ਇਸ ਕ੍ਰਿਸਤੀਆ ਤ੍ਰੈ-ਨੱਕੇ ਕੋਲ ਗੀਤਜ਼ਾ ਮਸ਼ੀਨ ਵਾਲਾ ਆਪਣੇ ਛੋਟੇ ਭਰਾ ਨੂੰ ਲੈ ਕੇ ਗਿਆ।
ਉਹ ਦੂਰਬੀਨ ਲਾਈ ਬੁਰਜ ਵਿੱਚ ਬੈਠਾ ਸੀ । ਸਾਰੀਆਂ ਬਾਰੀਆਂ ਚੁਪਾਟ ਖੁੱਲ੍ਹੀਆਂ ਸਨ, ਤੇ ਉਹ ਆਪਣੀ ਜਗੀਰ ਉੱਤੇ ਝਾਤੀ ਪਾ ਰਿਹਾ ਸੀ। "ਠਹਿਰੋ,” ਉਹਨੇ ਕੜਕ ਕੇ ਉਹਨਾਂ ਨੂੰ ਕਿਹਾ, "ਮੈਂ ਤੱਕ ਰਿਹਾ ਆਂ ਜਿਹੜਾ ਮੈਨੂੰ ਉੱਕਾ ਨਹੀਂ ਪਸੰਦ। ਨਵੇਂ ਕੋਚਵਾਨ ਨੇ ਮੇਰੇ ਕਾਲੇ ਘੋੜੇ ਨੂੰ ਚਾਬਕ ਮਾਰੀ ਏ । ਮੈਂ ਉਹਦੀ ਬੋਟੀ-ਬੋਟੀ ਕਰਾ ਦਿਆਂਗਾ!"
ਦੋਵੇਂ ਅਡੋਲ ਖੜੋਤੇ ਰਹੇ ਤੇ ਉਹਨੂੰ ਬੁੜ-ਬੁੜ ਕਰਦਿਆਂ ਸੁਣਦੇ ਰਹੇ। ਮੀਤ੍ਰਿਆ ਉਹਨੂੰ ਉਚੇਚੇ ਧਿਆਨ ਨਾਲ ਵੇਖ ਰਿਹਾ ਸੀ। ਉਹ ਹੈਰਾਨ ਸੀ, ਤ੍ਰੈ-ਨੱਕਾ ਮਸ਼ੀਨ ਵਾਲੇ ਨਾਲ ਏਨਾ ਰਲਦਾ ਸੀ ! ਉਹਨਾਂ ਦੋਹਾਂ ਨੂੰ ਕੋਈ ਭਰਾ-ਭਰਾ ਸਮਝ ਸਕਦਾ ਸੀ । ਫ਼ਰਕ ਏਨਾ ਹੀ ਸੀ ਕਿ ਜਗੀਰਦਾਰ ਲੰਮਾ ਸੀ, ਤੇ ਗ੍ਹੀਤਜਾ ਮਸਾਂ ਉਹਦੇ ਮੋਢਿਆਂ ਤੱਕ ਅਪੜਦਾ ਸੀ ।
"ਕੀ ਕਰਨ ਆਇਆਂ ਏਂ, ਲੁੰਗੂ ?” ਅਚਨਚੇਤ ਮੁੜ ਕੇ ਤ੍ਰੈ-ਨੱਕੇ ਨੇ ਪੁੱਛਿਆ।
"ਮਾਲਕ, ਮੈਂ ਇਹ ਮੁੰਡਾ ਆਪਣੇ ਕਹੇ ਮੂਜਬ ਤੁਹਾਡੀ ਸੇਵਾ ਵਿੱਚ ਲੈ ਆਂਦਾ ਏ।"
"ਹਾਂ, ਮੈਨੂੰ ਯਾਦ ਏ— ਮੁਨਸ਼ੀ ਨੇ ਮੇਰੇ ਨਾਲ ਏਸ ਬਾਰੇ ਜ਼ਿਕਰ ਕੀਤਾ ਸੀ । ਸੋ ਬੁੱਢੀ ਬੁੱਢਾ ਭੰਗ ਦੇ ਭਾੜੇ ਹੀ ਮਰ ਗਏ! ਤੂੰ ਆਪਣੇ ਕੋਲ ਹੀ ਨਹੀਂ ਇਹਨੂੰ ਰੱਖ ਸਕਦਾ ?"
