

ਅਧਿਆਇ ਗਿਆਹਰਵਾਂ
ਹਾਂ ਬਈ, ਭੁੱਲੀਆਂ ਵਿਸਰੀਆਂ ਕਿਨੀਆਂ ਕੁ ਕਿਤਾਬਾਂ ਦਾ ਹਵਾਲਾ ਦੇ ਦਿੱਤਾ ਮੈਂ ਹੁਣ ਤੱਕ ?
ਚਾਲੀ ਕਿਤਾਬਾਂ ਹੋ ਗਈਆਂ ਓਥੋਂ।
ਸਹੀ। ਮੋਟੇ ਦਿਮਾਗ ਦਾ ਬੰਦਾ ਹਾਂ ਨਾ ਮੈਂ।
ਪਹਿਲੀ ਕਿਤਾਬ ਹੈ ਕੋਲਿਨ ਵਿਲਸਨ ਦੀ, ਪ੍ਰਦੇਸੀ, THE OUTSIDER. ਇਸ ਸਦੀ ਦੀ ਇਹ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਿਤਾਬ ਹੈ ਪਰ ਆਦਮੀ, ਇਸ ਦਾ ਲੇਖਕ ਸਾਧਾਰਨ ਹੈ। ਉਹ ਵਿਸ਼ਾਲ ਸਮਰੱਥਵਾਨ ਵਿਦਵਾਨ ਹੈ, ਹਾਂ, ਇਧਰ ਉਧਰ ਦਿਬ ਦ੍ਰਿਸ਼ਟੀ ਹੈ, ਰਮਜ਼ਾਂ ਹਨ, ਕਿਤਾਬ ਕਮਾਲ ਐ।
ਜਿਥੋਂ ਤੱਕ ਕੋਲਿਨ ਵਿਲਸਨ ਦੀ ਗੱਲ ਹੈ, ਆਪ ਉਹ ਪ੍ਰਦੇਸੀ ਨਹੀਂ, ਦੁਨੀਆਦਾਰ ਹੈ। ਪ੍ਰਦੇਸੀ ਤਾਂ ਮੈਂ ਆਂ, ਇਸੇ ਕਰਕੇ ਕਿਤਾਬ ਨੂੰ ਪਿਆਰ ਕਰਦਾਂ। ਇਹ ਕਿਤਾਬ ਇਸ ਕਰਕੇ ਵਧੀਆ ਹੈ ਕਿ ਬੇਸ਼ਕ ਲੇਖਕ ਉਸ ਮੁਕਾਮ ਤੇ ਨਹੀਂ ਪੁੱਜਿਆ ਜਿਥੋਂ ਦੀਆਂ ਗੱਲਾਂ ਕਰਦਾ ਹੈ ਪਰ ਉਸ ਦੀ ਲਿਖਤ ਸੱਚ ਦੇ ਬਹੁਤ ਬਹੁਤ ਨੇੜੇ ਹੈ। ਯਾਦ ਰੱਖਣਾ, ਜੇ ਸੱਚ ਦੇ ਨੇੜੇ ਵੀ ਪਹੁੰਚ ਗਏ ਤਾਂ ਵੀ ਤਾਂ ਤੁਸੀਂ ਮਿਥਿਆ ਹੈ। ਤੁਸੀਂ ਜਾਂ ਸੱਚ ਹੋ ਜਾਂ ਮਿਥਿਆ, ਦੋਵਾਂ ਦੇ ਵਿਚਕਾਰ ਕਰਕੇ ਕੁਝ ਨਹੀਂ ਹੋਇਆ ਕਰਦਾ।
