"ਏਧਰ ਵੇਖ," ਮਸ਼ੀਨ ਵਾਲੇ ਨੇ ਆਪਣਾ ਨੱਕ ਮਲਦਿਆਂ ਕਿਹਾ, "ਮੈਨੂੰ ਤੇਰੇ ਉੱਤੇ ਬੜਾ ਤਰਸ ਆਉਂਦਾ ਏ - ਅਖ਼ੀਰ ਤੂੰ ਮੇਰਾ ਭਰਾ ਏਂ।... ਤੇ ਤੂੰ ਹੁਣ ਬਹੁਤਾ ਨਾ ਚਪੜ-ਚਪੜ ਕਰ, ਸਤਾਂਕਾ, ਤੈਨੂੰ ਚੁੱਪ ਕਰ ਕੇ ਮੇਰਾ ਫ਼ੈਸਲਾ ਸੁਣਨਾ ਪਵੇਗਾ।"
"ਜੇ ਇਹ ਚੰਗਾ ਏ, ਗ੍ਹੀਤਜਾ - ਤਾਂ ਮੈਂ ਸੁਣ ਲਵਾਂਗੀ। ਤੇ ਜੇ ਇਹ ਨਹੀਂ, ਤਾਂ ਫੇਰ ਮੈਂ ਕੰਨ ਨਹੀਂ ਧਰਨਾ ।"
"ਮੈਂ ਤੈਨੂੰ ਕਹਿਨਾਂ ਵਾਂ— ਤੈਨੂੰ ਸੁਣਨਾ ਪਵੇਗਾ," ਮਸ਼ੀਨ ਵਾਲੇ ਨੇ ਜ਼ੋਰ-ਜ਼ੋਰ ਦੀ ਜ਼ਮੀਨ ਉੱਤੇ ਲੱਤਾਂ ਮਾਰ ਕੇ ਕਿਹਾ।
"ਚੰਗਾ ਫੇਰ, ਗ੍ਹੀਤਜਾ, ਤੈਨੂੰ ਪਤਾ ਈ ਏ ਮੈਂ ਇੱਕ ਸ਼ਰਤ ਉੱਤੇ ਹਰ ਵਾਰ ਸੁਣ ਲੈਨੀ ਹੁੰਨੀ ਆਂ— ਜੇ ਤੂੰ ਮੇਰੇ ਹੱਕ ਚੰਗੀ ਤਰ੍ਹਾਂ ਪੂਰੇਂ।"
"ਮੈਂ ਹਰ ਇੱਕ ਦੇ ਹੱਕ ਪੂਰਾਂਗਾ।"
"ਇੰਜ ਸੋਚ ਰਿਹਾ ਏਂ ਤੂੰ।”
"ਜੋ ਠੀਕ ਤੇ ਹੱਕੀ ਏ ਉਹੀ ਮੈਂ ਕਰਾਂਗਾ, ਤੇ ਹੁਣ ਤੂੰ ਆਪਣੀ ਬਕ ਬਕ ਬੰਦ ਕਰ।”
"ਜੇ ਇੰਜ ਹੀ ਏ, ਤਾਂ ਫੇਰ ਮੈਂ ਚੁੱਪ ਕਰ ਜਾਨੀ ਆਂ। ਮੈਨੂੰ ਏਸ ਗੁਰ ਦਾ ਪਤਾ ਏ: ਜਦੋਂ ਬੰਦਾ ਬੋਲਦਾ ਹੋਏ ਤਾਂ ਤੀਵੀਂ ਨੂੰ ਚੁੱਪ ਕਰ ਕੇ ਸੁਣਨਾ ਪੈਂਦਾ ਏ। ਪਰ ਗ੍ਹੀਤਜਾ, ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਏ ਕਿ ਜਿਸ ਮਾਮਲੇ ਬਾਰੇ ਅਸੀਂ ਝਗੜ ਰਹੇ ਹਾਂ, ਉਸ ਬਾਰੇ ਮੈਂ ਆਪਣੀ ਪੂਰੀ ਗੱਲ ਹਾਲੀ ਨਹੀਂ ਮੁਕਾਈ। ਏਸ ਨਿੱਕੇ ਜਿਹੇ ਮਸ਼ੀਨ ਲਾਗੇ ਦੇ ਕੋਠੇ ਵਿੱਚ ਅਸੀਂ ਇੱਕ ਦੂਜੇ ਉੱਤੇ ਤੂੜੇ ਪਏ ਆਂ। ਸਾਨੂੰ ਹੋਰ ਥਾਂ ਦੀ ਲੋੜ ਏ, ਓਥੇ ਸਾਡਾ ਸਾਰਿਆਂ ਦਾ ਨਿਭਾ ਨਹੀਂ ਹੋਣਾ; ਸੋ ਅਸੀਂ ਬੁੱਢੀ-ਬੁੱਢੇ ਦੇ ਘਰ ਆਣ ਰਹੀਏ, ਏਥੇ ਆਪਣੇ ਮਾਲ-ਡੰਗਰ ਲਈ ਸਾਡੇ ਕੋਲ ਕੁੜ ਵੀ ਹੋ ਜਾਏਗੀ, ਤੇ ਪਿੱਛੇ ਬਾਗ਼ ਵਿੱਚ ਫਲਾਂ ਦੇ ਬੂਟੇ ਵੀ ਨੇ... ਤੈਨੂੰ ਚੇਤੇ ਹੋਣਾ ਏਂ, ਮੇਰੀ ਸੱਸ ਵਿਚਾਰੀ ਰੋਣੇ ਰੋਂਦੀ ਹੁੰਦੀ ਸੀ ਕਿ ਇਹ ਕੁਲਹਿਣਾ ਕਪੁੱਤਰ ਉਹਦੇ ਸਾਰੇ ਗਲਾਸ ਤੇ ਅਲੂਚੇ ਉਡਾ ਲੈਂਦਾ ਏ!"
"ਤੂੰ ਚੁੱਪ ਕਰਨੀ ਏਂ ਕਿ ਨਹੀਂ ?" ਆਪਣੇ ਹਿੱਸੇ ਦੀ ਪੂਰੀ ਸ਼ਰਾਬ ਪੀ ਕੇ ਗਰਮ ਹੋ ਕੇ ਗ੍ਹੀਤਜਾ ਗੱਜਿਆ, "ਮੈਂ ਇਹ ਸਭ ਕੁਝ ਹੁਣ ਤੱਕ ਚੰਗੀ ਤਰ੍ਹਾਂ ਸੋਚ ਵਿਚਾਰ ਲਿਆ ਏ, ਸਮਝ ਆਈ ? ਮੈਨੂੰ ਤੇਰੀ ਸਿੱਖਿਆ ਦੀ ਮੁਥਾਜੀ ਨਹੀਂ ਪਈ । ਮੈਂ ਫ਼ੈਸਲਾ ਕੀਤਾ ਏ ਕਿ ਅਸੀਂ ਸਾਰੇ ਏਸ ਘਰ ਆ ਰਹੀਏ। ਮਸ਼ੀਨ ਉੱਤੇ ਅਸੀਂ ਬਹੁਤ ਸਾਰੇ ਆਂ, ਤੇ ਇੱਕ ਹੋਰ ਲਈ ਤਾਂ ਸਾਡੇ ਕੋਲ ਓਥੇ ਉੱਕਾ ਕੋਈ ਥਾਂ ਨਹੀਂ, ਤੇ ਅਸੀਂ ਉਹਨੂੰ ਮਾਪਿਆਂ ਵਾਲ਼ੇ ਘਰ ਵੀ ਨਹੀਂ ਛੱਡ ਸਕਦੇ ਕਿਉਂਕਿ ਏਥੇ ਅਸੀਂ ਆਪ ਵਸਣਾ ਏਂ । ਸੋ ਸਾਨੂੰ ਬੜੀ ਚੰਗੀ ਤਰ੍ਹਾਂ ਗਿਣ ਗੱਟ ਲੈਣਾ ਚਾਹੀਦਾ ਏ ਕਿ ਅਸੀਂ ਉਹਦਾ ਕੀ ਬੰਦੋਬਸਤ ਕਰੀਏ! ਠੀਕ ਏ ਨਾ ?"
ਮੀਤ੍ਰਿਆ ਨੇ ਲਸੂਵੀਂ ਨਜ਼ਰ ਨਾਲ ਉਹਨਾਂ ਦੋਵਾਂ ਨੂੰ ਤੱਕਿਆ, ਤੇ ਅਡੋਲ ਹੀ ਕਿਹਾ, "ਮੇਰਾ ਵੀ ਜੱਦੀ ਭੋਂ ਵਿੱਚ ਓਨਾ ਹੀ ਹਿੱਸਾ ਏ, ਜਿੰਨਾ ਤੁਹਾਡਾ।"
"ਹਾ-ਹਾ," ਮਸ਼ੀਨ ਵਾਲਾ ਵਿਹੁਲਾ ਹਾਸਾ ਹੱਸਿਆ, "ਤੇਰਾ ਹਿੱਸਾ ਤੇਰਾ ਏ,