

ਪਾਣੀ ਝੀਲ ਵਿੱਚੋਂ ਸਿੱਧਾ ਹੀ ਪੰਪਾਂ ਰਾਹੀਂ ਖਿੱਚ ਲੈਂਦੇ ਸਨ। ਇਹ ਬੰਨ੍ਹ ਜਲ-ਚੱਕੀ ਚਲਾਣ ਲਈ ਵਰਤਿਆ ਜਾਂਦਾ ਸੀ। ਇਹਨਾਂ ਕਿਸਾਨਾਂ ਨੇ ਇੱਕ ਮਸ਼ੀਨ ਲਾਈ ਹੋਈ ਸੀ ਜਿਹੜੀ ਤਕਰੀਬਨ ਚੱਤੇ ਪਹਿਰ ਚਲਦੀ ਰਹਿੰਦੀ ਤੇ ਏਸ ਦੂਣ ਦੇ ਸਾਰੇ ਵਾਸੀਆਂ ਦੇ ਕੰਮ ਆਂਦੀ ਸੀ।
ਇਹ ਮਸ਼ੀਨ ਏਸ ਪਿੰਡ ਵਿੱਚ ਚਾਨਣ ਕਰਨ ਤੇ ਖੇਤੀ-ਬਾੜੀ ਦੇ ਸੰਦਾਂ ਦਾ ਇੱਕ ਕਾਰਖ਼ਾਨਾ ਚਲਾਣ ਲਈ ਬਿਜਲੀ ਪੈਦਾ ਕਰਦੀ ਸੀ । ਏਸ ਕਾਰਖ਼ਾਨੇ ਵਿੱਚ ਜਿਹੜੇ ਮਿਸਤਰੀ ਕੰਮ ਕਰਦੇ ਉਹ ਬੂਹੇ ਬਾਰੀਆਂ, ਕੁਰਸੀਆਂ, ਤੇ ਮੇਜ਼ਾਂ ਦੇ ਵੱਖ-ਵੱਖ ਹਿੱਸੇ ਵੀ ਬਣਾਂਦੇ ਸਨ।
ਕਾਰਾਗਾਨੋਵ ਨੇ ਇਹ ਵੀ ਸਮਝਾਇਆ ਕਿ ਖੇਤੀ ਦੇ ਇਹ ਸੰਦ ਉੱਤੇ ਪਹਾੜੀ ਇਲਾਕੇ ਵਿੱਚ ਭੇਜੇ ਜਾਂਦੇ ਸਨ, ਜਿੱਥੋਂ ਦੇ ਲੋਕ ਪਸ਼ੂ ਪਾਲਣ ਦੇ ਮਾਹਿਰ ਹੋ ਗਏ ਸਨ। ਉਹ ਇਹਨਾਂ ਦੀਆਂ ਚੰਗੀਆਂ ਨਸਲਾਂ ਪੈਦਾ ਕਰਦੇ, ਮੱਖਣ ਤੇ ਕਈ ਕਿਸਮਾਂ ਦੇ ਪਨੀਰ ਬਣਾਂਦੇ ਸਨ।
ਬਾਰੀਆਂ, ਬੂਹਿਆਂ ਤੇ ਕੁਰਸੀਆਂ ਮੇਜ਼ਾ ਲਈ ਚੀਰੀਆਂ ਲੱਕੜਾ ਕੈਸਪੀਅਨ ਤੋਂ ਪਾਰ ਝੀਲ ਆਰਾਲ ਵੱਲ ਕਜ਼ਾਖ਼ਸਤਾਨ ਵਿੱਚ ਭੇਜੀਆਂ ਜਾਂਦੀਆਂ ਸਨ, ਜਿੱਥੇ ਮਕਾਨਾਂ ਤੇ ਪਿੰਡਾਂ ਦੀ ਉਸਾਰੀ ਸ਼ੁਰੂ ਹੋਈ ਹੋਈ ਸੀ। ਇਹਨਾਂ ਇਲਾਕਿਆਂ ਵਿੱਚ ਵੱਸਦੇ ਲੋਕ ਹਜ਼ਾਰਾਂ ਵਰ੍ਹਿਆਂ ਤੋਂ ਟੱਪਰੀਵਾਸਾਂ ਵਾਂਗ ਜਿਉਂਦੇ ਆਏ ਸਨ। ਇੱਕ ਚਰਾਂਦ ਤੋਂ ਦੂਜੀ ਚਰਾਂਦ ਵੱਲ ਆਪਣੇ ਵੰਗ ਹੱਕਦੇ, ਉਹ ਹਜ਼ਾਰਾਂ ਵਰ੍ਹੇ ਭੁੱਖ ਤੇ ਤੇਹ ਨਾਲ ਜੂਝਦੇ ਰਹੇ ਸਨ। ਜਿਸ ਚੀਜ਼ ਦੀ ਉਹਨਾਂ ਨੂੰ ਡਾਢੀ ਲੋੜ ਪੈਂਦੀ ਉਹ ਇਹ ਲੁੱਟਮਾਰ ਕਰ ਕੇ ਲੈ ਲੈਂਦੇ । ਉਹਨਾਂ ਦੇ ਮੁਖੀਏ ਖ਼ਾਨਾ ਦੇ ਦੋ-ਤਿੰਨ ਐਡੇ ਸਨ, ਜਿੱਥੇ ਚੜ੍ਹਾਵੇ ਚੜ੍ਹਾਨ ਲਈ ਆਮ ਲੋਕਾਂ ਨੂੰ ਮਜ਼ਬੂਰ ਕੀਤਾ ਜਾਂਦਾ ਸੀ। "ਗਰੀਬ ਆਜੜੀ, ਗਰੀਬ ਮਾਲਕ" ਉਹਨਾਂ ਦਾ ਕੌਮੀ ਮੁਹਾਵਰਾ ਸੀ । ਸਦੀਆਂ ਦੀ ਅਜਿਹੀ ਜ਼ਿੰਦਗੀ ਪਿੱਛੋਂ ਕਮਿਊਨਿਸਟ ਨਜ਼ਾਮ ਨੇ ਐਨ ਸ਼ਹਿਰਾਂ ਦੇ ਵਿਚਕਾਰ ਨਹਿਰਾਂ ਕੱਢ ਦਿੱਤੀਆਂ, ਤੇ ਇਹਨਾਂ ਟੱਪਰੀਵਾਸ ਆਜੜੀਆਂ ਨੂੰ ਕਿਸਾਨਾਂ ਦੀ ਟਿਕਵੀਂ ਜ਼ਿੰਦਗੀ ਦੇ ਦਿੱਤੀ।
ਅੱਜ ਉਹਨਾਂ ਦੇ ਵਤਨ ਦੀ ਰਾਜਧਾਨੀ ਇੱਕ ਬਾਗ਼ ਵਰਗੀ ਬਣ ਗਈ ਸੀ। ਇਹਦੀਆਂ ਸੜਕਾਂ ਦੇ ਦੋਵੇਂ ਪਾਸੇ ਨਿੱਕੀਆਂ-ਨਿੱਕੀਆਂ ਖਾਲਾਂ ਵਗਦੀਆਂ ਸਨ ਜਿਨ੍ਹਾਂ ਸਦਕਾ ਮਾਲਟਿਆਂ ਤੇ ਅੰਜੀਰਾਂ ਦੇ ਦਰਖ਼ਤਾਂ ਦੀਆਂ ਪਾਲਾਂ ਉੱਤੇ ਫੁੱਲ ਖਿੜਦੇ, ਬੂਰ ਪੈਂਦਾ, ਫਲ਼ ਪਲਮਦੇ।
ਨਵੇਂ ਉਸਰੇ ਪਿੰਡਾਂ ਵਿੱਚ ਸਕੂਲ ਸਨ, ਉਸਤਾਦ, ਕਾਰੀਗਰ ਤੇ ਡਾਕਟਰ ਸਨ। ਵਾਹ! ਪੁਰਾਣੇ ਕਜ਼ਾਖ਼ ਮੈਦਾਨਾਂ ਵਿੱਚ ਦੁਨੀਆਂ ਹੀ ਵਟ ਗਈ ਸੀ।
ਅਜਿਹੀ ਵਾਰਤਾ ਉਹ ਸ਼ਾਮਾਂ ਨੂੰ ਸੁਣਦਾ ਤੇ ਜਿਓਂ-ਜਿਓਂ ਸਿਆਲ਼ੇ ਦਾ ਐਧ ਆਉਂਦਾ ਗਿਆ ਇਹ ਸਾਮਾਂ ਲੰਮੇਰੀਆਂ ਹੋਰ ਲੰਮੇਰੀਆਂ ਹੁੰਦੀਆਂ ਗਈਆਂ।
ਇੱਕ ਦਿਨ ਹੱਸ ਕੇ ਪਿਸਤਰੁਗਾ ਨੇ ਉਸ ਕੋਲੋਂ ਪੁੱਛਿਆ।
"ਸੱਚੀ ਸੱਚੀ ਦੱਸੀਂ, ਜੋ ਕਾਰਾਗਾਨੋਵ ਤੈਨੂੰ ਦੱਸਦਾ ਏ ਉਹ ਸਭ ਤੂੰ ਮੰਨੀ ਜਾਨਾ ਏ?"