"ਹੂੰ...," ਮਸ਼ੀਨ ਵਾਲਾ ਉਹਦੇ ਵੱਲ ਲਪਕ ਕੇ ਗੱਜਿਆ, "ਮੈਂ ਤੈਨੂੰ ਚੰਗੀ ਤਰ੍ਹਾਂ ਦੱਸਾਂਗਾ। ਮੈਂ ਤੇਰੀ ਇੱਕ-ਇੱਕ ਹੱਡੀ ਤੋੜ ਦਿਆਂਗਾ।' ਆਪਣੇ ਰੋਹ ਦੇ ਵੇਗ ਵਿੱਚ ਉਹਨੇ ਉਹਨੂੰ ਵਾਲਾਂ ਤੋਂ ਫੜ ਲਿਆ, ਉਹਦੀਆਂ ਅੱਖਾਂ ਚੰਡਾਲ-ਰੂਪ ਹੋਈਆਂ ਤੇਜ਼-ਤੇਜ਼ ਘੁੰਮ ਰਹੀਆਂ ਸਨ, ਤੇ ਉਹਦੇ ਮੂੰਹ ਵਿੱਚੋਂ ਝੱਗ ਵਗ ਰਹੀ ਸੀ।
ਸਹੇ ਵਾਂਗ ਛੁਹਲਾ, ਮੀਤ੍ਰਿਆ ਆਪਣੇ ਪਿੱਛੇ ਕਾੜ ਬੂਹਾ ਮਾਰ ਕੇ ਘਰੋਂ ਬਾਹਰ ਨੱਸ ਗਿਆ । ਗ੍ਹੀਤਜਾ ਜਦੋਂ ਉਹਦੇ ਮਗਰ ਹੋਇਆ ਤਾਂ ਉਹਦਾ ਮੱਥਾ ਏਸ ਬੂਹੇ ਨਾਲ ਵੱਜਾ।
"ਮੈਂ ਤੈਨੂੰ ਹਜ਼ਾਰ ਟੁਕੜਿਆਂ ਵਿੱਚ ਦਰੜ ਕੇ ਬਰੀਕ ਪੀਹ ਛੱਡਾਂਗਾ, ਤੇ ਬੇਲਚੇ ਵਿੱਚ ਪਾ ਕੇ ਤੈਨੂੰ ਚੁੱਕਾਂਗਾ!"
ਉਹਨੇ ਬੂਹਾ ਏਨੇ ਜ਼ੋਰ ਦੀ ਖੋਲ੍ਹਿਆ ਤੇ ਕਾੜ ਕਰਕੇ ਬੰਦ ਕੀਤਾ ਕਿ ਸਾਰੇ ਕਬਜ਼ੇ ਹਿੱਲ ਗਏ, ਤੇ ਉਹ ਖੱਬੇ ਹੱਥ ਨਾਲ ਨੀਵੀਂ ਪਾਈ ਝਰੀਟਿਆ ਮੱਥਾ ਮਲ਼ਦਾ, ਭਾਰੇ-ਭਾਰੇ ਪੈਰਾਂ ਨਾਲ ਲੜਖੜਾਂਦਾ ਬਾਹਰ ਨੂੰ ਭੱਜ ਪਿਆ। ਉਹਨੇ ਇੱਕ ਨੁੱਕਰੇ ਪਿਆ ਡੰਡਾ ਆਪਣੇ ਸੱਜੇ ਹੱਥ ਵਿੱਚ ਕਸ ਕੇ ਫੜਿਆ ਹੋਇਆ ਸੀ । ਉਹਨੂੰ ਠਾਕਣ ਵਾਲਾ ਹੁਣ ਓਥੇ ਕੋਈ ਨਹੀਂ ਸੀ ਰਿਹਾ: ਸਾਰੇ ਪ੍ਰਾਹੁਣੇ ਆਪੋ ਆਪਣੇ ਘਰੀਂ ਜਾ ਚੁੱਕੇ ਸਨ।
ਬਾਹਰ, ਮੀਤ੍ਰਿਆ ਅਸਤਬਲ ਦੇ ਏਨੀ ਨੇੜੇ ਬੈਠਾ ਸੀ ਕਿ ਉਹ ਘੋੜਿਆਂ ਦੇ ਸਾਹ ਸੁਣ ਸਕਦਾ ਸੀ।
