ਪੁੱਜਣਾ ਏਂ।"
"ਨਹੀਂ ਉੱਕਾ ਨਹੀਂ! ਮੈਂ ਆਪਣੇ ਲਈ ਸਵਰਗ ਦੀ ਟਿਕਟ ਖ਼ਰੀਦ ਲਵਾਂਗਾ।"
"ਚੰਗਾ ਹੋਵੇ ਜੇ ਤੂੰ ਦੱਸ ਸਕੇਂ ਕਾਹਦੇ ਨਾਲ ?”
"ਮੈਂ ਕੋਈ ਸਬੀਲ ਕਰ ਹੀ ਲਵਾਂਗਾ। ਅਮੀਰ ਲੋਕੀਂ ਹਵਾਈ ਜਹਾਜ਼ ਲੈਂਦੇ ਨੇ, ਮ੍ਹਾਤੜਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਕਰਨੀ ਪੈਣੀਂ ਏਂ। ਤੇ ਜੇ ਕੋਈ ਰਾਹ ਨਾ ਹੀ ਲੱਭਾ, ਤਾਂ ਫੇਰ ਜਿੱਥੇ ਤੂੰ ਕਹਿਨੀ ਏਂ ਓਥੇ ਹੀ ਮੈਂ ਚਲਿਆ ਜਾਵਾਂਗਾ, ਤੇ ਮੇਰੀ ਜਾਚੇ ਓਥੇ ਤਾਂ ਹਰ ਹਫ਼ਤੇ ਦਾਵਤਾਂ ਉੱਡਦੀਆਂ ਨੇ, ਤੇ ਵਾਜੇ ਵੱਜਦੇ ਨੇ !"
ਉਹਦੀ ਭਾਬੀ ਨੇ ਹੱਥਾਂ ਨਾਲ ਉਹਨੂੰ ਫਿਟਕਾਰਦਿਆਂ ਕਿਹਾ, "ਸੁਣਿਆ ਈ ਇਹਦਾ ਕੁਫ਼ਰ, ਗ੍ਹੀਤਜਾ ?"
"ਆਹੋ, ਮੈਂ ਸਭ ਸੁਣ ਲਿਆ ਏ । ਪਰ ਇਹਨੂੰ ਇਹਨਾਂ ਗੱਲਾਂ ਦਾ ਕੀ ਪਤਾ ?”
ਉਹ ਗੁੱਸੇ ਨਾਲ ਆਪੇ ਤੋਂ ਬਾਹਰ ਹੋ ਗਈ ਤੇ ਉਹਨੇ ਜ਼ੋਰ-ਜ਼ੋਰ ਦੀ ਫ਼ਰਸ਼ ਉੱਤੇ ਲੱਤਾਂ ਮਾਰਦਿਆਂ ਕਿਹਾ, "ਤੈਨੂੰ ਕੁਝ ਪਤਾ ਏ ਕਿ ਨਹੀਂ। ਇੱਕ ਦਮ ਬਕ ਦੇ।"
"ਮੈਨੂੰ ਕੁਝ ਪਤਾ ਨਹੀਂ, ਤੇ ਤੂੰ ਕਿਵੇਂ ਸੋਚ ਸਕਨੀ ਏਂ ਕਿ ਮੈਨੂੰ ਕੁਝ ਪਤਾ ਹੋਵੇਗਾ। ਮੈਂ ਤਾਂ ਓਥੇ ਕਦੇ ਗਿਆ ਨਹੀਂ, ਸ਼ੈਤ ਤੂੰ ਤੇ ਗ੍ਹੀਤਜਾ ਓਥੇ ਪੈਰ ਪਾ ਆਏ ਹੋ, ਸ਼ੈਤ ਤੁਹਾਨੂੰ ਪਤਾ ਹੋਵੇ ?"
"ਪਰ ਮੂਰਖਾ ਅਸੀਂ ਵੀ ਓਥੇ ਕਦੇ ਨਹੀਂ ਗਏ।"
"ਤਾਂ ਫੇਰ ਤੁਹਾਨੂੰ ਕਿਵੇਂ ਪਤਾ ਏ ਕਿ ਸਵਰਗਾਂ ਵਿੱਚ ਕੀ ਹੁੰਦਾ ਏ ?"
