ਇਹ ਮਹਿਸੂਸ ਕਰ ਲੈਂਦਾ।
"ਇਹ ਮੇਰਾ ਬਾਪੂ ਏ," ਉਹ ਸੋਚਦਾ, "ਨਹੀਂ, ਇਹ ਉਹ ਨਹੀਂ ਹੋ ਸਕਦਾ, ਉਹਦੀ ਚਾਲ ਏਦੂੰ ਕੁਝ ਭਾਰੀ ਏ।"
"ਸ਼ੈਦ ਇਹ ਕਿਸੇ ਦੇਵਤੇ ਦੇ ਪੈਰ ਨੇ," ਇੱਕ ਵਾਰ ਉਹਨੇ ਸੋਚਿਆ।
ਇੱਕ ਦਿਨ ਉਹਨੇ ਜਾਰਡਨ ਨੂੰ ਕਿਹਾ, "ਬਾਪੂ-ਹੁਣ ਸਿਆਲਾ ਏ । ਮੇਰੇ ਕਰਨ ਨੂੰ ਕੁਝ ਨਹੀਂ, ਸਾਰਾ ਦਿਨ ਐਵੇਂ ਮੱਖੀਆਂ ਮਾਰਦਾ ਰਹਿਨਾ ਆਂ। ਹੁਨਾਲੇ ਵਿੱਚ ਮੇਰੇ ਲਈ ਕੁਝ ਕੰਮ ਹੁੰਦਾ ਏ-ਕਦੇ ਬੱਤਖਾਂ ਦਾ, ਤੇ ਫੇਰ ਸੂਰਾਂ ਦਾ, ਜਾਂ ਬੱਕਰੀਆਂ ਦਾ ਹੀ। ਕਦੇ ਸ਼ਰਾਬਖ਼ਾਨਿਉਂ ਕੁਝ ਲੈਣ ਲਈ ਮੈਨੂੰ ਭੇਜ ਦਿੱਤਾ ਜਾਂਦਾ ਜਾਂ ਪਾਦਰੀ ਵੱਲ ਸੁਨੇਹਾ ਦਿੱਤਾ ਜਾਂਦਾ ਏ ! ਪਰ ਹੁਣ ਮੇਰੇ ਜੋਗਾ ਉੱਕਾ ਕੋਈ ਕੰਮ ਨਹੀਂ। ਮੇਰਾ ਜੀਅ ਕਰਦਾ ਏ ਮੈਂ ਸਕੂਲੇ ਜਾਵਾਂ । ਮਾਸਟਰ ਜੀ ਵੀ ਕਹਿੰਦੇ ਸਨ ਕਿ ਮੈਂ ਤੁਹਾਡੇ ਨਾਲ ਸਕੂਲ ਜਾਣ ਦੀ ਗੱਲ ਕਰਾਂ । ਉਹ ਕਹਿੰਦੇ ਸਨ ਮੈਂ ਬਹੁਤ ਸਾਰੇ ਘਾਹ ਤੇ ਬੂਟੀਆਂ ਓਹਲੇ ਲੁਕੀ ਕਣਕ ਦੀ ਇੱਕ ਬੱਲੀ ਆਂ। ਸਕੂਲੇ ਜਾਣਾ ਮੇਰੀ ਗੋਡੀ ਕਰਨ ਵਰਗਾ ਹੋਏਗਾ। ਛੇਤੀ ਹੀ ਮੈਨੂੰ ਚੌਦ੍ਰਵਾਂ ਵਰ੍ਹਾ ਚੜ੍ਹਨ ਵਾਲਾ ਏ।"
"ਸੁਣਿਆਂ ਈ ਨਿੱਕੂ ਕੀ ਪਿਆ ਕਹਿੰਦਾ ਏ ?" ਜਾਰਡਨ ਨੇ ਹੈਰਾਨ ਹੋ ਕੇ ਕਿਹਾ ਸੀ।
ਆਗਾਪੀਆ ਨੇ ਭਿਤ ਪਿੱਛੋਂ ਸਭ ਕੁਝ ਸੁਣ ਲਿਆ ਸੀ, ਤੇ ਉਹ ਆਪਣੀਆਂ ਅੱਖਾਂ ਨੂੰ ਡਰਾਉਣੀ ਤਰ੍ਹਾਂ ਗੋਲ-ਗੋਲ ਘੁਮਾਂਦੀ ਉਹਨਾਂ ਦੋਵਾਂ ਉੱਤੇ ਟੁੱਟ ਪਈ ਸੀ, “ਹਾਂ, ਮੈਂ ਸੁਣ ਲਿਆ ਏ । ਪਰ ਰਤਾ ਆਪਣੇ ਵੱਲ ਤਾਂ ਵੇਖ, ਕੀ ਤੂੰ ਸਕੂਲੇ ਗਿਆ ਸੈਂ? ਤੇ ਮੈਂ, ਕੀ ਮੈਂ ਕਦੇ ਕਿਸੇ ਸਕੂਲ ਵਿੱਚ ਆਪਣਾ ਵਕਤ ਫ਼ਜ਼ੂਲ ਗੁਆਇਆ ਏ? ਕੀ ਮੈਂ ਅਜਿਹੇ ਖੇਹ- ਖਰਾਬੇ ਵਿੱਚ ਕਦੇ ਪਈ ਆਂ ? ਤੇ ਗੀਤਜ਼ਾ ਦਾ ਹੀ ਲਉ—ਉਹਨੂੰ ਵੀ ਮੈਂ ਅਜਿਹੇ ਲਟੋਰਾਂ ਨਾਲ ਫਿਰਨ ਕਿਤੇ ਨਹੀਂ ਸੀ ਘੱਲਿਆ। ਸਾਡੇ ਘਰ ਬਥੇਰਾ ਕੰਮ ਏਂ, ਤੇ ਰੱਬ ਦਾ ਲੱਖ ਸ਼ੁਕਰ ਏ, ਸਾਨੂੰ ਕਾਸੇ ਦੀ ਲੋੜ ਨਹੀਂ। ਆਪਣੇ ਨਿੱਕੂ ਨੂੰ ਚੁੱਪ ਕਰਾ ਲੈ, ਨਹੀਂ ਤਾਂ ਮੈਂ ਉਹਦੇ ਸਿਰ ਉੱਤੇ ਅਜਿਹੀ ਵੱਟ ਕੇ ਧਰੌਲ ਮਾਰਾਂਗੀ ਕਿ ਉਹਦਾ ਸਿਰ ਉਹਦੇ ਢਿੱਡ ਦੇ ਥੱਲੇ ਜਾ ਪਿਚਕੇਗਾ। ਜੇ ਉਹ ਸਿਆਲੇ ਦੇ ਦਿਨਾਂ ਵਿੱਚ ਆਲਸੀ ਬਣਨੋਂ ਡਰਦਾ ਏ, ਤਾਂ ਮੈਂ ਅੱਜ-ਕੱਲ੍ਹ ਵੀ ਉਹਨੂੰ ਕੰਮ ਲੱਭ ਦਿਆਂਗੀ, ਇਹ ਸੋਸਾ ਵੀ ਉਹਨੂੰ ਨਾ ਰਹੇ।"
ਲਫ਼ਜ਼ ਜਿਹੜੇ ਉਹਦੇ ਅੰਦਰ ਝੁੱਲ ਰਹੇ ਸਨ, ਉਹਨਾਂ ਨੂੰ ਬਾਹਰ ਕੱਢਣ ਦਾ ਹੀਆ ਮੀਤ੍ਰਿਆ ਨੂੰ ਨਾ ਪਿਆ। ਉਹ ਚੀਕ ਕੇ ਕਹਿਣਾ ਚਾਹਦਾ ਸੀ, "ਤੈਨੂੰ ਭੂਤਾਂ ਦੀ ਮਾਰ ਵਗੇ-ਤੂੰ ਮਾਂ ਨਹੀਂ!” ਪਰ ਉਹਨੇ ਆਪਣੇ ਮੂੰਹ ਉੱਤੇ ਹੱਥ ਧਰ ਲਿਆ ਤੇ ਕੁਝ ਵੀ ਨਾ ਕਿਹਾ। ਉਹ ਕੁਝ ਚਿਰ ਉਹਦੇ ਵੱਲ ਤੱਕਦੀ ਰਹੀ, ਇੱਕ ਵਿਹੁਲੀ ਮੁਸਕੜੀ ਉਹਦਿਆਂ ਬੁੱਲ੍ਹਾਂ ਉੱਤੇ ਸੀ, ਇੰਜ ਜਾਪਦਾ ਸੀ ਕਿ ਜੋ ਮੀਤ੍ਰਿਆ ਦੇ ਮਨ ਵਿੱਚ ਏਸ ਵੇਲੇ ਹੋ ਰਿਹਾ ਸੀ, ਉਹ ਇਹ ਸਭ ਕੁਝ ਸਮਝ ਰਹੀ ਸੀ।
ਅਖ਼ੀਰ ਸਿਆਲੇ ਪਿੱਛੋਂ ਬਹਾਰ ਆਈ, ਤੇ ਲਿਜ਼ਾ ਦਰਿਆ ਦੀਆਂ ਲਹਿਰਾਂ ਡਰਾਉਣੇ ਮੌਸਮੀ ਹੜ੍ਹ ਵਿੱਚ ਸ਼ੂਕੀਆਂ।