"ਨਹੀਂ, ਹਜ਼ੂਰ! ਮੈਂ ਤੇ ਆਪ ਆਪਣੇ ਟੱਬਰ ਨਾਲ ਰਲਕੇ ਚੱਤੇ ਪਹਿਰ ਕੰਮ ਵਿੱਚ ਹੱਡ ਰੁੜਕਦਾ ਰਹਿੰਦਾ ਹਾਂ । ਮੈਂ ਸੋਚਿਆ ਸੀ ਇਹਨੂੰ ਤੁਹਾਡੇ ਚਰਨਾਂ ਵਿੱਚ ਜੇ ਥਾਂ ਮਿਲ ਜਾਏ, ਤਾਂ ਇਹ ਕੁਝ ਸਿੱਖ ਜਾਏਗਾ ਤੇ ਮੇਰੇ ਨਾਲੋਂ ਕਿਤੇ ਵੱਧ ਸਿਆਣਾ ਕਾਮਾ ਬਣ ਜਾਏਗਾ। ਜਦੋਂ ਤੱਕ ਇਹਨੂੰ ਫ਼ੌਜ ਵਾਲ਼ੇ ਨਹੀਂ ਲੈ ਜਾਂਦੇ, ਮਿਹਰਬਾਨੀ ਕਰਕੇ ਪੰਜ ਵਰ੍ਹਿਆਂ ਲਈ ਇਹਨੂੰ ਆਸਰਾ ਦੇ ਦਿਉ। ਓਦੂੰ ਮਗਰੋਂ ਕੋਈ ਆਹਰ-ਪਾਹਰ ਬਣ ਹੀ ਜਾਏਗਾ। ਸ਼ੈਤ ਇਹ ਵਿਆਹ ਕਰਕੇ ਆਪਣਾ ਘਰ ਬਾਹਰ ਚਲਾ ਲਏ..."
ਤ੍ਰੈ-ਨੱਕੇ ਨੇ ਆਪਣਾ ਸਿਰ ਸ਼ੱਕ ਜਿਹੇ ਵਿੱਚ ਹਿਲਾਇਆ, ਤੇ ਫੇਰ ਡੂੰਘੀ ਨੀਝ ਨਾਲ ਮੁੰਡੇ ਨੂੰ ਪਰਖਿਆ।
"ਏਡਾ ਮਾੜਾ ਤੇ ਨਹੀਂ ਜਾਪਦਾ," ਅਖ਼ੀਰ ਉਹ ਬੋਲਿਆ। "ਤੇ ਜੇ ਚੱਜ ਨਾਲ ਵਰਤਿਆ, ਤਾਂ ਇਹ ਕੁਝ ਬਣ ਵੀ ਜਾਏਗਾ। ਪਰ ਮੇਰੇ ਕੋਲ ਅੱਗੇ ਹੀ ਆਪਣੀ ਲੋੜ ਤੋਂ ਵੱਧ ਨੌਕਰ ਨੇ।"
"ਪਰ ਸਾਡੀ ਮੰਗ ਕੋਈ ਬਹੁਤੀ ਤਾਂ ਨਹੀਂ ।"
"ਇਹ ਮੈਂ ਜਾਣਦਾ ਆਂ। ਪਰ ਸੁਆਲ ਇਹ ਨਹੀਂ। ਮੈਂ ਤੇ ਤਲਬ ਬੰਦਾ ਕੁਬੰਦਾ ਜਾਂਚ ਕੇ ਹੀ ਦੇਂਦਾ ਹੁੰਦਾ ਵਾਂ। ਕੁਝ ਚਿਰ ਪਿੱਛੋਂ ਆਪੇ ਪਤਾ ਲੱਗ ਜਾਂਦਾ ਏ ਕਿ ਕੋਈ ਕਿੰਨੇ ਜੋਗਾ ਏ, ਪਹਿਲੇ ਸਾਲ ਇਹਦੀ ਰੋਟੀ ਕੱਪੜੇ ਨਾਲ ਤਸੱਲੀ ਹੋ ਜਾਣੀ ਚਾਹੀਦੀ ਏ । ਜੁਆਨ ਮੁੰਡਿਆਂ ਬਾਰੇ ਮੇਰਾ ਇਹੀ ਨੇਮ ਏ । ਪਰ ਜਿਵੇਂ ਮੈਂ ਦੱਸ ਚੁੱਕਿਆ ਵਾਂ, ਮੈਨੂੰ ਵਾਫ਼ਰ ਕੋਈ ਲੋੜ ਨਹੀਂ, ਮੇਰੇ ਕੋਲ ਅੱਗੇ ਹੀ ਕਾਫ਼ੀ ਨੌਕਰ... ।"