

ਕਨਫਿਊਸ਼ਿਅਸ ਨੇ ਕਿਹਾ, ਚੰਗਾ ਹੋਇਆ ਦੇਖਣ ਵਾਲਾ ਹੋਰ ਕੋਈ ਨਹੀਂ ਸੀ। ਮੇਰਿਆ ਰੱਬਾ, ਆਦਮੀ ਨਹੀਂ ਉਹ ਤਾਂ ਅਜਗਰ ਹੈ, ਨਿਗਲ ਲੈਣਾ ਸੀ ਮੈਨੂੰ, ਬਚ ਕੇ ਆ ਗਿਆ। ਪੂਰਾ ਖਤਰਨਾਕ ਹੈ ਉਹ।
ਕਨਫਿਊਸ਼ਿਅਸ ਨੇ ਸਹੀ ਸੂਚਨਾ ਦਿੱਤੀ। ਲਾਉਜ਼ ਵਰਗਾ ਬੰਦਾ ਤੁਹਾਨੂੰ ਮਾਰ ਸਕਦੇ ਤਾਂ ਕਿ ਪੁਨਰਜਨਮ ਦੇ ਸਕੇ, ਜਦੋਂ ਤਕ ਕੋਈ ਮਰਨ ਲਈ ਤਿਆਰ ਨਹੀਂ ਹੁੰਦਾ, ਉਸ ਦਾ ਨਵਾਂ ਜਨਮ ਨਹੀਂ ਹੈ ਸਕਦਾ। ਕਨਫਿਊਸ਼ਿਅਸ ਨਵਾਂ ਜਨਮ ਲੈਣ ਤੋਂ ਬਚ ਗਿਆ।
ਲਾਉਜ਼ ਨੂੰ ਮੈਂ ਪਹਿਲਾਂ ਹੀ ਚੁਣ ਲਿਆ ਹੈ ਹਮੇਸ਼ ਵਾਸਤੇ। ਕਨਫਿਊਸਿਅਸ ਮਾਦੀ ਜਗਤ ਦਾ ਸਾਧਾਰਨ ਬਾਸ਼ਿੰਦਾ ਹੈ। ਯਾਦ ਰਹੇ ਮੈਂ ਉਸ ਨੂੰ ਪਸੰਦ ਨਹੀਂ ਕਰਦਾ, ਹੰਕਾਰਿਆ ਬੰਦਾ ਹੈ। ਅਜੀਬ ਹੈ ਉਹ ਇੰਗਲੈਂਡ ਵਿਚ ਨਹੀਂ ਜੰਮਿਆ। ਪਰ ਉਨ੍ਹਾਂ ਦਿਨਾ ਵਿਚ ਚੀਨ ਹੀ ਇੰਗਲੈਂਡ ਸੀ। ਇੰਗਲੈਂਡ ਤਾਂ ਉਦੋਂ ਜਾਹਲ ਸੀ, ਕੁਝ ਵੀ ਚੱਜ ਆਚਾਰ ਨਹੀਂ ਸੀ ਉਥੇ।
ਕਨਫਿਊਸ਼ਿਅਸ ਸਿਆਸਤਦਾਨ ਸੀ, ਚਤਰ, ਚੁਸਤ ਪਰ ਸਿਆਣਾ ਨਹੀਂ। ਸਿਆਣਾ ਹੁੰਦਾ ਤਾਂ ਲਾਉਜ਼ ਦੇ ਕਦਮਾਂ ਵਿਚ ਢਹਿ ਪੈਂਦਾ, ਬਚ ਕੇ ਕਾਹਨੂੰ ਆਉਂਦਾ। ਉਹ ਕੇਵਲ ਲਾਉਂਜ਼ ਤੋਂ ਨਹੀਂ, ਖਾਮੋਸ਼ੀ ਤੋਂ ਡਰਦਾ ਸੀ, ਲਾਉਜ਼ ਤੇ ਖਾਮੋਸ਼ੀ ਇਕੋ ਚੀਜ਼ ਨੇ।
