ਇਸ ਦੀ ਯਾਦ ਆ ਗਈ। ਆਦਮੀ ਮੈਨੂੰ ਪਸੰਦ ਨਹੀਂ, ਉਸ ਦਾ ਫਲਸਫਾ ਹਾਂ ਫਲਸਫਾ ਹੀ ਕਹਾਂਗੇ ਬੇਸ਼ਕ ਉਹ ਇਸ ਨੂੰ ਐਂਟੀ ਫਿਲਾਫਸੀ ਨਾਮ ਦੇਣਾ ਚਾਹੁੰਦਾ ਸੀ, ਉਹ ਵੀ ਮੈਨੂੰ ਪਸੰਦ ਨਹੀਂ। ਮੈਂ ਇਸ ਨੂੰ ਐਂਟੀ ਫਿਲਾਸਫੀ ਇਸ ਕਰਕੇ ਨਹੀਂ ਕਿਹਾ ਕਿਉਂਕਿ ਇਹ ਵੀ ਆਖਰ ਫਿਲਾਸਫੀ ਹੀ ਹੁੰਦੀ ਹੈ। ਹੋਂਦਵਾਦ ਨਾਂ ਵਿਲਾਸਫੀ ਹੈ ਨਾ ਐਂਟੀਫਿਲਾਸਫੀ, ਇਹ ਬੱਸ ਹੈ। ਕਿਤਾਬ ਇਸ ਕਰਕੇ ਲਿਸਟ ਵਿਚ ਸ਼ਾਮਲ ਕੀਤੀ ਕਿਉਂਕਿ ਉਸਨੇ ਕੰਮ ਬਹੁਤ ਵਿਸਥਾਰ ਨਾਲ ਕੀਤਾ ਹੈ। ਹੁਣ ਤਕ ਲਿਖੀਆਂ ਗਈਆਂ ਯਾਦਗਾਰੀ ਕਿਤਾਬਾਂ ਵਿਚੋਂ ਇਕ ਹੈ, ਪੂਰਨ ਯੋਗਤਾ ਨਾਲ ਲਿਖੀ ਦਲੀਲਪੂਰਨ ਕਿਤਾਬ। ਆਦਮੀ ਸਧਾਰਨ ਜਿਹਾ ਕਾਮਰੇਡ ਸੀ, ਇਸ ਕਰਕੇ ਵੀ ਮੈਂ ਉਹਨੂੰ ਨਾਪਸੰਦ ਕਰਦਾਂ। ਜਿਹੜਾ ਬੰਦਾ ਹੋਂਦ ਬਾਰੇ ਹਸਤੀ ਬਾਰੇ ਜਾਣ ਜਾਵੇ ਉਹ ਕਮਿਊਨਿਸਟ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਪਤਾ ਹੁੰਦੇ ਕਿ ਬਰਾਬਰੀ ਨਾਮੁਮਕਿਨ ਹੈ। ਸੰਸਾਰ ਵਿਚ ਬਰਾਬਰ ਨਹੀਂ ਹੈ। ਨਾ ਇਕ ਚੀਜ਼ ਦੂਜੀ ਦੇ ਬਰਾਬਰ ਹੈ ਨਾ ਬਰਾਬਰ ਹੋ ਸਕਦੀ ਹੈ। ਬਰਾਬਰੀ ਮਹਿਜ਼ ਸੁਫਨਾ ਹੈ, ਮੂਰਖਾਂ ਦਾ ਸੁਫਨਾ। ਹੋਂਦ, ਬਹੁਪਰਤੀ ਨਾ-ਬਰਾਬਰੀ ਹੈ।
ਦੂਜੀ... ਰੁਕੋ। ਦੇਵਗੀਤ ਦੇ ਪੈਨ ਵਿਚੋਂ ਸਿਆਹੀ ਮੁਕ ਗਈ। ਕੀ ਪੈਨ ਹੈ ਤੇਰਾ, ਆਦਮ ਈਵ ਦੇ ਸਮਿਆਂ ਦਾ। ਸ਼ੌਰ ਕਿੰਨਾ ਕਰਦੇ ਪਰ ਇਸ ਨੂਹ ਦੀ ਕਿਸ਼ਤੀ ਵਿਚ ਹੋਰ ਹੋ ਵੀ ਕੀ ਸਕਦੇ ਆਖਰ।
ਸ਼ੋਰ ਰੁਕ ਗਿਆ... ਦੂਜੀ ਕਿਤਾਬ ਹੈ ਮਾਰਟਿਨ ਹੈਡਗਰ ਦੀ ਸਮਾਂ ਤੇ ਹੱਦ TIME AND BEING. ਇਸ ਆਦਮੀ ਨਾਲ ਨਫਰਤ ਹੈ ਮੈਨੂੰ। ਉਹ ਸਿਰਫ ਕਮਿਉਨਿਸਟ ਨਹੀਂ ਫਾਸਿਸਟ ਸੀ। ਹਿਟਲਰ ਦਾ ਮੁਰੀਦ। ਯਕੀਨ ਨਹੀਂ ਆਉਂਦਾ ਜਰਮਨ ਕੀ ਕੀ ਕਰ ਸਕਦੇ ਨੇ। ਏਨਾ ਗੁਣੀ ਬੰਦਾ ਜੀਨੀਅਸ, ਫਿਰ ਵੀ ਮਹਾਂ ਢੱਗੇ ਹਿਟਲਰ ਦਾ ਚੇਲਾ ਹੋਵੇ। ਮੈਂ ਭਮੱਤਰ ਗਿਆ ਹਾਂ। ਪਰ ਕਿਤਾਬ ਚੰਗੀ ਹੈ, ਮੇਰੇ ਚੇਲਿਆਂ ਵਾਸਤੇ ਨਹੀਂ, ਉਨ੍ਹਾਂ ਵਾਸਤੇ ਹੈ ਜਿਹੜੇ ਪਾਗਲਪਣ ਵਿਚ ਬੜੇ ਉਚੇ ਉਠ ਗਏ ਹੋਣ।