ਭਖਾਇਆ, ਤਾਂ ਮੈਨੂੰ ਦੌਰਾ ਪੈ ਜਾਏਗਾ।"
"ਜਦੋਂ ਤੱਕ ਅਸੀਂ ਬੰਦੋਬਸਤ ਨਹੀਂ ਕਰ ਲੈਂਦੇ, ਮੀਤ੍ਰਿਆ ਏਥੇ ਹੀ ਰਹਿ ਲਏ ਤੇ ਮਾਲ ਤੇ ਕੁਕੜੀਆਂ ਦੀ ਸਾਂਭ ਕਰੇ," ਜ਼ਨਾਨੀ ਨੇ ਤਰਲਾ ਕੀਤਾ, "ਮੈਂ ਉਹਨੂੰ ਆਪਣੇ ਘਰੋਂ ਮਸ਼ੀਨ ਤੋਂ ਹੀ ਰੋਟੀ ਪਕਾ ਭੇਜਿਆ ਕਰਾਂਗੀ, ਇੰਜ ਉਹ ਠੀਕ-ਠਾਕ ਰਹੇਗਾ। ਕਿਉਂ, ਮੀਤ੍ਰਿਆ ?"
ਮੀਤ੍ਰਿਆ ਅੱਗੋਂ ਨਾ ਬੋਲਿਆ, ਪਰ ਉਹਨਾਂ ਦੋਵਾਂ ਵੱਲ ਬੜੀ ਖਰ੍ਹਵੀ ਨਜ਼ਰ ਨਾਲ ਤੱਕਦਾ ਰਿਹਾ। ਜ਼ਨਾਨੀ ਨੂੰ ਸਮਝ ਆ ਗਿਆ ਕਿ ਉਹ ਬੜੇ ਖ਼ਤਰੇ ਵਿੱਚ ਘਿਰੇ ਹੋਏ ਸਨ।
ਉਹਨੇ ਹੌਲ਼ੀ ਜਹੀ ਉਹਦੇ ਕੰਨਾਂ ਵਿੱਚ ਕਿਹਾ, "ਹੁਣ ਕਿਵੇਂ ਕਰੇਂਗਾ, ਗ੍ਹੀਤਜਾ?"
"ਮੈਨੂੰ ਨਹੀਂ ਪਤਾ। ਮੈਂ ਤੱਕਾਂਗਾ," ਮਸ਼ੀਨ ਵਾਲਾ ਬੋਲਿਆ, "ਮੈਂ ਉਹਨੂੰ ਨਵੇਂ ਕੱਪੜੇ ਤੇ ਬੂਟ ਲਿਆ ਦਿਆਂਗਾ। ਮੈਂ ਜਾ ਕੇ ਕ੍ਰਿਸਤੀਆ ਸਾਹਿਬ ਨਾਲ ਗੱਲ ਚਲਾਵਾਂਗਾ, ਸ਼ੈਤ ਉਹ ਆਪਣੀ ਜਗੀਰ 'ਤੇ ਇਹਨੂੰ ਕਿਸੇ ਕੰਮ ਲਾ ਲੈਣ।"
ਮੀਤ੍ਰਿਆ ਨੇ ਸਿਰ ਹਿਲਾ ਕੇ ਹਾਮੀ ਭਰੀ, ਗ੍ਹੀਤਜਾ ਭਰੜਾਇਆ ਹੋਇਆ ਹਾਸਾ ਹੱਸਿਆ, "ਇੰਜ ਤੇਰੇ ਲਈ ਠੀਕ ਰਹੇਗਾ ?"
