ਇਹ ਤਾਂ ਗੱਲ ਸਾਫ਼ ਏ! ਪਰ ਤੂੰ ਉਹਦਾ ਅਚਾਰ ਪਾਣਾ ਏਂ? ਕੀ ਕਰੇਂਗਾ-ਤੇਰੇ ਕੋਲ ਉਸ ਉੱਤੇ ਕੰਮ ਤੋਰਨ ਲਈ ਇੱਕ ਜੂੰ ਵੀ ਨਹੀਂ, ਨਾਲੇ ਤੂੰ ਹਾਲੀ ਅਸਲੋਂ ਕਮਉਮਰਾ ਏਂ । ਜਦੋਂ ਤੂੰ ਗੱਭਰੂ ਹੋਣ ਉੱਤੇ ਫ਼ੌਜ ਦੀ ਲਾਜ਼ਮੀ ਨੌਕਰੀ ਪੂਰੀ ਕਰ ਆਏਂਗਾ, ਓਦੋਂ ਤੇਰਾ ਹਿੱਸਾ ਮੈਂ ਤੈਨੂੰ ਉਵੇਂ ਦਾ ਉਵੇਂ ਮੋੜ ਦਿਆਂਗਾ । ਹੁਣ ਤੋਂ ਓਦੋਂ ਤੀਕ, ਮੈਂ ਸਾਰੀ ਤੋਂ ਦੀ ਵਾਹੀ ਕਰਾਂਗਾ।"
“ਪਰ ਭੋਂ ਫ਼ਸਲ ਦਏਗੀ, ਉਹਦੇ 'ਚੋਂ ਮੇਰਾ ਹਿੱਸਾ ?"
"ਹਲਾ-ਤੂੰ ਤਾਂ ਆਪਣੀ ਗੰਢ ਦਾ ਬੜਾ ਪੱਕਾ ਏਂ।”
"ਜੋ ਮੇਰੇ ਹਿੱਸੇ ਆਏਗਾ, ਉਹਦੇ ਨਾਲ ਮੈਂ ਆਪਣੀ ਪੜ੍ਹਾਈ ਦਾ ਖ਼ਰਚਾ ਤੋਰਨਾ ਚਾਹਦਾ ਆਂ—ਮੈਂ ਪੜ੍ਹਾਈ ਕਰਨੀ ਏਂ।"
ਸਤਾਂਕਾ ਇੰਜ ਬੁੜ੍ਹਕੀ ਜਿਵੇਂ ਕਿਸੇ ਬਲ਼ਦਾ-ਬਲ਼ਦਾ ਚੋਅ ਉਹਨੂੰ ਛੁਹਾ ਦਿੱਤਾ ਹੋਏ, "ਇਹ ਮੁੰਡਾ ਤਾਂ ਸਾਡੀਆਂ ਬੇੜੀਆਂ ਵਿੱਚ ਵੱਟੇ ਪਾ ਕੇ ਹੀ ਸਬਰ ਕਰੇਗਾ।"
“ਚੁੱਪ ਹੋ, ਤੂੰ ਨਾ ਆਪਣੀ ਮਾਰ! ਮੈਨੂੰ ਗੱਲ ਕਰ ਲੈਣ ਦੇ।" ਤੇ ਫੇਰ ਉਹਨੇ ਮੀਤ੍ਰਿਆ ਵੱਲ ਮੂੰਹ ਕਰਕੇ ਕਿਹਾ, "ਏਧਰ ਵੇਖ, ਓਇ ਨਿਕੰਮਿਆ। ਸਾਡੇ ਪਿਉ ਨੂੰ ਕਿਤੇ ਪੜ੍ਹਣਾ ਲਿਖਣਾ ਆਉਂਦਾ ਸੀ । ਉਹਨੇ ਮੈਨੂੰ ਵੀ ਕਦੇ ਸਕੂਲੇ ਨਾ ਪਾਇਆ। ਤੇ ਅਨਪੜ੍ਹਤਾ ਨੇ ਉਹਦੀ ਚੰਗਿਆਈ ਨੂੰ ਕੁਝ ਵੱਟਾ ਤਾਂ ਨਹੀਂ ਲਾਇਆ, ਤੇ ਜਿੱਥੋਂ ਤੱਕ ਮੇਰਾ ਤਅੱਲਕ ਏ, ਮੈਨੂੰ ਤੱਕ ਕੇ ਹੀ ਤੇਰੀ ਤਸੱਲੀ ਹੋ ਜਾਏਗੀ। ਤੂੰ ਸੋਚਿਆ ਵੀ ਏ ਮੈਂ ਤੇਰੇ ਰਹਿਣ-ਸਹਿਣ, ਤੇਰੇ ਕੱਪੜਿਆਂ, ਕਿਤਾਬਾਂ ਤੇ ਹੋਰ ਸ਼ੈਆਂ ਜਿਹੜੀਆਂ ਤੈਨੂੰ ਸਕੂਲੇ ਲੋੜ ਪੈਣਗੀਆਂ— ਉਹਨਾਂ ਦਾ ਖ਼ਰਚਾ ਕਿੱਥੋਂ ਪੂਰਾਂਗਾ?"
