ਪਿੰਡ ਦੇ ਲੋਕੀਂ ਆਪਣੀਆਂ ਪੈਲੀਆਂ ਵਿੱਚ ਕੰਮ ਕਰਨ ਗਏ, ਮੀਤ੍ਰਿਆ ਹਲ਼ ਦੀ ਹੱਥੀ ਉੱਤੇ ਹੱਥ ਧਰ ਕੇ ਸੱਜਰੇ ਸਿਆੜ ਵਿੱਚ ਤੁਰਦਾ ਗਿਆ। ਉਹਨੇ ਥੱਕੇ ਘੋੜਿਆਂ ਨੂੰ ਆਪਣੀਆਂ ਅੱਖਾਂ ਨਾਲ ਪਲੋਸਿਆ, ਤੇ ਉਹਨਾਂ ਨਾਲ ਗੱਲਾਂ ਕਰਦਾ ਰਿਹਾ । ਬਾਅਦ ਵਿੱਚ ਉਹ ਆਪਣੀ ਮਾਂ ਤੇ ਪਿਉ ਨਾਲ ਗੋਡੀ ਲਈ ਗਿਆ।
ਪਿੱਛੇ ਘਰ ਇੱਕ ਬੁੱਢੀ ਜ਼ਨਾਨੀ, ਦਿਹਾੜੀ ਉੱਤੇ, ਉਹਨਾਂ ਦੇ ਇਕੱਲੇ-ਕਾਰੇ ਘਰ ਦਾ ਖ਼ਿਆਲ ਰੱਖ ਛੱਡਦੀ। ਨਰਮ-ਨਰਮ ਧੁੰਦ ਵਾਲੇ ਦਿਸਹੱਦੇ ਵੱਲੋਂ ਹਲਕੀ ਜਿਹੀ ਨਿੱਘੀ ਪੌਣ ਵਗ ਰਹੀ ਸੀ, ਤੇ ਸੂਰਜ ਚਮਕ ਰਿਹਾ ਸੀ। ਆਗਾਪੀਆ ਨੇ ਮੁੰਡੇ ਨੂੰ ਆਪਣੇ ਹਾਲ ਵਿੱਚ ਮਸਤ ਰਹਿਣ ਦਿੱਤਾ। ਉਹ ਜਿਵੇਂ ਉਹਦੇ ਓਥੇ ਹੋਣ ਨੂੰ ਗੌਲ ਹੀ ਨਹੀਂ ਸੀ ਰਹੀ।
ਵਾਰੀ ਸਿਰ, ਬਹਾਰ ਪਿੱਛੋਂ ਹੁਨਾਲਾ ਆ ਗਿਆ। ਸੇਂਟ ਪੀਟਰ ਤੇ ਸੇਂਟ ਪਾਲ ਦੇ ਪੂਰਬ ਉੱਤੇ ਜਾਰਡਨ ਤੇ ਆਗਾਪੀਆ ਕੁਝ ਚੀਜ਼ਾਂ ਖ਼ਰੀਦਣ ਲਈ ਆਪਣੇ ਰੇੜ੍ਹੇ ਵਿੱਚ ਸ਼ਹਿਰ ਗਏ।
ਮਾਂ ਮੀਤ੍ਰਿਆ ਨੂੰ ਹੁਕਮ ਦੇ ਗਈ:
"ਖ਼ਬਰਦਾਰ! ਘਰੋਂ ਬਾਹਰ ਪੈਰ ਨਾ ਪਾਈਂ। ਕੰਨ ਖੋਲ੍ਹ ਕੇ ਧਿਆਨ ਨਾਲ ਸੁਣ। ਚੰਗੀ ਤਰ੍ਹਾਂ ਸੁਣ ਲੈ ਜੋ ਜੋ ਮੈਂ ਤੈਨੂੰ ਆਖ ਰਹੀ ਆਂ, ਤਾਂ ਜੋ ਪਿੱਛੋਂ ਮੈਨੂੰ ਤੈਨੂੰ ਬਦਦੁਆਈਂ ਨਾ ਦੇਣੀਆਂ ਪੈਣ। ਜਦੋਂ ਕਿਸੇ ਨੂੰ ਮਾਂ ਬਦਦੁਆਈਂ ਦਏ, ਓਦੋਂ ਉਹਨੂੰ ਆਪਣੇ ਲਈ ਖੱਫਣ ਦੀ ਤਿਆਰੀ ਕਰ ਛੱਡਣੀ ਚਾਹੀਦੀ ਏ।"
