3.
ਕੋਠੀ ਢੱਠੀ-ਕੰਢੀ ਤੋਂ ਕੋਈ ਚਾਰ ਕੋਹ ਦੀ ਵਾਟ ਉੱਤੇ ਸੀ। ਇਹ ਕੋਠੀ ਪੰਛੀਵਾੜੇ ਦੇ ਸਿਰੇ ਕੋਲ ਇੱਕ ਸੌੜੀ ਜਹੀ ਪੱਬੀ ਉੱਤੇ ਪੁਰਾਣੇ ਕਿੱਕਰਾਂ ਦੀ ਇੱਕ ਝੰਗੀ ਵਿਚਾਲੇ ਉੱਗੀ ਹੋਈ ਸੀ। ਏਸ ਪੱਬੀ ਨੂੰ "ਥਲ" ਵੀ ਕਹਿੰਦੇ ਸਨ- ਥਲ, ਕਿਉਂਕਿ ਉੱਥੇ ਕੋਈ ਬੰਦਾ ਵਸ ਨਹੀਂ ਸੀ ਸਕਿਆ। ਇਸ ਪੱਧਰ ਮੈਦਾਨ ਦੇ ਇੱਕ ਸਿਰੇ ਤੋਂ ਦੂਜੇ ਤੱਕ ਸਿਰਫ਼ ਜੰਗਲੀ ਜਨੌਰ ਹੀ ਦਗੜ-ਦਗੜ ਕਰਦੇ ਰਹਿੰਦੇ, ਉਹਨਾਂ ਦਾ ਬੜ੍ਹਕਣਾ ਤੇ ਅੜਿੰਗਣਾ ਹਵਾ ਦੀ ਹੂਕਰ ਵਿੱਚ ਰਲਦਾ ਰਹਿੰਦਾ, ਤੇ ਉੱਤੇ ਗਿਰਝਾਂ ਇਸ ਸ਼ਹਿ ਉੱਤੇ ਮੰਡਲਾਂਦੀਆਂ ਰਹਿੰਦੀਆਂ ਕਿ ਕਦੋਂ ਗਊਆਂ ਜਾਂ ਭੇਡਾਂ ਦੇ ਵੱਗ ਵਿੱਚੋਂ ਪਿੱਛੇ ਕੋਈ ਲੋਥ ਰਹਿ ਜਾਂਦੀ ਹੈ ।
ਏਸ ਪਾਸੇ ਸਿਰਫ਼ ਤਿੰਨ ਡੂੰਘੇ ਖੂਹ ਸਨ, ਤੇ ਇੱਕ ਬਾਉਲੀ ਜਿਹੜੀ ਦਲਦਲ ਵਰਗੀ ਸੀ। ਦਸੰਬਰ ਦੀ ਪੰਦਰ੍ਹਾਂ ਤਰੀਕ ਪਿੱਛੋਂ, ਸਿਆਲ ਆਪਣੇ ਝੱਖੜਾਂ ਤੇ ਬਰਫ਼ ਦੇ ਘੋੜੇ ਖੁੱਲ੍ਹੇ ਛੱਡ ਦੇਂਦਾ। ਪਰ ਬਹਾਰ ਬੜੇ ਬੇਨੇਮੇ ਕਦਮਾਂ ਨਾਲ ਆਉਂਦੀ, ਕਈ ਵਾਰੀ ਅਗੇਤਰੀ ਵੀ, ਤੇ ਬਹਾਰ ਦੇ ਫੁੱਲ ਬੜੀ ਛੇਤੀ ਕੁਮਲਾ ਜਾਂਦੇ ।
ਹੁਨਾਲੇ ਦੇ ਪਿੰਜਰੇ ਵਿੱਚ ਲਬਧਕ ਤਾਰਾ ਬੜੀ ਬੇਕਿਰਕੀ ਨਾਲ ਚਿੱਟੇ ਜਾਪਦੇ ਅਸਮਾਨ ਉੱਤੇ ਚਮਕਦਾ ਰਹਿੰਦਾ। ਵਿੱਚ ਵਿਚਾਲ਼ੇ-ਜਿਵੇਂ ਉਹ ਕਿਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਨਿੱਕਲ ਆਇਆ ਹੋਏ—ਜਗੀਰਦਾਰ ਦੇ ਕਾਮਿਆਂ ਵਿੱਚੋਂ ਕੋਈ ਇੱਕ ਫ਼ਸਲਾਂ ਵਿਚਕਾਰ ਘੋੜੇ ਉੱਤੇ ਚੜ੍ਹਿਆ ਜਾਂਦਾ ਦਿਸਦਾ। ਪਸਿੱਤੀਆਂ ਦੁਰੇਡੀਆਂ ਥਾਵਾਂ ਉੱਤੇ ਪੰਛੀਆਂ ਦੀਆਂ ਡਾਰਾਂ ਬੜੀ ਚੌਕਸੀ ਨਾਲ ਟਿਕੀਆਂ ਹੁੰਦੀਆਂ।
