ਹੁਣ ਵਾਲੇ ਮਾਲਕ, ਕ੍ਰਿਸਤੀਆ, ਨੇ ਏਸ ਬੁੱਢੇ ਮਾਵਰੋਮਾਤੀ ਦੇ ਵਾਰਸਾਂ ਕੋਲੋਂ ਇਹ ਸਾਰੀ ਜਗੀਰ ਮੁੱਲ ਲਈ ਸੀ। ਉਹ ਇੱਕ ਵਾਰ ਵੀ ਉਹਨਾਂ ਨੂੰ ਮਿਲਿਆ ਨਹੀਂ ਸੀ ਹੋਇਆ। ਉਹਨੇ ਕੁਝ ਸਰਕਾਰੀ ਕਾਗ਼ਜ਼ ਭਰ ਦਿੱਤੇ ਸਨ, ਤੇ ਤੈਅ ਕੀਤੀ ਰਕਮ ਬੈਂਕ ਰਾਹੀਂ ਪੈਰਿਸ (ਉਹਦੇ ਲਈ ਚੰਨ) ਵਿੱਚ ਘੱਲ ਦਿੱਤੀ ਸੀ। ਫੇਰ ਕਿਸੇ ਨੂੰ ਇਹਨਾਂ ਵਾਰਸਾਂ ਦੀ ਸੋਅ ਨਹੀਂ ਸੀ ਮਿਲ਼ੀ, ਉਹ ਓਦੋਂ ਤੱਕ ਜਿਊਂਦੇ ਰਹੇ ਜਦੋਂ ਤੱਕ ਏਸ ਪੰਛੀਵਾੜੇ ਦੀ ਮਿੱਟੀ ਵਿੱਚੋਂ ਪੈਦਾ ਹੋਈ ਆਪਣੇ ਵੰਡੇ ਆਈ ਦੌਲਤ-ਕਈਆਂ ਪੀੜੀਆਂ ਦੇ ਗੁਲਾਮਾਂ ਦੀ ਘਾਲ ਵਿੱਚੋਂ, ਅੱਥਰੂਆਂ ਤੇ ਲਹੂ ਦੀਆਂ ਬੂੰਦਾਂ ਤੋਂ ਬਣੀਆਂ ਅਸ਼ਰਫ਼ੀਆਂ ਉਹਨਾਂ ਫੂਕ ਨਾ ਲਈਆਂ।
ਜੋ ਵੀ ਉਸ ਕਿਲ੍ਹੇ ਵਰਗੀ ਕੋਠੀ ਵਿੱਚ ਕ੍ਰਿਸਤੀਆ ਨੂੰ ਮਿਲਿਆ, ਉਸ ਸਭ ਕੁਝ ਨੂੰ, ਉਸ ਬੁਰਜ ਤੇ ਦੂਰਬੀਨ ਨੂੰ ਵੀ, ਵਰਤਣ ਵਿੱਚ ਉਹਨੇ ਬਹੁਤੀ ਢਿੱਲ ਨਾ ਲਾਈ; ਸਿਰਫ਼ ਇਹਦਾ ਬੁੱਢੇ ਪੁਰਾਣੇ ਮਾਲਕ ਨਾਲ਼ੋਂ ਏਨਾ ਫ਼ਰਕ ਸੀ ਕਿ ਜਦੋਂ ਇਹ ਕਿਸੇ ਕਾਮੇ ਨੂੰ ਬੰਦੂਕ ਨਾਲ ਡਰਾਣਾ ਚਾਹਦਾ ਤਾਂ ਇਹ ਫੁਰਤੀ ਨਾਲ ਉੱਠਦਾ। ਇਹ ਸੱਚ ਹੈ, ਕਿ ਅਜਿਹੇ ਵੇਲ਼ੇ ਇਹ ਬੰਦੂਕ ਵਿੱਚ ਸਿਰਫ਼ ਚਿੜੀਆਂ ਮਾਰਨ ਵਾਲੇ ਛੱਰੇ ਜਾਂ ਲੂਣ ਦੀਆਂ ਨਿੱਕੀਆਂ-ਨਿੱਕੀਆਂ ਡਲੀਆਂ ਹੀ ਭਰਦਾ।
ਉਹ ਕੁਝ ਛੁਹਲਾ ਤੇ ਉੱਦਮੀ ਸੀ । ਉਹ ਨਿੱਕੀ ਜਹੀ ਬੱਘੀ ਉੱਤੇ ਚੜ੍ਹ ਕੇ ਆਪਣੇ ਸਾਰੇ ਖੇਤਾਂ ਦਾ ਚੱਕਰ ਲਾਂਦਾ । ਏਸ ਬੱਘੀ ਅੱਗੇ ਇੱਕ ਤਕੜਾ ਕਾਲਾ ਘੋੜਾ ਜੁਪਿਆ ਹੁੰਦਾ, ਜਿਹੜਾ ਬੱਘੀ ਨੂੰ ਉਚਾਣਾ ਨਿਵਾਣਾਂ ਵਿੱਚੋਂ ਵੀ ਦੁੜਕੀ ਚਾਲੇ ਹੀ ਖਿੱਚਦਾ। ਆਪਣੀ ਰਫ਼ਲ ਉਹ ਹਰ ਵੇਲੇ ਆਪਣੇ ਕੋਲ ਹੀ ਰੱਖਦਾ। ਤੇ ਜਿੱਥੋਂ ਉਹ ਸੁਣਾਈ ਨਹੀਂ ਸੀ ਦੇ ਸਕਦੀ ਓਥੋਂ ਹੀ ਉਹ ਡਰਾਉਣੀਆਂ ਧਮਕੀਆਂ ਭਰੀ ਵਾਜ ਵਿੱਚ ਭਬਕ ਜਹੀ ਮਾਰਦਾ, ਤੇ ਪਿਸਟਨ ਵਾਂਗ ਆਪਣੀ ਦੂਜੀ ਬਾਂਹ ਉੱਚੀ ਨੀਵੀਂ ਕਰਦਾ ਜਿਸ ਵਿੱਚ ਉਹਨੇ ਲਗਾਮ ਨਹੀਂ ਸੀ ਫੜੀ ਹੁੰਦੀ ।
ਉਹ ਬੁੱਢਾ ਸੀ ਤੇ ਬੜਾ ਕੋਝਾ, ਉਹਦਾ ਚਿਹਰਾ ਲਿਚਲਿਚ ਕਰਦਾ ਤੇ ਸੁੱਜਿਆ ਹੋਇਆ ਸੀ। ਉਹਦੇ ਚਿਹਰੇ ਦੇ ਵਿਚਕਾਰ ਜਿਵੇਂ ਕੋਈ ਫਿੱਡਾ ਜਿਹਾ ਆਲੂ ਚੰਬੜਿਆ ਹੋਏ, ਏਸ ਲਈ ਢੱਠੀ-ਕੰਡੀ ਦੇ ਲੋਕਾਂ ਨੇ ਉਹਦਾ ਨਾਂ ਕ੍ਰਿਸਤੀਆ ਤ੍ਰੈ-ਨੱਕਾ ਪਾਇਆ ਹੋਇਆ ਸੀ। ਹੋਰ ਉਹਨੂੰ ਕਿਸੇ ਨਾਂ ਨਾਲ ਕਦੇ ਬੁਲਾਇਆ ਨਹੀਂ ਸੀ, ਸੋ ਉਹਦਾ ਅਸਲੀ ਨਾਂ ਲੋਕੀਂ ਭੁੱਲ-ਭੁਲਾ ਗਏ ਸਨ। ਏਨਾ ਚੰਗਾ ਸੀ ਕਿ ਉਮਰੋਂ ਵਡੇਰੇ ਹੋਣ ਕਰਕੇ ਤੋਰ ਕੁਝ ਮੱਠੀ ਸੀ ਤੇ ਉਹਨੂੰ ਝੱਟ ਸਾਹ ਚੜ੍ਹ ਜਾਂਦਾ ਸੀ, ਸੋ ਉਹਦੇ ਗੁੱਸੇ ਦੇ ਪੂਰੇ ਕੜਾਕੇ ਤੋਂ ਪਹਿਲਾਂ ਹੀ ਲੋਕੀ ਖਿਸਕ ਸਕਦੇ ਸਨ।
ਉਹ ਉਹਨਾਂ ਨੂੰ ਖਿਸਕਦਿਆਂ ਤੱਕਦਾ, ਗਾਲ੍ਹਾਂ ਕੱਢਦਾ ਤੇ ਫੇਰ ਉਹਨਾਂ ਦੇ ਨੱਠ ਜਾਣ ਬਾਰੇ ਠੰਢਾ ਹੋ ਜਾਂਦਾ, ਤੇ ਸੋਚਦਾ ਉਹਨਾਂ ਨੂੰ ਧੂਹ ਘਸੀਟ ਕੇ ਮੰਗਵਾਣਾ ਜਾਂ ਉਹਨਾਂ ਦੀ ਮੁਰੰਮਤ ਕਰਨ ਲਈ ਉਹਨਾਂ ਕੋਲ ਪੁੱਜਣਾ ਢੇਰ ਸਾਰਾ ਤਰੱਦਦ ਸੀ। ਪਰ ਹਰ ਹਾਲਤ ਵਿੱਚ ਉਹ ਉਹਨਾਂ ਨੂੰ ਮੇਅਰ ਜਾਂ ਪੁਲਿਸ ਦੇ ਸਿਪਾਹੀਆਂ ਰਾਹੀਂ ਤਾਂ ਫੜਵਾ ਹੀ ਸਕਦਾ ਸੀ! ਤੇ ਕਈ ਵਾਰੀ ਲੋੜਾਂ ਤੇ ਬਿਪਤਾ ਦੇ ਸਤਾਏ ਉਹ ਆਪ ਵੀ ਉਹਦੇ ਕੋਲ ਵਾਪਸ ਆ ਜਾਂਦੇ ਹੁੰਦੇ ਸਨ।