ਕੱਲ੍ਹ ਸਾਰਾ ਦਿਨ ਮੀਂਹ ਵਰ੍ਹਦਾ ਰਿਹਾ ਸੀ, ਤੇ ਲਿਜ਼ਾ ਦਰਿਆ ਨੂੰ ਵੱਡੀਆਂ ਨੀਲੀਆਂ ਲਹਿਰਾਂ ਰਿੜਕਦੀਆਂ ਰਹੀਆਂ ਸਨ। ਰਾਤੀਂ ਵੀ ਮੀਂਹ ਵਰ੍ਹਦਾ ਰਿਹਾ ਸੀ, ਸਵੇਰ ਸਾਰ ਕੁਝ ਘੰਟਿਆਂ ਲਈ ਨਿੱਮਲ ਹੋਇਆ ਸੀ, ਮਸਾਂ ਏਨੀ ਕੁ ਦੇਰ ਲਈ ਕਿ ਲੋਕੀਂ ਸ਼ਹਿਰੋਂ ਸੌਦਾ ਵਸਤ ਖ਼ਰੀਦ ਸਕਣ; ਤੇ ਓਦੋਂ ਹੀ ਫੇਰ ਇੱਕ ਵਾਰ ਬੱਦਲ ਜੁੜ ਆਏ ਸਨ ਤੇ ਸਾਰਾ ਦਿਨ ਛਜੀ ਖਾਰੀਂ ਮੀਂਹ ਪੈਂਦਾ ਰਿਹਾ ਸੀ।
ਮੀਤ੍ਰਿਆ, ਕੱਲਾ ਤੇ ਉਦਾਸ, ਸਲੇਟੀ ਦਿਸਹੱਦੇ ਉੱਤੇ ਨੀਝ ਲਾਈ ਬੈਠਾ ਰਿਹਾ। ਤੱਪੜਾਂ ਤੇ ਬੋਰੀਆਂ ਨਾਲ ਸਿਰ ਢੱਕ ਕੇ ਜੱਟ ਸੜਕ ਉੱਤੋਂ ਲੰਘਦੇ ਰਹੇ ਤੇ ਦੱਸਦੇ ਰਹੇ, ਦਰਿਆ ਬੜਾ ਰੋਹ ਵਿੱਚ ਸੀ।
"ਇਹ ਝੱਖੜ ਕਿਤੇ ਪੁਲ ਹੀ ਨਾ ਰੋੜ੍ਹ ਘੱਤੇ," ਇੱਕ ਨੇ ਕਿਹਾ, "ਫੇਰ ਅਸੀਂ ਆਪਣੀਆਂ ਪੈਲੀਆਂ ਤੋਂ ਕੱਟੇ ਜਾਵਾਂਗੇ।"
ਦੁਪਹਿਰ ਵੇਲ਼ੇ ਜਾ ਕੇ ਇਹ ਦੁਰਘਟਨਾ ਹੋਈ, ਸ਼ਹਿਰੋਂ ਪਰਤਦੇ ਵੱਡੇ ਸਾਰੇ ਰੇੜ੍ਹੇ ਪੁਲ ਉੱਤੇ ਆਣ ਚੜ੍ਹੇ। ਆਫਰੀਆਂ ਸ਼ੂਕਦੀਆਂ ਲਹਿਰਾਂ ਦਰਿਆ ਦੇ ਕੰਢਿਆਂ ਤੋਂ ਦਰੱਖਤਾਂ ਦੇ ਤਣੇ ਤੇ ਗੇਲੀਆਂ ਰੋੜ੍ਹ-ਰੋੜ੍ਹ ਕੇ ਪੁਲ ਦੀਆਂ ਬੁੱਢ-ਪੁਰਾਣੀਆਂ ਥੰਮੀਆਂ ਨਾਲ ਟਕਰਾਂਦੀਆਂ ਰਹੀਆਂ ਸਨ।
ਡਾਵਾਂ-ਡੋਲ ਤੇ ਬੇ-ਯਕੀਨਾ ਪੁਲ ਆਪਣੇ ਸਭਨਾਂ ਜੋੜਾਂ ਤੋਂ ਝੰਜੋੜਿਆ ਗਿਆ ਸੀ।