

"ਚਲ ਓਇ, ਏਨੀ ਫੂਕ ਨਾ ਲੈ। ਮੈਂ ਸੁਣਿਐਂ ਰੂਸੀ ਤੁਹਾਡਾ ਕਚੂਮਰ ਕੱਢ ਰਹੇ ਨੇ।“
"ਮੈਨੂੰ ਏਸ ਨਾਲ ਕੀ ਲੱਗੇ ਮੈਂ ਤੇ ਸਿਰਫ਼ ਤੈਨੂੰ ਇਹ ਆਖ ਰਿਹਾ ਸਾਂ ਕਿ ਮੈਨੂੰ ਹਰ ਫ਼ਰਾਂਜ਼ ਬੁਲਾਇਆ ਕਰ ।"
"ਚੰਗਾ, ਚੰਗਾ,... ਕਾਟ ਦੇ ਆਟੇ ਦਾ ਕੀ ਕੀਤਾ ਈ?”
"ਮੈਂ ਕੁਝ ਨਹੀਂ ਕੀਤਾ। ਦੋਵੇਂ ਕੱਠੇ ਜਾ ਕੇ ਹੀ ਅਸੀਂ ਇਹਦੀ ਵੰਡੀ ਪਾਵਾਂਗੇ। ਹਾਲੀ ਮੈਂ ਇਹਨੂੰ ਸਾਂਭ ਛੱਡਿਆ ਏ, ਤੇ ਉਪਰ ਆਪਣਾ ਇੱਕ ਖੁਫ਼ੀਆ ਤਾਲਾ ਵੀ ਲਾ ਦਿੱਤਾ ਏ, ਮਤੇ ਜਦੋਂ ਮੈਂ ਸ਼ਰਾਬਖ਼ਾਨੇ ਹੋਵਾਂ ਤੂੰ ਪਿੱਛੋਂ ਏਸ ਵਿੱਚੋਂ ਵੱਡਾ ਹਿੱਸਾ ਲੈ ਜਾਵੇ ।"
"ਇਹਨੂੰ ਸ਼ੈਤਾਨ ਖੜੇ," ਗ੍ਹੀਤਜਾ ਰੋਹ ਵਿੱਚ ਬੋਲਿਆ, "ਇਹਦਾ ਕੋਈ ਬੰਦੋਬਸਤ ਨਹੀਂ ਕੀਤਾ ਜਾ ਸਕਦਾ। ਸਭ ਪਾਸੇ ਚੋਰ ਹੀ ਚੋਰ ਨੇ । ਮੈਂ ਸਾਰੀ ਪੂੰਜੀ ਲਾਈ, ਮਸ਼ੀਨਾਂ ਤੇ ਲੋੜੀਂਦੇ ਵਾਧੂ ਪੁਰਜ਼ੇ ਖ਼ਰੀਦੇ, ਤੇ ਇਹ ਵੇ ਜਿਹੜਾ ਨਫ਼ਾ ਛਕੀ ਜਾ ਰਿਹਾ ਏ। ਮੈਂ ਉਹਦੇ ਨਾਲ ਕਾਟ ਦਾ ਵੀ ਹਿੱਸਾ ਕੀਤਾ ਹੋਇਆ ਏ। ਉਹਨੇ ਮਸ਼ੀਨ ਸਾਰੀ ਬੜੀ ਚੰਗੀ ਤਰ੍ਹਾਂ ਮੁਰੰਮਤ ਕਰਕੇ ਚਾਲੂ ਕੀਤੀ ਏ, ਏਸ ਕੰਮ ਦਾ ਉਹ ਸੈਤਾਨ ਵਾਂਗ ਭੇਤੀ ਏ, ਪਰ ਸਭ ਮੇਰੇ ਹੀ ਸਿਰੇਂ। ਜਦੋਂ ਮੈਂ ਉਹਨੂੰ ਕਹਿੰਦਾ ਹਾਂ ਕਿ ਭਿਆਲੀ ਦਾ ਕਾਟ ਨਾਲ ਕੋਈ ਵਾਸਤਾ ਨਹੀਂ ਤਾਂ ਉਹ ਅੱਗੋਂ ਹੱਸ ਛੱਡਦਾ ਤੇ ਕਹਿੰਦਾ ਏ, 'ਜਦੋਂ ਚੋਰੀ ਕਰਨੀ ਹੋਵੇ ਤਾਂ ਚੋਰਾਂ ਵਿੱਚ ਇੱਕ ਅਸੂਲ ਹੋਣਾ ਚਾਹੀਦਾ ਏ: ਅੱਧੇ-ਅੱਧ। ਉਹ ਕੁਝ ਬਚਾਂਦਾ ਹੀ ਹੁੰਦਾ। ਸਹੁੰ ਏ ਓਹਨੂੰ ਜੇ ਉਹ ਕਦੇ ਕੁਝ ਬਚਾਏ, ਤੇ ਨਾ ਹੀ ਉਹ ਬਚਾਣਾ ਚਾਹਦਾ ਏ । ਮੈਂ ਤੇ ਸੋਚ ਰਿਹਾ ਹਾਂ, ਉਹਦੇ ਲਈ ਏਥੇ ਆਪਣੇ ਘਰ ਹੀ ਸ਼ਰਾਬਖ਼ਾਨਾ ਕਿਉਂ ਨਾ ਖੋਲ੍ਹ ਲਵਾਂ। ਹੋਰ ਕਿਸੇ ਦੇ ਬੋਝੇ ਵਿੱਚ ਇਹ ਸਭ ਪੈਸਾ ਕਿਉਂ ਜਾਏ ? ਤੇ ਥੱਲੇ, ਚੋਰੀ-ਚੋਰੀ ਆਪਣਾ ਤਾਲਾ ਲਾਣ ਦੀ ਕੀ ਸੁੱਝੀ ਸੂ।"
"ਕੀ ਆਖਿਆ ਈ ?" ਉਹਦੀ ਵਹੁਟੀ ਸਤਾਂਕਾ ਦੀ ਵਾਜ ਆਈ।
"ਮੈਂ ਏਸ ਮੌਤ-ਪੈਣੇ ਜਰਮਨ ਦੀ ਗੱਲ ਕਰ ਰਿਹਾ ਸਾਂ। ਅੱਜ ਉਹ ਕਾਟ ਦੇ ਆਟੇ ਉੱਤੇ ਆਪਣਾ ਨਿੱਜ ਦਾ ਤਾਲਾ ਠੋਕ ਗਿਆ ਈ!"
"ਤੇਰੇ ਨਾਲ ਸੁਥਰੀ ਹੋਈ ਏ, ਜਿਹੋ ਜਿਹਾ ਸਹੇੜਿਆ ਸੀ ਆਹ ਓਹੋ ਜਿਹਾ ਹੀ ਨਿੱਕਲਿਆ ਏ । ਜਿਹੜਾ ਲਫ਼ਗਾ ਰਾਹ ਵਿੱਚ ਮਿਲ ਪਏ, ਬਸ ਉਹਨੂੰ ਹੀ ਰਲਾ ਲੈਣ ਦਾ ਇਹ ਹੀ ਨਤੀਜਾ ਨਿੱਕਲਦਾ ਏ । ਆ ਹੁਣ ਹੋਰ ਇੱਕ ਮਾਮਲਾ ਨਿਬੇੜ। ਮੈਂ ਤੈਨੂੰ ਹੀ ਲੈਣ ਆਈ ਸਾਂ। ਉਹ ਪਿਚਰ ਜਹੀ ਮੇਰੀ ਭੈਣ ਈ ਮੇਰੇ ਆਖੇ ਵਿੱਚ ਨਹੀਂ ਰਹੀ। ਮੈਂ ਉਹਨੂੰ ਕਿਹਾ 'ਤੇਰਾ ਯਾਰ ਮਰ ਮੁੱਕ ਗਿਆ ਏ; ਤੇ ਉਹ ਅੱਗੋਂ ਹਿੜ-ਹਿੜ ਕਰ ਕੇ ਹੱਸਣ ਲੱਗ ਪਈ।"
ਗ੍ਹੀਤਜਾ ਨੇ ਅਜੀਬ ਮੂੰਹ ਬਣਾਇਆ ਤੇ ਫੇਰ ਗੁੱਸੇ ਨਾਲ ਹੋਰ ਲਾਲ ਹੋ ਗਿਆ, “ਪਤਾ ਨਹੀਂ ਲੱਗਦਾ ਮੈਂ ਕਿਹੜੇ ਖੂਹ ਵਿੱਚ ਜਾਵਾਂ। ਮੈਂ ਪਾਦਰੀ ਨਾਏ ਨਾਲ ਗੱਲ ਕੀਤੀ ਸੀ। ਉਹ ਏਸ ਯਤੀਮੜੀ ਨੂੰ ਆਪਣੇ ਹੱਥ ਵਿੱਚ ਲੈਣ ਦੇ ਰਾਹ ਹੀ ਨਹੀਂ ਪੈਂਦਾ, ਉਹੀ ਇਹਨੂੰ ਕਿਤੇ ਆਪਣੇ ਹੱਥ ਵਿੱਚ ਕਰ ਲਏ। ਮੈਂ ਤੇ ਪੰਜ ਸੌ ਫ਼ਰਾਂਕ ਦਾ ਨੋਟ ਦੇ ਕੇ ਉਹਦੀ ਮੁੱਠੀ ਵੀ ਗਰਮ ਕੀਤੀ, ਤਾਂ ਜੋ ਉਹ ਇਹਦੇ ਲਈ ਪ੍ਰਾਰਥਨਾ ਕਰੇ ਤੇ ਕੁਆਰੀ ਮਰੀਅਮ ਕੋਲ ਸਫ਼ਾਰਸ਼ ਪਾਏ