"ਤਾਂ ਫੇਰ ਮੈਂ ਕੀ ਬਣਾਂਗਾ ? ਸ਼ੈਤ ਮੰਗਤਾ!"
"ਸੁਣ ਮੀਤ੍ਰਿਆ ! ਤੂੰ ਹੋਰ ਹੁਣ ਬਹੁਤਾ ਚਿਰ ਆਪਣੀ ਭੈੜੀ ਬੂਥੀ ਨਾਲ ਸਾਡੀਆਂ ਅੱਖਾਂ ਨੂੰ ਨਹੀਂ ਸਤਾਂਦਾ ਰਹੇਂਗਾ। ਇਹ ਤੇ ਤੇਰਾ ਵਸਬ ਏ-ਜਿਵੇਂ ਮਾਂ ਕਹਿੰਦੀ ਹੁੰਦੀ ਸੀ । ਤੈਨੂੰ ਭਾਵੇਂ ਕੁਝ ਵੀ ਹੋਵੇ, ਹਰ ਗੱਲ ਵਿੱਚ ਹੁਣ ਮੇਰੀ ਮੰਨਣੀ ਪੈਣੀ ਏਂ, ਕਿਉਂਕਿ ਮੈਂ ਤੇਰਾ ਵੱਡਾ ਭਰਾ ਵਾਂ ਤੇ ਘਰ ਦਾ ਮਾਲਕ । ਮੈਂ ਏਸ ਬਾਰੇ ਕੁਝ ਚਿਰ ਹੋਰ ਸੋਚਾਂਗਾ, ਤੇ ਫੇਰ ਸਭ ਨਜਿੱਠਿਆ ਜਾਵੇਗਾ।"
ਮੀਤ੍ਰਿਆ ਚੁੱਪ ਸੀ। ਉਹਦੀਆਂ ਅੱਖਾਂ ਵਿੱਚੋਂ ਅੱਥਰੂ ਫਰਨ-ਫਰਨ ਵਹਿ ਤੁਰੇ, ਤੇ ਦੋ ਨਦੀਆਂ ਜਹੀਆਂ ਬਣ ਕੇ ਉਹਦੀ ਕਮੀਜ਼ ਦੇ ਗਲਮੇਂ ਉੱਤੇ ਡਿੱਗ ਰਹੀਆਂ ਸਨ। ਅਚਨਚੇਤ ਉਹਨੇ ਕੰਧ ਵੱਲ ਮੂੰਹ ਕਰ ਲਿਆ। ਉਹਨੇ ਉੱਚੀ ਸਾਰੀ ਡਸਕੋਰਾ ਲੈ ਕੇ ਆਪਣੇ ਉੱਤੇ ਕਾਬੂ ਪਾਣਾ ਚਾਹਿਆ, ਪਰ ਬੇਵਸ ਹੋ ਕੇ ਉਹਦੀਆਂ ਭੁੱਬਾਂ ਨਿੱਕਲ ਗਈਆਂ। ਕੁਝ ਕੁ ਚਿਰ ਪਿੱਛੋਂ ਉਹਨੇ ਕੰਧ ਵੱਲੋਂ ਮੂੰਹ ਮੋੜ ਲਿਆ, ਪਰ ਨੀਵੀਂ ਪਾਈ ਰੱਖੀ।
"ਸੱਚੀਂ-ਮੈਨੂੰ ਤੇਰੇ 'ਤੇ ਬੜਾ ਤਰਸ ਆਉਂਦਾ ਏ।" ਜ਼ਨਾਨੀ ਨੇ ਹਉਂਕਾ ਭਰ ਕੇ ਕਿਹਾ।
ਮੀਤ੍ਰਿਆ ਨੇ ਦੰਦ ਪੀਂਹਦਿਆਂ ਬੜੀ ਕੌੜ ਨਾਲ ਵੇਖ ਕੇ ਕਿਹਾ, "ਜੇ ਮੈਂ ਡਾਕੂ ਬਣ ਗਿਆ, ਤਾਂ ਸਾਰਾ ਕਸੂਰ ਮੇਰੇ ਭਰਾ ਦਾ ਹੀ ਹੋਏਗਾ!"