ਆਹਾ ਹਾਹਾ... ਬਹੁਤ ਅੱਛੇ ਸਫੈਦ ਗੁਲਦਾਊਦੀ... ਖੂਬ... ਲਫਜ਼ ਕਿੰਨੇ ਕਮਜ਼ੋਰ ਨੇ ਜੋ ਮੇਰੇ ਤੱਕ ਪੁੱਜ ਰਿਹਾ ਹੈ, ਬਿਆਨ ਨਹੀਂ ਹੋ ਸਕਦਾ। ਸਫੈਦ ਗੁਲਦਾਊਦੀ।
ਸਭ ਖਾਮੋਸ਼...
ਮੇਜ਼ਬਾਨ…
ਮਹਿਮਾਨ…
ਤੇ ਸਫੈਦ ਗੁਲਦਾਊਦੀ।
ਕਿਆ ਬਾਤ ਹੈ... ਇਸ ਖੂਬਸੂਰਤੀ ਕਰਕੇ ਕੰਨਾਂ ਨੂੰ ਸ਼ੋਰ ਸੁਣਾਈ ਨਹੀਂ ਦਿੰਦਾ, ਅੱਖਾਂ ਛਲਕ ਪਈਆਂ ਹਨ।
ਹੰਝੂ ਹਨ ਸਹੀ ਲਫਜ਼, ਰੀਬੁਲ ਬ ਦੇ ਬੌਲ। ਖਾਮੋਸ਼ੀ ਦੀ ਜ਼ਬਾਨ।
ਅਧਿਆਇ ਦੂਜਾ
ਖਿਮਾ ਕਰਨਾ ਅੱਜ ਸਵੇਰ ਜਿਨ੍ਹਾਂ ਕਿਤਾਬਾਂ ਦਾ ਕਰਨਾ ਬਣਦਾ ਸੀ, ਉਨ੍ਹਾਂ ਦਾ ਜ਼ਿਕਰ ਨਹੀਂ ਹੋਇਆ। ਜ਼ਰਤੁਸ਼ਤ, ਮੀਰਦਾਦ, ਚਾਂਗਜ਼, ਲਾਓਜ਼, ਕ੍ਰਾਈਸਟ ਅਤੇ ਕ੍ਰਿਸ਼ਨ ਨੇ ਮੈਨੂੰ ਏਨਾ ਵਿਸਮਾਦਿਤ ਕਰ ਦਿੱਤਾ ਕਿ ਮੈਂ ਮਹੱਤਵਪੂਰਨ ਹੋਰ ਕਿਤਾਬਾਂ ਦਾ ਜ਼ਿਕਰ ਕਰਨਾ ਭੁਲ ਗਿਆ। ਯਕੀਨ ਨੀਂ ਆਉਂਦਾ ਖਲੀਲ ਜਿਬਰਾਨ ਦੇ ਪੈਰਥਿਰ ਨੂੰ ਕਿਵੇਂ ਭੁਲ ਸਕਦਾਂ। ਮੇਰੇ ਦਿਲ ਵਿਚ ਖੋਹ ਪੈ ਰਹੀ ਹੈ। ਆਪਣੇ ਦਿਲੋਂ ਬੋਝ ਹਲਕਾ ਕਰਨ ਲਈ ਮੈਂ ਖਿਮਾ ਜਾਚਨਾ ਕੀਤੀ ਹੈ। ਕਿਸੇ ਤੋਂ ਨਹੀਂ ਖੁਦ ਤੋਂ ਮਾਫੀ ਮੰਗੀ।
ਕਿਤਾਬਾਂ ਸਿਰ ਕਿਤਾਬ ਹੈ ਦ ਬੁੱਕ ਆਫ ਸੂਫੀਜ਼। ਇਸ ਕਿਤਾਬ ਦਾ ਨਾਮ ਲੈਣਾ ਇਸ ਕਰਕੇ ਸ਼ਾਇਦ ਭੁੱਲ ਗਿਆ ਕਿਉਂਕਿ ਇਸ ਵਿਚ ਕੁਝ ਨਹੀਂ, ਕੇਵਲ ਖਾਲੀ ਵਰਕੇ ਹਨ। ਬਾਰਾਂ ਸਦੀਆਂ ਤੋਂ ਸੂਫੀ ਇਹ ਕਿਤਾਬ ਸਤਿਕਾਰ ਨਾਲ ਹੱਥਾਂ ਵਿਚ ਫੜੀ ਪੜ੍ਹ ਰਹੇ ਹਨ। ਹੈਰਾਨੀ ਹੁੰਦੀ ਹੈ, ਕੀ ਪੜ੍ਹਦੇ ਨੇ ਉਹ? ਲੰਮਾ ਸਮਾਂ ਜਦੋਂ ਤੁਸੀਂ ਖਾਲੀ ਕਾਗਜ਼ ਉਪਰ ਨਜ਼ਰਾਂ ਟਿਕਾਈ ਰੱਖੋ, ਇਕ ਸਮੇਂ ਤੁਹਾਡੇ ਅੰਦਰ ਕੋਈ ਉਛਾਲ ਆਉਂਦਾ ਹੈ। ਇਹੀ ਤਾਂ ਹੈ ਜੋ ਪੜ੍ਹਨਯੋਗ ਹੈ, ਅਸਲ ਅਧਿਐਨ।
ਇਹ ਕਿਤਾਬ ਮੈਂ ਭੁੱਲ ਕਿਵੇਂ ਗਿਆ?ਕੌਣ ਮੈਨੂੰ ਮਾਫ ਕਰੇਗਾ? ਇਸ ਕਿਤਾਬ ਦਾ ਆਖਰ ਵਿਚ ਨਹੀਂ, ਅੱਵਲ ਜ਼ਿਕਰ ਹੋਣਾ ਚਾਹੀਦਾ ਸੀ। ਤੁਸੀਂ ਇਸ ਕਿਤਾਬ ਵਿਚੋਂ ਪਾਰ ਨਹੀਂ ਲੰਘ ਸਕਦੇ। ਜਿਸ ਕਿਤਾਬ ਵਿਚ ਕੁਝ ਨਾ ਹੋਵੇ, ਜਿਸ ਵਿਚ ਕੁਝ ਨਹੀਂ ਦਾ ਸੁਨੇਹਾ ਹੋਵੇ, ਤੁਸੀਂ ਉਸ ਤੋਂ ਬਿਹਤਰ ਰਚਨਾ ਕਿਵੇਂ ਕਰ ਸਕਦੇ ਹੋ?