ਕਨਫਿਊਸ਼ਿਅਸ ਦੀ ਪ੍ਰਸਿਧ ਕਿਤਾਬ ਸਾਖੀਆਂ ਮੈਂ ਲਿਸਟ ਵਿਚ ਰੱਖਣੀ ਹੈ, ਇਨਸਾਫ ਵੀ ਤਾਂ ਕਰਨਾ ਹੈ। ਸਾਖੀਆਂ ਮਹੱਤਵਪੂਰਨ ਕਿਤਾਬ ਹੈ। ਮੇਰੇ ਲਈ ਇਹ ਜੜਾਂ ਵਾਂਗ ਹੈ, ਬਦਸੂਰਤ ਪਰ ਲਾਜ਼ਮੀ, ਇਸ ਨੂੰ ਤੁਸੀਂ ਜਰੂਰੀ ਬਦੀ ਵੀ ਕਹਿ ਸਕਦੇ ਹੈ। ਸਾਖੀਆਂ ਹੈ ਤਾਂ ਬਦੀ ਪਰ ਇਸ ਬਿਨਾ ਸਰਦਾ ਨਹੀਂ। ਇਸ ਕਿਤਾਬ ਵਿਚ ਉਹ ਦੁਨੀਆਂ ਅਤੇ ਦੁਨੀਆਂਦਾਰੀ ਬਾਰੇ ਲਿਖਦਾ ਹੈ, ਸਿਆਸਤ ਬਾਰੇ, ਝਮੇਲਿਆਂ ਬਾਰੇ। ਇਕ ਵਿਦਿਆਰਥੀ ਨੇ ਉਸ ਨੂੰ ਪੁਛਿਆ- ਜੀ ਖਾਮੋਸ਼ੀ ਕੀ ਹੁੰਦੀ ਹੈ ?
ਕਨਫਿਊਸ਼ਿਅਸ ਖਿਝ ਗਿਆ, ਗੁਸੇ ਵਿਚ ਆ ਗਿਆ। ਝਿੜਕਦਿਆਂ ਵਿਦਿਆਰਥੀ ਨੂੰ ਕਿਹਾ- ਜ਼ੁਬਾਨ ਬੰਦ। ਖਾਮੋਸ਼ੀ? ਕਥਰ ਵਿਚ ਮਿਲੇਗੀ ਤੈਨੂੰ ਖਾਮੋਸ਼ੀ। ਜੀਵਨ ਵਿਚ ਇਸ ਦੀ ਕੋਈ ਲੋੜ ਨਹੀਂ। ਇਸ ਤੌਂ ਬਿਨਾ ਹੋਰ ਬੜੇ ਜਰੂਰੀ ਕੰਮ ਕਰਨ ਵਾਲੇ ਹਨ।
ਇਹੋ ਜਿਹਾ ਸੀ ਉਸ ਦਾ ਵਰਤਾਰਾ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਉਸ ਨੂੰ ਕਿਉਂ ਪਸੰਦ ਨਹੀਂ ਕਰਦਾ। ਮੈਨੂੰ ਤਰਸ ਆਉਂਦੇ ਉਸ ਉਪਰ। ਭਲਾ ਆਦਮੀ ਸੀ। ਅਫਸੋਸ ਆਪਣੇ ਜ਼ਮਾਨੇ ਦੇ ਸਭ ਤੋਂ ਮਹਾਨ ਬੰਦੇ ਲਾਉਂਚੂ ਦੇ ਨੇੜੇ ਗਿਆ ਪਰ ਉਸ ਨੂੰ ਮਿਲਿਆ ਨਾ। ਉਸ ਲਈ ਇਕ ਹੰਝੂ ਵਹਾ ਸਕਦਾ ਹਾਂ ਬਸ।