

ਖੜੋਤਾ ਤੱਕ ਕੇ ਬੜਾ ਹੈਰਾਨ ਹੋਇਆ।
"ਮੈਨੂੰ ਕਮਾਂਡਰ ਨੇ ਸੱਦਿਆ ਸੀ ?"
“ ਹਾਂ“
ਮੀਤ੍ਰਿਆ ਆਪਣੀ ਥਾਂ ਤੋਂ ਨਾ ਹਿਲਿਆ।
"ਅੰਦਰ ਆ ਜਾਓ, ਸਾਥੀ। ਤੁਹਾਡੀ ਬੜੀ ਮਿਹਰਬਾਨੀ ਹੋਏਗੀ ਜੇ ਬਾਹਰ ਦਾ ਬੂਹਾ ਤੁਸੀਂ ਆਪ ਬੰਦ ਕਰਦੇ ਆਓ।"
ਅਰਦਲੀ ਇੱਕ ਲੰਮਾ ਝੰਮਾ ਦਾੜ੍ਹੀ ਵਾਲਾ ਬੰਦਾ ਸੀ । ਇਹ ਦੀ ਕਮਾਂਡਰ ਬਾਰਾਂਤਾ ਵਾਂਗ ਸਾਇਬੇਰੀਆ ਵਿੱਚੋਂ ਦਰਿਆ ਯਾਂਸੀ ਦੇ ਇਲਾਕੇ ਤੋਂ ਆਇਆ ਸੀ। ਇਹਦੀ ਇੱਕ ਬਾਂਹ ਕੱਟੀ ਗਈ ਸੀ, ਤੇ ਇਹਨੇ ਬਣਾਉਟੀ ਬਾਂਹ ਲੁਆਈ ਹੋਈ ਸੀ ਜਿਦ੍ਹੇ ਸਿਰੇ ਉੱਤੇ ਇੱਕ ਕੁੰਡੀ ਅਖੀਰ ਦਿਸ ਰਹੀ ਸੀ। ਉਹਨੇ ਅੰਗੀਠੀ ਦਾ ਤਿਤ ਏਸ ਕੁੰਡੀ ਨਾਲ ਧੋਕਿਆ ਤੇ ਫੇਰ ਇਹਨੂੰ ਆਪਣੇ ਓਵਰ ਕੋਟ ਦੀਆ ਬਾਹਾ ਵਿੱਚ ਲੁਕਾ ਲਿਆ। ਆਪਣੇ ਚੰਗੇ ਹੱਥ ਨਾਲ ਉਹਨੇ ਮੀਤ੍ਰਿਆ ਨੂੰ ਅਗਾਂਹ ਆਉਣ ਲਈ ਸੈਨਤ ਕੀਤੀ ਤੇ ਬੜੇ ਆਦਰ ਨਾਲ ਮੁਸਕਰਾ ਕੇ ਕਹਿਣ ਲੱਗਾ "ਪਯਾਵਸਤਾ !"