"ਅਜਿਹੀ ਪੁੱਠੀ ਮੱਤ ਵਾਲੇ ਨਾਲ ਤਾਂ ਗੱਲ ਕਰਨੀ ਈ ਵੀਹਾਂ ਦਾ ਘਾਟਾ ਏ ?"
ਸਤਾਂਕਾ ਨੇ ਚੀਕ ਕੇ ਕਿਹਾ, "ਛੱਡ ਸੂ ਪਰ੍ਹਾਂ, ਗ੍ਹੀਤਜਾ । ਤੂੰ ਇਹਨੂੰ ਇੱਕ ਲਫ਼ਜ਼ ਕਹਿਨਾ ਏਂ ਤੇ ਉਹ ਅੱਗੋਂ ਛੱਤੀ ਉਲਟੀ ਕਰ ਦੇਂਦਾ ਏ । ਤੂੰ ਕਹਿਨਾ ਏਂ ਇੱਕ ਸ਼ੈ ਦੁੱਧ ਚਿੱਟੀ ਏ, ਉਹ ਕਹਿੰਦਾ ਏ ਨਹੀਂ ਕਾਲੀ ਚੁੱਟ ਏ।"
"ਪਰ ਬਹੁਤਾ ਤਾਂ ਇੰਜ ਜਾਪਦਾ ਏ ਕਿ ਇਹਦਾ ਰੰਗ ਕੋਈ ਨਹੀਂ-ਸਿਰਫ਼ ਖੱਟਾ ਕੁਸੈਲਾ ਜਿਹਾ ਸੁਆਦ ਏ," ਮੀਤ੍ਰਿਆ ਨੇ ਅੱਗੋਂ ਸੁਣਾਈਂ।
"ਇੰਜ ਕਲਾਮ ਕਰਨਾ ਏਂ ਤੂੰ ਮੇਰੇ ਨਾਲ ?”
"ਮੈਂ ਦੁਨੀਆਂ ਵਿੱਚ ਕੱਲਾ-ਕਾਰਾ ਰਹਿ ਜਾਣ ਕਰਕੇ ਬੜਾ ਦੁਖੀ ਆਂ।"
"ਏਸੇ ਲਈ ਤੂੰ ਏਨਾ ਗੁਸਤਾਖ਼ ਬੋਲਣਾ ਏਂ?.. ਤੇ ਫੇਰ ਵੀ ਤੂੰ ਚਾਹਨਾ ਏਂ ਕਿ ਮੈਂ ਤੈਨੂੰ ਨੁਹਾਵਾਂ ਧੁਆਵਾਂ, ਤੈਨੂੰ ਕੱਪੜੇ ਪੁਆਵਾਂ ਤੇ ਤੈਨੂੰ ਖਾਣ ਨੂੰ ਦਿਆਂ ? ਤੂੰ ਨਿਰਾ ਕੋਹੜ ਏਂ। ਮੇਰੇ ਆਪਣੇ ਨਿਆਣੇ ਈ ਕਾਫ਼ੀ ਨੇ। ਮੈਨੂੰ ਨਹੀਂ ਤੇਰੀ ਲੋੜ। ਮੇਰੀਆਂ ਧੀਆਂ ਤੇਰੇ ਹਾਣ ਦੀਆਂ ਨੇ, ਪਿੱਛੋਂ ਕੋਈ ਗੱਲ ਨਿੱਕਲ ਜਾਂਦੀ ਏ । ਮੈਨੂੰ ਆਪਣੀ ਮੁਟਿਆਰ ਭੈਣ ਦੀ ਵੀ ਰਾਖੀ ਕਰਨੀ ਪੈਣੀ ਏਂ ।... ਜੋ ਵੀ ਏ, ਅਸੀਂ ਬੜੇ ਸਾਰੇ ਹਾਂ ਆਪਣੇ ਘਰ, ਤੇ ਸਾਡਾ ਮੇਜ਼ ਏਨਾ ਵੱਡਾ ਨਹੀਂ ।"
ਮੀਤ੍ਰਿਆ ਨੇ ਹਉਕਾ ਭਰਿਆ।