ਆਪਣੀ ਕੋਠੀ ਦੇ ਇੱਕ ਬੁਰਜ ਵਿੱਚ ਬੁੱਢਾ ਮਾਲਕ, ਮਾਵਰੋਮਾਤੀ, ਇੱਕ ਦੂਰਬੀਨ ਨਾਲ ਆਪਣੀ ਅਨੰਤ ਅਮੀਰੀ ਨੂੰ ਵੇਖਦਾ ਰਹਿੰਦਾ ਹੁੰਦਾ ਸੀ; ਖ਼ਾਸ ਤੌਰ ਉੱਤੇ ਬਹਾਰ ਵਿੱਚ ਜਦੋਂ ਬਿਆਈਆਂ ਹੁੰਦੀਆਂ ਜਾਂ ਜਦੋਂ ਵਾਢੀਆਂ ਸ਼ੁਰੂ ਹੁੰਦੀਆਂ। ਜੇ ਕਦੇ ਉਹਨੂੰ ਕੋਈ ਨਾਪਸੰਦ ਚੀਜ਼ ਨਜ਼ਰ ਆ ਜਾਂਦੀ, ਤਾਂ ਉਹ ਇੰਜ ਟੋਕਦਾ ਜਿਵੇਂ ਕਿਤੇ ਉਹਨੂੰ ਭੂੰਡ ਲੜ ਗਿਆ ਹੋਏ, ਤੇ ਆਪਣੀ ਦੂਰਬੀਨ ਇੱਕ ਪਾਸੇ ਸੁੱਟ ਕੇ ਚੀਕਣ ਲੱਗ ਪੈਂਦਾ "ਮੈਂ ਹੁਣੇ ਓਥੇ ਚਲਿਆਂ! ਮੈਂ ਚੰਗੀ ਤਰ੍ਹਾਂ ਇਹਨਾਂ ਚਵਲਾਂ ਨੂੰ ਦੱਸਾਂਗਾ, ਕਿ ਮਾਲਕ ਦੀ ਤੋਂ ਉੱਤੇ ਕਿਵੇਂ ਕੰਮ ਕਰੀਦਾ ਏ। ਮੈਂ ਇਹਨਾਂ ਨੂੰ ਫ਼ਸਲ ਏਥੇ ਕੋਠੀ ਵਿੱਚ ਲਿਆਉਣ ਲਈ ਦਿਹਾੜ ਦੇਂਦਾ ਹਾਂ ਕਿ ਆਦਾ- ਕਾਂਤਾ ਦੇ ਟੋਭਿਆਂ ਵਿੱਚੋਂ ਮੱਛੀਆਂ ਫੜਨ ਲਈ ? ਮੇਰੀ ਬੰਦੂਕ ਫੜਾਓ ਮੈਨੂੰ !"
ਤੇ ਭਾਵੇਂ ਕੁਝ ਵੀ ਹੋ ਜਾਵੇ, ਉਹ ਹਿੱਲਦਾ ਤੱਕ ਨਾ। ਉਹਨੂੰ ਅਧਰੰਗ ਹੋਇਆ ਹੋਇਆ ਸੀ, ਤੇ ਉਹਦੇ ਲਈ ਆਪਣੇ ਆਪ ਨੂੰ ਏਧਰ-ਉਧਰ ਧਰੀਕਣਾ ਬੜਾ ਹੀ ਔਖਾ ਸੀ ।
ਏਨੇ ਹੀ ਵੇਗ ਨਾਲ ਉਹਨੂੰ ਆਪਣੇ ਪੁੱਤਰਾਂ ਉੱਤੇ ਗੁੱਸਾ ਚੜ੍ਹਦਾ ਹੁੰਦਾ ਸੀ, ਜਿਹੜੇ ਉਹਦਾ ਸੋਨਾ ਪ੍ਰਦੇਸ਼ਾਂ ਵਿੱਚ ਲੁਟਾ ਰਹੇ ਸਨ। ਜਦੋਂ ਲਗਾਤਾਰ ਖਤਾਂ ਰਾਹੀਂ ਉਹਨਾਂ ਦੀ ਪੈਸਿਆਂ ਲਈ ਮੰਗ ਨਾ ਮੁੱਕਦੀ, ਤਾਂ ਉਹ ਇੰਜ ਹੀ ਬੰਦੂਕ ਨਾਲ ਉਹਨਾਂ ਨੂੰ ਧਮਕੀਆਂ ਦੇਂਦਾ। ਏਥੋਂ ਤੱਕ ਕਿ ਉਹਨੇ ਕਈ ਵਾਰ ਚੰਨ ਉੱਤੇ ਵੀ ਗੋਲੀ ਦਾਗੀ ਸੀ- ਭਾਵੇਂ ਵੱਜੀ ਨਹੀਂ ਸੀ। ਉਹਦੇ ਪੁੱਤਰ ਜਿੱਥੇ ਗਏ ਹੋਏ ਸਨ, ਉਹ ਓਥੋਂ ਕਦੇ ਵੀ ਨਹੀਂ ਸਨ ਪਰਤੇ।