ਮੀਤ੍ਰਿਆ ਅੱਗੇ ਵਧਿਆ। ਓਥੇ ਕਿਸੇ ਤਰ੍ਹਾਂ ਦੀ ਗੜਬੜ ਦੀ ਕੋਈ ਸੂਰਤ ਨਹੀਂ ਸੀ, ਉਹਨੂੰ ਕਿਸੇ ਕਸੂਰ ਦਾ ਪਛਤਾਵਾ ਨਹੀਂ ਸੀ, ਪਰ 'ਅਜ਼ਾਦੀ' ਦੀ ਘੜੀ ਵੀ ਹਾਲੇ ਨਹੀਂ ਸੀ ਪੁੱਜੀ। 'ਬੂਦੇਨੀਂ ਬੜੇ ਉਤਸ਼ਾਹ ਨਾਲ ਬੋਲ ਰਿਹਾ ਸੀ, ਸ਼ੈਦ ਉਹ ਬੂਹੇ ਵੱਲ ਪਿੱਠ ਕੀਤੇ ਆਦਮੀ ਕੋਲੋਂ ਆਪਣੇ ਮਿੱਤਰਾਂ ਦੀ ਸੁੱਖ ਸਾਂਦ ਪੁੱਛ ਰਿਹਾ ਸੀ । ਕਮਾਂਡਰ ਖੜੋਤਾ ਹੋਇਆ ਤੇ ਦੂਜਾ ਆਦਮੀ ਲੱਕੜੀ ਦੇ ਇੱਕ ਸਟੂਲ ਉੱਤੇ ਬੈਠਾ ਸੀ। ਉਹਦੀ ਪਸ਼ਮੀ ਟੋਪੀ ਤੇ ਖੱਲ ਦਾ ਕੋਟ ਲਾਪਰਵਾਹੀ ਨਾਲ ਫਰਸ਼ ਉੱਤੇ ਉਹਦੇ ਪੈਰਾਂ ਕੋਲ ਡਿੱਗੇ ਪਏ ਸਨ।
ਬਾਰਾਂਤਾਂ ਨੇ ਫ਼ਰਸ਼ ਨੂੰ ਆਪਣੀ ਲੱਕੜ ਦੀ ਲੱਤ ਨਾਲ ਠਕੋਰਿਆ ਤੇ ਏਸ ਨਵੇਂ ਆਏ ਬੰਦੇ ਵੱਲ ਅੱਖ ਮਾਰੀ। ਨਵੇਂ ਆਏ ਬੰਦੇ ਨੇ ਕਾਹਲੀ ਨਾਲ ਪਿਛਾਂਹ ਪਰਤ ਕੇ ਤੱਕਿਆ।
ਮੀਤ੍ਰਿਆ ਨੇ ਇੱਕਦਮ ਉਹਨੂੰ ਪਛਾਣ ਲਿਆ। ਇਹ ਉਹੀ ਕੌਕੇ ਭਰਵੱਟਿਆਂ ਵਾਲਾ ਬੰਦਾ ਸੀ ਜਿਨ੍ਹੇ ਫੱਟੜ ਫਲੋਰੀਆ ਨੂੰ ਚੁੱਕਿਆ ਤੇ ਮੀਤ੍ਰਿਆ ਨੂੰ ਕੈਦੀਆਂ ਦੀ ਕਤਾਰ ਵਿੱਚ ਜਾ ਰਲਣ ਲਈ ਕਿਹਾ ਸੀ, ਉਹੀ ਜਿਹੜਾ ਮੀਤ੍ਰਿਆ ਲਈ ਲੜਾਈ ਦੇ ਪਹਿਲੇ ਦਿਨ ਓਸ ਧੂਏਂ ਤੇ ਲਹੂ ਦੇ ਝੱਖੜ ਵਿੱਚ ਪਿੱਠ ਉੱਤੇ ਥਾਪੀ ਦੇਂਦਾ ਅਜਿਹੀ ਸਨੇਹੀ ਮੁਸਕਾਨ ਨਾਲ ਉਹਨੂੰ ਮਿਲਿਆ ਸੀ। ਉਹਨੇ ਫ਼ੌਜੀ ਵਰਦੀ ਪਾਈ ਹੋਈ ਸੀ, ਪਰ ਉਹਦੇ ਰੋਕ ਦੀ ਕੋਈ ਨਿਸ਼ਾਨੀ ਇਸ ਉੱਤੇ ਨਹੀਂ ਸੀ।
ਮੀਤ੍ਰਿਆ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਵੇਂ ਉਹਨੂੰ ਮਿਲੇ। ਉਹਨੇ ਆਪਣੇ ਵੱਲ ਉਹਦਾ ਵਧਿਆ ਹੱਥ ਘੁੱਟ ਕੇ ਫੜ ਲਿਆ।
"ਕੋਕਰ ਦਿਮਿਤ੍ਰੀਅਸ ?" ਓਦੋਂ ਵਰਗੀ ਮੁਸਕਾਨ ਨਾਲ ਹੀ ਏਸ ਨਵੇਂ ਆਏ ਬੰਦੇ ਨੇ ਪੁੱਛਿਆ।
‘’ਹਾਂ’’