ਉਹਨੇ ਇੱਕ ਲੋਹੇ ਦੇ ਦੰਦਿਆਂ ਵਾਲੀ ਤੰਗਲੀ ਨਾਲ ਸੱਜਰੇ ਕੱਟੇ ਘਾਹ ਦੀ ਢੇਰੀ ਨੂੰ ਫਰੋਲਿਆ । ਜਦੋਂ ਉਹਨੇ ਤੱਕਿਆ ਕਿ ਇੰਜ ਆਪੇ ਤੋਂ ਬਾਹਰਾ ਹੋਇਆ ਤੇ ਚੰਡਾਲ-ਅੱਖਾਂ ਨਾਲ ਘੂਰਦਾ ਗ੍ਹੀਤਜਾ ਉਹਦੇ ਵੱਲ ਆ ਰਿਹਾ ਹੈ ਤਾਂ ਮੀਤ੍ਰਿਆ ਨੇ ਪਹਿਲਾਂ ਹਵਾ ਵਿੱਚ ਤੰਗਲੀ ਉਘਾਰੀ ਤੇ ਫੇਰ ਹੈਰਾਨ ਹੋ ਕੇ ਗ੍ਹੀਤਜਾ ਵੱਲ ਟਿਕਟਿਕੀ ਬੰਨ੍ਹ ਕੇ ਖੜੋ ਗਿਆ।
ਮਸ਼ੀਨ ਵਾਲਾ ਠਿਠਕ ਕੇ ਰੁਕ ਗਿਆ, ਲਗਾਮ-ਖਿੱਚੇ ਘੋੜੇ ਵਾਂਗ ਹੌਂਕਦਾ ਤੇ ਨਾਸਾਂ ਫੁਲਾਉਂਦਾ। ਉਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਭਰਾ ਨੂੰ ਘੋਖਿਆ, ਤੇ ਫੇਰ ਪੈਰਾਂ ਤੋਂ ਲੈ ਕੇ ਸਿਰ ਤੱਕ, ਫੇਰ ਉਹਨੇ ਇੱਕ ਨਜ਼ਰ ਤੰਗਲੀ ਦੇ ਲਿਸ਼ਕਦੇ ਦੰਦਿਆਂ ਵੱਲ ਮਾਰੀ। ਏਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਚੌੜੀ ਹਿੱਕ ਤੇ ਮੁਹਰਲੇ ਮੋਢਿਆਂ ਵਾਲਾ ਇਹ ਮੁੰਡਾ ਉਸ ਤੋਂ ਕਿਤੇ ਤਕੜਾ ਸੀ!
"ਆ ਛੱਡੀਏ ਇਹ ਮੂਰਖ ਮਸਖਰੀਆਂ," ਉਹਨੇ ਵਾਜ ਵਟਾ ਕੇ ਥਥਲਾਂਦਿਆਂ ਜਿਹਾਂ ਕਿਹਾ। ਉਹਨੇ ਮੁਸਕਰਾਣਾ ਚਾਹਿਆ, ਪਰ ਉਹਦਾ ਮੂੰਹ ਸਿਰਫ਼ ਇੰਜ ਖੁੱਲ੍ਹ ਸਕਿਆ ਕਿ ਉਹਦੇ ਲਾਲ ਮਸੂੜੇ ਤੇ ਕਾਲੀਆਂ ਦਾੜ੍ਹਾਂ ਨੰਗੀਆਂ ਹੋ ਗਈਆਂ।
ਸਤਾਂਕਾ ਵੀ ਬਾਹਰ ਭੱਜ ਆਈ ਸੀ । ਸਾਹੋ-ਸਾਹ ਹੋਈ ਤੇ ਖਿਲਰੇ ਵਾਲਾਂ ਨਾਲ ਉਹ ਆਪਣੇ ਪਤੀ ਤੋਂ ਅਗਾਂਹ ਜਾ ਕੁੱਦੀ ਤੇ ਉਹਦੇ ਹੱਥੋਂ ਉਹਨੇ ਸੋਟੀ ਖੋਹ ਲਈ।
"ਗ੍ਹੀਤਜਾ, ਗ੍ਹੀਤਜਾ! ਮੁੰਡੇ ਨੂੰ ਕੱਲਿਆਂ ਛੱਡ ਦੇ, ਤੇ ਠੰਢਾ ਹੋ।"
"ਮੈਂ ਇਹਨੂੰ ਕੱਲਾ ਹੀ ਛੱਡਣ ਲੱਗਾ ਵਾਂ,” ਉਹ ਬੋਲਿਆ, "ਪਰ ਇਹ ਹੁਣ ਹੋਰ ਮੈਨੂੰ ਸਤਾਏ ਨਾ । ਮੇਰਾ ਦਿਲ ਤੇ ਜਿਗਰ ਅੱਗੇ ਹੀ ਬੜਾ ਕਮਜ਼ੋਰ ਏ ਤੇ ਜੇ ਕਿਸੇ ਮੈਨੂੰ ਇੰਜ