ਪਾਰ ਕਰ ਗਿਆ ਦਿਲ ਦੀਆਂ ਜਗੀਰਾਂ
ਮਾਰਕੇ ਤੁਰਿਆ ਮਜ਼ਹਬ ਦੀਆਂ
ਲਕੀਰਾਂ ਲਕੀਰਾਂ ਦੁਆਲੇ ਮੈਂ ਬੈਠ ਉਡੀਕਾਂ
ਕਿਸ ਦਿਨ ਵਡਭਾਗੇ ਤੂੰ ਟੱਪੇਂਗਾ?
ਰਾਖ ਨੇ ਸਾਰੇ ਮਸਜਿਦ ਮੰਦਿਰ
ਖ਼ੁਦਾ ਵਸੇ ਤੇਰੀ ਅੱਖ ਅੰਦਰ
ਤੱਕਿਆ ਇਲਾਹੀ ਨੂਰ ਤੇਰੇ 'ਚੋਂ
ਕੀ ਮੇਰੇ 'ਚੋਂ ਬੰਦਾ ਲੱਭੇਂਗਾ?
ਕੁੱਝ ਨੀ ਖਾਂਦੇ ਕੁੱਝ ਨੀ ਪੀਂਦੇ
ਵਿੱਛੜੇ ਜੋ ਮਜ਼ਬੂਰੀਆਂ 'ਚ
ਕਦ ਅਸਾਨੂੰ ਭੇਜ ਸੁਨੇਹੇ
ਤੂੰ ਦਾਅਵਤ ਉੱਤੇ ਸੱਦੇਂਗਾ?
ਰੂਹ ਅੰਦਰ ਤੇਰੇ ਰਚ ਗਏ ਹਾਂ
ਕਿਵੇਂ ਦਿਲ 'ਚੋਂ ਕੱਢੇਗਾ
ਹਵਾ ਬਣ ਆਵਾਂਗੇ ਸ਼ਹਿਰ ਤੇਰੇ
ਕੀ ਉਹ ਸ਼ਹਿਰ ਵੀ ਛੱਡੇਗਾ?