ਉਹਦੇ ਉੱਤੇ ਦਿਨੋ-ਦਿਨ ਚਰਬੀ ਚੜ੍ਹਦੀ ਜਾਂਦੀ, ਉਹਦਾ ਮੂੰਹ ਮੁਲਾਇਮ ਤੇ ਉਹਦੀਆਂ ਅੱਖਾਂ ਦੇ ਛੱਪਰ ਕੋਇਆਂ ਕੋਲੋਂ ਕੁਝ ਸੂਹੇ ਸਨ। ਉਹਦਾ ਨੱਕ ਛੇਤੀ ਹੀ ਚੂਈਕਾ (ਅਲੂਚਿਆਂ ਦੀ ਸ਼ਰਾਬ) ਬਹੁਤੀ ਪੀਣ ਕਰਕੇ ਲਾਲ ਹੋ ਗਿਆ ਸੀ। ਉਹਨੂੰ ਇਹ ਸ਼ਰਾਬ ਬੜੀ ਭਾਂਦੀ ਸੀ, ਤੇ ਉਹ ਨੇਮ ਨਾਲ ਇਹ ਪੀਂਦਾ, ਰੋਜ਼ ਸਵੇਰੇ ਇਹਦਾ ਇੱਕ ਵੱਡਾ ਗਲਾਸ।
"ਮਸ਼ੀਨੋਂ ਉੱਡਦੀ ਏਸ ਖੇਹ ਦੇ ਨਾਲ," ਉਹ ਕਹਿੰਦਾ, "ਮੈਨੂੰ ਕੁਝ ਸੰਘ ਗਿੱਲਾ ਕਰਨ ਦੀ ਵੀ ਲੋੜ ਏ— ਨਹੀਂ ਤੇ ਮੈਂ ਤਾਂ ਇੰਜਣ ਵਾਂਗ ਫੱਫ-ਫੱਫ ਕਰਨ ਲੱਗ ਪਵਾਂ।"
ਉਹਦੇ ਘਰ ਵਾਲੀ ਸਤਾਂਕਾ ਐਵੇਂ ਬੇਮਲੂਮੀ ਜਹੀ ਉਸ ਤੋਂ ਉੱਚੀ ਸੀ, ਉਹਦਾ ਪਿੰਡਾ ਲਾਲ ਤੇ ਸ਼ਾਹੀਆਂ ਵਾਲਾ ਸੀ । ਜੇ ਉਹ ਉਹਨੂੰ ਇੱਕ ਸੁਣਾਂਦਾ, ਤਾਂ ਉਹ ਅੱਗੋਂ ਦਸ ਸੁਣਾਂਦੀ। ਮਾਂ-ਪਿਉ ਦੇ ਨੜੋਏ ਉੱਤੇ ਵੀ ਉਹਦਾ ਵਤੀਰਾ ਢੁੱਕਵਾਂ ਨਹੀਂ ਸੀ। ਉਹ ਆਪਣੇ ਦਿਉਰ ਮੀਤ੍ਰਿਆ ਵੱਲ ਟੇਢੀਆਂ ਨਜ਼ਰਾਂ ਨਾਲ ਤੱਕਦੀ ਰਹੀ, ਤੇ ਫੇਰ ਗ੍ਹੀਤਜਾ ਦੇ ਕੰਨਾਂ ਵਿੱਚ ਢੇਰ ਸਾਰਾ ਚਿਰ ਕੁਝ ਕਹਿੰਦੀ ਰਹੀ। ਉਹਦੀਆਂ ਅੱਖਾਂ ਮੱਛੀ ਵਾਂਗ ਲਿਚ-ਲਿਚ ਕਰਦੀਆਂ ਸਨ।
ਮੀਤ੍ਰਿਆ ਨਾਲ ਉਹ ਖਿੜੇ ਮੱਥੇ ਕਦੇ ਨਹੀਂ ਸੀ ਕੁਈ, ਤੇ ਕਿੜ ਰੱਖਦੀ ਸੀ, ਸੋ ਮੀਤ੍ਰਿਆ ਨੇ ਦਿਲ ਹੀ ਦਿਲ ਵਿੱਚ ਏਸ ਵੇਲੇ ਉਹਨੂੰ ਗਾਲ੍ਹਾਂ ਕੱਢੀਆਂ।
ਬੁੱਢੇ-ਬੁੱਢੀ ਦੇ ਇਕੱਠ ਦੀ ਰੋਟੀ ਮਾਪਿਆਂ ਵਾਲ਼ੇ ਘਰ ਹੀ ਕੀਤੀ ਗਈ, ਗੁਆਂਢੀਆਂ ਨੇ ਖੂਬ ਖਾਧਾ, ਤੇ ਲੇੜਕੇ ਪੀਤੀ। ਮੀਤ੍ਰਿਆ ਨੂੰ ਖਾਣ-ਪੀਣ ਲਈ ਸਭ ਤੋਂ ਛੇਕੜ ਮਿਲਿਆ। ਤੇ ਓਦੋਂ ਵੀ ਉਹ ਕੁਝ ਬੁਰਕੀਆਂ, ਤੇ ਬੋਟੀ ਲੈ ਕੇ ਇੱਕ ਖੂੰਝੇ ਵਿੱਚ ਖਾਣ ਲਈ ਜਾ ਬੈਠਿਆ।
ਪਰ ਓਥੇ ਵੀ ਉਹ ਸਤਾਂਕਾ ਦੀਆਂ ਵਰਮੇਂ ਵਰਗੀਆਂ ਨਜ਼ਰਾਂ ਤੋਂ ਨਾ ਬਚਿਆ, ਤੇ ਸਤਾਂਕਾ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ।
"ਏਸ ਜ਼ਨਾਨੀ ਦੇ ਘਰ ਰਹਿੰਦਿਆਂ ਮੇਰੀ ਜਿੰਦ ਤਾਂ ਨਰਕ ਬਣ ਜਾਏਗੀ," ਮੁੰਡੇ ਨੇ ਸੋਚਿਆ। ਪਾਦਰੀ ਨੇ ਅਰਦਾਸ ਕੀਤੀ, ਤੇ ਫੇਰ ਉਹਨੇ ਸਵਰਗ ਤੇ ਨਰਕ ਦਾ ਕਿੱਸਾ ਛੇੜਿਆ: "ਜਿਹੜੇ ਸਾਡੀ ਏਸ ਦੁਨੀਆਂ ਵਿੱਚ ਨੇਕ ਹੁੰਦੇ ਹਨ, ਉਹ ਸਵਰਗ ਵਿੱਚ ਜਾਣਗੇ, ਤੇ ਪਾਪੀਆਂ ਨੂੰ ਨਰਕਾਂ ਵਿੱਚ ਤਸੀਹੇ ਭੋਗਣੇ ਪੈਣਗੇ, ਜਿੱਥੇ ਪਰਲੋ ਤੀਕ ਉਹਨਾਂ ਨੂੰ ਲੱਖਾਂ ਦੈਂਤ ਤਸੀਹੇ ਦੇਂਦੇ ਰਹਿਣਗੇ । ਸਿਰਫ਼ ਚੜ੍ਹਾਵੇ ਤੇ ਅਰਦਾਸਾਂ ਹੀ ਰੱਬ ਦੀ ਮਿਹਰ ਸਾਡੇ ਉੱਤੇ ਪੁਆ ਸਕਦੀਆਂ ਹਨ। ਗੁਨਾਹੀ ਆਣ 'ਤੇ ਭੁੱਲ ਬਖ਼ਸ਼ਾਣ, ਮਨਮੱਤੀਏ ਆਣ 'ਤੇ ਉਹਦੀ ਰਜ਼ਾ ਨੂੰ ਮੰਨ ਲੈਣ।"
"ਜੇ ਤੁਹਾਡੇ ਕੋਲ ਪੈਸਾ ਹੋਏ ਤਾਂ ਤੁਸੀਂ ਸਵਰਗ ਵਿੱਚ ਵੀ ਆਪਣੇ ਜੋਗੀ ਥਾਂ ਮੁੱਲ ਲੈ ਸਕਦੇ ਹੋ," ਮੀਤ੍ਰਿਆ ਨੇ ਗੁਟਕ ਕੇ ਆਪਣੇ ਦਿਲ ਹੀ ਦਿਲ ਵਿੱਚ ਕਿਹਾ।
"ਤੱਕਿਆ ਈ ਏਸ ਸ਼ੈਤਾਨ ਨੂੰ ਦੰਦੀਆਂ ਕੱਢਦਿਆਂ ?" ਸਤਾਂਕਾ ਨੇ ਆਪਣਾ ਤਿੱਖਾ ਮੂੰਹ ਰੋਹ ਨਾਲ ਗ੍ਹੀਤਜਾ ਵੱਲ ਕਰਦਿਆਂ ਚਿਲਕ ਕੇ ਕਿਹਾ, "ਪਾਦਰੀ ਪਵਿੱਤਰ ਚੀਜ਼ਾਂ ਦਾ ਬਖਾਨ ਕਰ ਰਿਹਾ ਸੀ, ਤੇ ਇਹ ਤੇਰਾ ਚੋਬਰ ਭੂਤਨਾ ਹੱਡ ਚੂਸੀ ਜਾ ਰਿਹਾ ਸੀ, ਮਠਿਆਈ ਖਾ ਰਿਹਾ ਸੀ, ਤੇ ਦੰਦੀਆਂ ਕੱਢ ਰਿਹਾ ਸੀ । ਮੀੜਿਆ! ਤੂੰ ਸਿੱਧਾ ਸ਼ੈਤਾਨ ਕੋਲ