ਤਿੰਨਾਂ ਰੇੜ੍ਹਿਆਂ ਦੇ ਸਵਾਰਾਂ ਨੇ ਦਬਾ-ਦਬ ਚਾਬਕਾਂ ਆਪਣੇ ਘੋੜਿਆਂ ਨੂੰ ਮਾਰੀਆਂ, ਤਾਂ ਜੋ ਉਹ ਪਿੰਡ ਵਾਲ਼ੇ ਕੰਢੇ ਉੱਤੇ ਛੇਤੀ ਪੁੱਜ ਜਾਣ । ਉਹ ਪੁੱਜ ਵੀ ਗਏ, ਪਰਲੇ ਕੰਢੇ ਉੱਤੇ ਸਿਰਫ਼ ਜਾਰਡਨ ਤੇ ਆਗਾਪੀਆ ਹੀ ਰਹਿ ਗਏ।
"ਚਲਦਾ ਕਿਉਂ ਨਹੀਂ!" ਆਗਾਪੀਆ ਨੇ ਚੀਕ ਕੇ ਕਿਹਾ।
ਜਾਰਡਨ ਨੇ ਜਾਨਵਰਾਂ ਨੂੰ ਚਾਬਕ ਮਾਰੀ, ਉਹਨਾਂ ਦੇ ਵਾਹੋ ਦਾਹੀ ਨੱਠ ਉੱਠੇ ਖੁਰਾਂ ਥੱਲੇ ਪੁਲ ਦਾ ਸਾਰਾ ਢਾਂਚਾ ਟੁਕੜੇ-ਟੁਕੜੇ ਹੋ ਕੇ ਖਿਡੌਣੇ ਵਾਂਗ ਖਿੱਲਰ ਗਿਆ।
ਸ਼ਤੀਰੀਆਂ, ਬੰਦੇ, ਰੇੜ੍ਹਾ ਤੇ ਘੋੜੇ ਸਭ ਕੁਝ ਇੱਕ ਭਿਆਨਕ ਗੜਬੜ ਵਿੱਚ ਵਲ੍ਹੇਟਿਆ ਗਿਆ। ਜਿਹੜੇ ਹੁਣੇ-ਹੁਣੇ ਪੁਲ ਪਾਰ ਕਰ ਚੁੱਕੇ ਸਨ, ਉਹਨਾਂ ਡਰ ਕੇ ਚੀਕ ਮਾਰੀ, ਤੇ ਆਪਣੇ ਰੇੜ੍ਹਿਆਂ ਉੱਤੇ ਚੜ੍ਹ ਦਰਿਆ ਵੱਲ ਲਹਿੰਦੀ ਉਤਰਾਈ ਉੱਤੇ ਦੌੜ ਪਏ। ਪਿੰਡ ਦੇ ਹੋਰ ਵਾਸੀ ਵੀ ਭੱਜੇ-ਭੱਜੇ ਆਏ, ਉਹਨਾਂ ਵਿੱਚੋਂ ਇੱਕ ਕੋਲ ਇੱਕ ਵੱਡੀ ਸਾਰੀ ਤੰਗਲੀ ਸੀ, ਜਿਦ੍ਹੇ ਨਾਲ ਜਾਪਦਾ ਸੀ ਜਿਵੇਂ ਉਹ ਅਸਮਾਨ ਨੂੰ ਚੀਰ ਸੁੱਟਣਾ ਚਾਹਦਾ ਹੈ।
ਉਹਨਾਂ ਨੂੰ ਕੱਢ ਲਿਆ ਗਿਆ, ਜਾਰਡਨ ਦਾ ਸਿਰ ਚੀਥੜਿਆ ਹੋਇਆ ਸੀ, ਤੇ ਅੰਤਾਂ ਦਾ ਲਹੂ ਵਗ ਰਿਹਾ ਸੀ । ਉਹਨਾਂ ਉਹਨੂੰ ਕੰਢੇ ਉੱਤੇ ਲਿਟਾ ਦਿੱਤਾ, ਤੇ ਉਹਦੇ ਨਾਲ ਹੀ ਉਹਦੀ ਵਹੁਟੀ ਨੂੰ ਪਾ ਦਿੱਤਾ। ਉਹਦੀਆਂ ਲੱਤਾਂ ਚੀਥੜੀਆਂ ਗਈਆਂ ਸਨ, ਤੇ ਉਹਨੂੰ ਕੋਈ-ਕੋਈ ਸਾਹ ਹੀ ਆਉਂਦਾ ਸੀ।
ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਅਚਾਨਕ ਮੀੜਿਆ ਉਹਨੂੰ ਨਜ਼ਰ ਆਇਆ। ਮੁੰਡਾ ਬੜੀ ਤਰਸ-ਯੋਗ ਹਾਲਤ ਵਿੱਚ ਕੰਬ ਰਿਹਾ ਸੀ, ਉਹ ਆਪਣੇ ਹੱਥ ਮਲਦਾ ਤੇ ਉਹਦੇ ਦੰਦੋੜਿਕੇ ਵੱਜ ਰਹੇ ਸਨ।
ਇੰਜ ਜਾਪਿਆ ਜਿਵੇਂ ਆਗਾਪੀਆ ਉਹਨੂੰ ਕੁਝ ਕਹਿਣਾ ਚਾਹਦੀ ਸੀ । ਮੀਤ੍ਰਿਆ ਉਹਦੇ ਵੱਲ ਅਗਾਂਹ ਹੋ ਕੇ ਨਿਊਇਆ, ਤੇ ਵੱਡੇ-ਵੱਡੇ ਡਸਕੋਰੇ ਲੈਣ ਲੱਗਾ। ਉਹਦੀ ਮਾਂ ਨੇ ਆਪਣਾ ਖੱਬਾ ਹੱਥ ਆਪਣੇ ਗਲਮੇਂ ਵਿੱਚ ਪਾਇਆ ਤੇ ਓਥੋਂ ਦਿਲ ਦੀ ਸ਼ਕਲ ਦਾ ਬਣਿਆਂ ਇੱਕ ਬਿਸਕੁਟ ਕੱਢਿਆ, ਇਸ ਬਿਸਕੁਟ ਦੇ ਉੱਤੇ ਲਾਲ ਰੰਗ ਦੀ ਖੰਡ ਵਿੱਚ ਕੁਝ ਅੱਖਰ ਲਿਖੇ ਹੋਏ ਸਨ। ਇਹ ਕਣਕ ਤੇ ਸ਼ਹਿਦ ਦਾ ਬਣਿਆ ਦਿਲ ਪੰਘਰ ਪਿਆ ਤੇ ਇੰਜ ਜਾਪਦਾ ਸੀ ਜਿਵੇਂ ਇਸ ਵਿੱਚੋਂ ਲਹੂ ਵਗ ਰਿਹਾ ਹੋਵੇ । ਬਸ ਇੱਕ ਪਲ ਦਾ ਪਲ ਹੀ ਸੀ, ਤੇ ਉਹ ਮਰ ਗਈ। ਉਹਦੇ ਖਰ੍ਹਵੇ ਮੂੰਹ ਉੱਤੇ ਇੱਕ ਅਜੀਬ ਜਿਹੀ ਮੁਸਕਾਨ ਸੀ। ਜਾਰਡਨ ਆਪਣੀਆਂ ਕਾਲੀਆਂ ਸ਼ੀਸ਼ੇ ਵੰਨੀਆਂ ਅੱਖੀਆਂ ਨਾਲ ਬੇਕਿਰਕ ਅਸਮਾਨ ਵੱਲ ਨੀਝ ਲਾਈ ਉਹਦੇ ਨੇੜੇ ਲੇਟਿਆ ਹੋਇਆ ਸੀ।
2.
ਮਸ਼ੀਨ ਵਾਲੇ ਗ੍ਹੀਤਜਾ ਨੂੰ ਤੀਹਵਾਂ ਵਰ੍ਹਾ ਟੱਪਿਆਂ ਕੋਈ ਬਹੁਤਾ ਚਿਰ ਨਹੀਂ ਸੀ ਹੋਇਆ, ਪਰ ਉਹ ਏਦੂੰ ਵਡੇਰਾ ਲੱਗਦਾ ਸੀ। "ਮੁਸੀਬਤਾਂ, ਫ਼ਿਕਰ ” ਉਹ ਰੋਣੇ ਰੋਂਦਾ ਰਹਿੰਦਾ।