ਪ੍ਰਦੇਸ਼ੀ ਕਿਤਾਬ ਵਿਚ ਵਿਲਸਨ ਨੇ ਬਾਹਰਲੇ ਸੰਸਾਰ ਵਿਚ ਜਾਕੇ ਉਸ ਸੰਸਾਰ ਦੇ ਬਾਸ਼ਿੰਦੇ ਨੂੰ ਦੇਖਣ ਸਮਝਣ ਦਾ ਯਤਨ ਕੀਤਾ ਹੈ। ਜਿਵੇਂ ਕੋਈ ਬੂਹੇ ਦੀ ਚਾਬੀ ਵਾਲੀ ਮੋਰੀ ਵਿਚੋਂ ਘਰ ਅੰਦਰ ਦੇਖਣ ਦਾ ਯਤਨ ਕਰੇ। ਥੋੜਾ ਬਹੁਤ ਤਾਂ ਦਿਸ ਹੀ ਜਾਂਦਾ ਹੈ ਝੀਤ ਥਾਣੀ, ਇੰਨਾ ਕੁ ਵਿਲਸਨ ਨੇ ਦੇਖਿਆ ਹੈ। ਪੜ੍ਹਨ ਯੋਗ ਹੈ ਕਿਤਾਬ, ਪੜ੍ਹੋ, ਧਿਆਨ ਨਾ ਲਾਉ, ਪੜ੍ਹੋ ਤੇ ਕੂੜੇਦਾਨ ਵਿਚ ਸੁੱਟ ਦਿਉ ਕਿਉਂਕਿ ਜੇ ਇਹ ਕਿਤਾਬ ਵਾਕਈ ਦੂਰ ਦੁਰਾਡੇ ਦੇ ਦੇਸ ਵਿਚੋਂ ਨਹੀਂ ਆਈ ਫਿਰ ਇਹ ਸੱਚ ਤੋਂ ਕੋਹਾਂ ਦੂਰ ਹੈ, ਗੂੰਜ ਦੀ ਗੂੰਜ ਹੈ, ਪ੍ਰਤੀਬਿੰਤ ਦੀ ਪ੍ਰਤੀਬਿੰਬ, ਛਾਂ ਦੀ ਛਾਂ।
ਦੂਜੀ ਕਿਤਾਬ ਹੈ ਕਨਫਿਊਸ਼ਿਅਸ ਦੀਆਂ ਸਾਖੀਆਂ, THE ANALECTS OF CONFUCIOUS. ਕਨਫਿਊਸ਼ਿਅਸ ਮੈਨੂੰ ਭੋਰਾ ਚੰਗਾ ਨਹੀਂ ਲਗਦਾ, ਚੰਗਾ ਨਾ ਲਗਣ ਕਰਕੇ ਮੈਨੂੰ ਕੋਈ ਪਛਤਾਵਾ ਵੀ ਨਹੀਂ। ਇਹ ਗਲ ਲਿਖ ਕੇ ਮੈਨੂੰ ਸਕੂਨ ਮਿਲਿਆ ਹੈ। ਕਨਫਿਊਸ਼ਿਅਸ ਅਤੇ ਲਾਉਜ਼ ਸਮਕਾਲੀ ਸਨ। ਲਾਉਰੂ ਰਤਾ ਵਡਾ ਸੀ। ਕਨਫਿਊਸ਼ਿਅਸ ਉਸ ਨੂੰ ਮਿਲਣ ਗਿਆ ਸੀ ਇਕ ਵਾਰ। ਪਸੀਨੋ ਪਸੀਨਾ ਹੋ ਕੇ ਪਰਤ ਆਇਆ, ਕੰਬ ਗਿਆ ਸੀ, ਧੁਰ ਅੰਦਰ ਤੱਕ ਹਿਲ ਗਿਆ। ਚੇਲਿਆਂ ਨੇ ਪੁੱਛਿਆ- ਗੁਫਾ ਵਿਚ ਹੋਰ ਤਾਂ ਕੋਈ ਹੈ ਨਹੀਂ ਸੀ, ਕੀ ਹੋਇਆ ਸੀ ਉਥੇ ਜਦੋਂ ਤੁਸੀਂ ਮਿਲੇ ?