“ਹਾਂ”
ਜਦੋਂ ਉਹ ਆਪਣੇ ਘਰ ਵੱਲ ਜਾਂਦੀ ਸੜਕ ਉੱਤੇ ਸਨ, ਤਾਂ ਮਸ਼ੀਨ ਵਾਲ਼ੇ ਨੇ ਆਪਣੀ ਵਹੁਟੀ ਨੂੰ ਕਿਹਾ "ਅਸੀਂ ਉਸ ਤੋਂ ਖਹਿੜਾ ਛੁਡਾ ਲਵਾਂਗੇ। ਜਗੀਰ ਉੱਤੇ ਉਹਨੂੰ ਬੁੱਢੇ ਮਾਲਕ ਨਾਲ ਗੁਜ਼ਰ ਕਰਨੀ ਪਊ, ਤੇ ਉਹ ਤੇ ਆਪ ਸ਼ੈਤਾਨ ਦਾ ਰੂਪ ਏ। ਕ੍ਰਿਸਤੀਆ ਸਾਹਿਬ ਆਪਣੀ ਬੰਦੂਕ ਦੀਆਂ ਗੋਲੀਆਂ ਨਾਲ ਉਹਦਾ ਚੰਗਾ ਖ਼ਿਆਲ ਰੱਖੂ।"
"ਮੈਨੂੰ ਤਾਂ ਤੇਰੀ ਜਾਨ ਦੇ ਲਾਲੇ ਪੈ ਗਏ ਸਨ," ਸਤਾਂਕਾ ਨੇ ਸ਼ੁਕਰ ਕਰਦਿਆਂ ਕਿਹਾ।
"ਡਰ ਗਈ ਮੈਂ ? ਹੁਣ ਪਤਾ ਲੱਗਾ ਈ ਉਹਦੇ ਨਾਲ ਇੰਜ ਵਰਤਣਾ ਚਾਹੀਦਾ ਏ। ਉਹ ਬਾਪੂ ਵਾਂਗ ਝੱਟ ਹੀ ਗੱਲ ਵਿੱਚ ਆ ਜਾਂਦਾ ਏ, ਪਰ ਮਾਂ ਵਾਂਗ ਤੇਜ਼-ਤਬੀਅਤ ਵੀ ਏ । ਹੁਣ ਤੋਂ ਮੈਨੂੰ ਪਤਾ ਲੱਗ ਗਿਆ ਏ, ਜਿਵੇਂ ਚਾਹਵਾਂਗਾ ਮੈਂ ਉਹਦੀ ਨਕੇਲ ਮੋੜ ਲਾਂਗਾ। ਇਹ ਕੋਈ ਔਖਾ ਨਹੀਂ, ਬਸ ਪਤਿਆ ਕੇ ਤੁਸਾਂ ਉਹਦਾ ਮੂੰਹ ਪਾਣੀ ਤੱਕ ਲਿਜਾਣਾ ਏ, ਤੇ ਸਭ ਕੰਮ ਪਾਰ। ਪਹਿਲਾਂ ਮੈਂ ਉਹਦੇ ਲਈ ਕੱਪੜੇ ਖ਼ਰੀਦਾਂਗਾ। ਫੇਰ ਜਗੀਰਦਾਰ ਸਾਹਿਬ ਕੋਲ ਪੰਜਾਂ ਵਰ੍ਹਿਆਂ ਲਈ ਉਹਦਾ ਨਾਵਾਂ ਲਿਖਵਾ ਦਿਆਂਗਾ, ਜਦੋਂ ਪੰਜ ਵਰ੍ਹੇ ਉਹ ਉਹਨਾਂ ਕੋਲ ਆਪਣਾ ਮੁੜ੍ਹਕਾ ਡੋਲ੍ਹ ਲਏਗਾ, ਤਾਂ ਫੇਰ ਬਿਗਾਨੇ ਪੁੱਤਰ ਆਪ ਉਹਨੂੰ ਫ਼ੌਜ ਵਿੱਚ ਬੈਂਤਾਂ ਨਾਲ ਸਾਂਭ ਲੈਣਗੇ, ਫੇਰ ਸਭ ਕੰਮ ਸੂਤ ਹੋ ਜਾਣਗੇ।"
ਆਪਣੀ ਹਿੱਕ ਉੱਤੇ ਸਤਾਂਕਾ ਨੇ ਸੂਲੀ ਦਾ ਨਿਸ਼ਾਨ ਬਣਾਦਿਆਂ ਹੌਲ਼ੀ ਜਿਹੀ ਕਿਹਾ, "ਰੱਬਾ, ਸਾਡੀ ਜਾਨ ਏਸ ਆਫ਼ਤ ਤੋਂ ਬਚਾ! ਹੇ ਪਵਿੱਤਰ ਮਰੀਅਮ ਮਾਂ, ਸਾਡੀ ਏਸ ਤੋਂ ਮੁਕਤੀ ਕਰ।"