

ਨਹੀਂ। ਜਿਸ ਵਿਮਲਕੀਰਤੀ ਬਾਰੇ ਗੱਲ ਕਰਨੀ ਹੈ ਉਸ ਦੀ ਯਾਦ ਵਿਚ ਮੈਂ ਇਸ ਆਪਣੇ ਚੇਲੇ ਦਾ ਨਾਮ ਵਿਮਲਕੀਰਤੀ ਰੱਖਿਐ। ਉਸ ਦੇ ਕਥਨਾ ਦਾ ਨਾਮ ਹੈ ਵਿਮਲਕੀਰਤੀ ਨਿਰਦੇਸ਼ ਸੂਤਰ । ਨਿਰਦੇਸ਼ ਸੂਤਰ ਮਾਇਨੇ ਰਾਹ ਦਸੇਰੇ ਕਥਨ। ਮਾਰਗ ਦਰਸ਼ਕ ਵਾਕ।
ਵਿਮਲਕੀਰਤੀ ਬੜਾ ਅਦਭੁਤ ਸ਼ਖਸ ਸੀ। ਬੁੱਧ ਵੀ ਉਸ ਨਾਲ ਈਰਖਾ ਕਰੇ। ਉਹ ਬੁੱਧ ਦਾ ਉਪਾਸ਼ਕ ਤਾਂ ਸੀ ਪਰ ਵਿਧੀਵਤ ਢੰਗ ਨਾਲ ਦੀਖਿਆ ਲੈਕੇ ਭਿਖੂ ਨਹੀਂ ਬਣਿਆ। ਇੰਨਾ ਖਤਰਨਾਕ ਬੰਦਾ ਕਿ ਬੁੱਧ ਦੇ ਸਭ ਚੇਲੇ ਡਰਦੇ ਸਨ। ਉਹ ਚਾਹੁੰਦੇ ਹੀ ਨਹੀਂ ਸਨ ਕਿ ਵਿਮਲਕੀਰਤੀ ਦੀਖਿਆ ਲਏ। ਰਸਤੇ ਤੁਰੇ ਜਾਂਦੇ ਵਿਮਲ ਨੂੰ ਕੋਈ ਦੁਆ ਸਲਾਮ ਕਰ ਦਿੰਦਾਂ ਤਾਂ ਇਸਦੇ ਜਵਾਬ ਵਿਚ ਹੀ ਵਿਮਲਕੀਰਤੀ ਉਸ ਦੀ ਤਸੱਲੀ ਕਰਵਾ ਦਿੰਦਾ। ਉਸ ਦਾ ਸਮਝਾਣ ਦਾ ਤਰੀਕਾ ਦਿਲ ਉਤੇ ਸੱਟ ਮਾਰਨ ਵਰਗਾ ਹੁੰਦਾ। ਗੁਰਜਿਫ ਨੂੰ ਉਹ ਚੰਗਾ ਲੱਗਣਾ ਸੀ, ਪਰ ਕੀ ਪਤਾ ਗੁਰਜਿਫ ਵੀ ਡਰ ਜਾਂਦਾ। ਬੰਦਾ ਖਤਰਨਾਕ ਸੀ, ਬਲਵਾਨ।
ਬਿਮਾਰ ਹੋ ਗਿਆ। ਬੁੱਧ ਨੇ ਸਾਰਿਪੁੱਤ ਨੂੰ ਕਿਹਾ- ਖਬਰਲੈਕੇ ਆ। ਸਾਰਿਪੁੱਤ ਨੇ ਕਿਹਾ- ਮੈਂ ਕਦੀ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਹੁਣ ਸਾਫ ਆਖ ਦਿੰਨਾ ਮੈਂ ਨਹੀਂ ਜਾਣਾ। ਹੋਰ ਕਿਸੇ ਨੂੰ ਭੇਜ ਦਿਉ। ਇਨਾ ਖੌਫਨਾਕ ਹੈ ਕਿ ਮੌਤ ਦੇ ਬਿਸਤਰ ਤੇ ਪਿਆਂ ਬਿਪਤਾ ਖੜੀ ਕਰ ਸਕਦੇ। ਮੈਂ ਤਾਂ ਜਾਂਣਾ ਨਹੀਂ।
ਬੁੱਧ ਨੇ ਇਕ ਇਕ ਕਰਕੇ ਸਾਰਿਆਂ ਨੂੰ ਕਿਹਾ ਪਰ ਇਕ ਨੂੰ ਛੱਡ ਕੇ ਸਾਰੇ ਇਨਕਾਰ ਕਰ ਗਏ। ਜਿਸ ਚੇਲੇ ਨੂੰ ਸਭ ਤੋਂ ਪਹਿਲਾਂ ਗਿਆਨ ਹਾਸਲ ਹੋਇਆ, ਮੰਜੂਸ਼ਿਰੀ, ਉਹ ਮੰਨ ਗਿਆ। ਉਹ ਚਲਾ ਗਿਆ ਤੇ ਉਸ ਦਾ ਜਾਣਾ ਇਸ ਕਿਤਾਬ ਰਚਣ ਦਾ ਸਬੱਬ ਬਣਿਆ। ਸੰਵਾਦ ਹੈ। ਇਸ ਬੰਦੇ ਕਰਕੇ ਮੈਂ ਆਪਣੇ ਚੇਲੇ ਦਾ ਨਾਮ ਵਿਮਲਕੀਰਤੀ ਰੱਖਿਐ। ਆਦਿ ਵਿਮਲਕੀਰਤੀ ਮੌਤ ਦੇ ਬਿਸਤਰ ਤੇ ਲੇਟਿਆ ਹੋਇਆ ਸੀ। ਪ੍ਰਣਾਮ ਕਰਕੇ ਮੰਜੂਸਿਰੀ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਜਵਾਬ ਮਿਲਦੇ ਗਏ। ਕੁਝ ਸਵਾਲ ਵਿਮਲਕੀਰਤੀ ਨੇ ਕੀਤੇ ਮੰਜੂਸ਼ਿਰੀ ਨੇ ਜਵਾਬ ਦਿੱਤੇ। ਇਉਂ ਵਿਮਲਕੀਰਤੀ ਨਿਰਦੇਸ਼ ਸੂਤਰ ਗ੍ਰੰਥ ਦਾ ਉਤਾਰ ਹੋਇਆ।
ਇਸ ਕਿਤਾਬ ਵਲ ਕਿਸੇ ਨੇ ਤਵੱਜੋ ਨਹੀਂ ਦਿੱਤੀ ਕਿਉਂਕਿ ਕਿਸੇ ਖਾਸ ਧਰਮ ਬਾਰੇ ਨਹੀਂ ਹੈ। ਇਸ ਨੂੰ ਬੌਧ ਗ੍ਰੰਥ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਿਮਲਕੀਰਤੀ ਬੋਧੀ ਨਹੀਂ ਸੀ। ਲੋਕ ਰਸਮ ਵਲ ਧਿਆਨ ਦਿੰਦੇ ਹੁੰਦੇ ਨੇ, ਰੂਹ ਭੁਲਾ ਦਿੰਦੇ ਨੇ। ਸੱਚ ਦੇ ਮੁਤਲਾਸ਼ੀਆਂ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ। ਹੀਰਿਆਂ ਦੀ ਖਾਣ ਹੈ।