

ਖਰਚਣਾ ਪਿਆ... "
“ਉਹਦੀ ਤੈਨੂੰ ਕੀ ਪਰਵਾਹ ਏ ? ਅੱਜਕਲ੍ਹ ਤਾਂ ਤੇਰੀਆਂ ਪੰਜੇ ਘਿਉ ਵਿੱਚ ਨੇ... ਸੋ ਤੂੰ ਲੜਾਈ ਦੀਆਂ ਖ਼ਬਰਾਂ ਪੁੱਛਣ ਆਇਆ ਏਂ ?"
"ਬਿਲਕੁਲ, ਜਨਾਬ! ਹੋਰ ਆਪਸ ਵਿਚਲੇ ਸਭ ਵਿਹਾਰੀ ਮਾਮਲੇ ਤਾਂ ਅਸਾਂ ਨਜਿੱਠ ਹੀ ਲਏ ਹੋਏ ਨੇ । ਹੁਣ ਸਭ ਲੇਖਾ ਸਾਫ਼ ਏ।"
“ਲੜਾਈ ਦਾ ਹਾਲ ਭੈੜਾ ਏ ਗ੍ਹੀਤਜਾ। ਜੇ ਹੁਣ ਜਰਮਨਾਂ ਨੇ ਹੰਭਲਾ ਮਾਰ ਕੇ ਮਾਸਕਵੀ ਭੂਤਾਂ ਦੀਆਂ ਭੰਬੀਰੀਆਂ ਨਾ ਭੁਆਈਆਂ ਤਾਂ ਫੇਰ ਸਮਝ ਹਾਲਾਤ ਬੜੀ ਨਾਜ਼ਕ ਸ਼ਕਲ ਅਖ਼ਤਿਆਰ ਕਰ ਜਾਣਗੇ।"
"ਕਿਉਂ, ਹਜ਼ੂਰ ?" ਮਸ਼ੀਨ ਵਾਲੇ ਨੇ ਭਰ ਕੇ ਪੁੱਛਿਆ।
"ਕਿਉਂ ? ਤੱਕ ਗ੍ਹੀਤਜਾ, ਤੈਨੂੰ ਪਤਾ ਏ ਕਿ ਨਹੀਂ ਵੱਡਾ ਖ਼ਤਰਾ ਜਿਹੜਾ ਏਸ ਵੇਲੇ ਸਾਡੇ ਸਿਰ ਉੱਤੇ ਮੰਡਲਾ ਰਿਹਾ ਏ, ਉਹ ਇਹਨਾਂ ਬਾਲਸ਼ਵਿਕਾਂ ਦਾ ਏ, ਇਹਨਾਂ ਕਮਿਊਨਿਸਟਾਂ ਦਾ?"
"ਬਾਲਸ਼ਵਿਕਾ? - ਉਹ ਓਥੇ ਨੇ, ਤੇ ਅਸੀਂ ਏਥੇ !"
"ਬੜਾ ਅਫ਼ਸੋਸ ਏ, ਗ੍ਹੀਤਜਾ, ਜੇ ਤੇਰੇ ਪੱਲੇ ਏਨੀ ਕੁ ਈ ਅਕਲ ਏ।”
“ਤੁਹਾਡਾ ਮਤਲਬ ਏ ਜੇ ਉਹਨਾਂ ਜਰਮਨਾਂ ਨੂੰ ਭਾਂਜ ਦੇ ਲਈ, ਤਾਂ ਉਹ ਕੱਲ੍ਹ ਸਾਡੇ ਉੱਤੇ ਆ ਸਵਾਰ ਹੋਣਗੇ।"
"ਤੇ ਇਹ ਭੀਖ-ਮੰਗੇ, ਕੰਮੀ, ਕਮੀਣ, ਤੇ ਸਾਰੇ ਜੁੱਲੀ-ਚੁੱਕ ਬਗ਼ਾਵਤ ਕਰ ਦੇਣਗੇ, ਜਿਵੇਂ ਰੂਸ ਵਿੱਚ ਹੋਈ ਸੀ । ਮੈਨੂੰ ਏਸ ਲੜਾਈ ਦਾ ਤਾਂ ਨਹੀਂ, ਏਸ ਬਗ਼ਾਵਤ ਦਾ ਡਰ ਖਾਈ ਜਾ ਰਿਹਾ ਏ।"
"ਹਜ਼ੂਰ ਸ਼ੈਦ ਇਵੇਂ ਨਾ ਹੋਵੇ ਜਿਵੇਂ ਤੁਸੀਂ ਆਖ ਰਹੇ ਹੋ। ਮੇਰਾ ਤਾਂ ਖ਼ਿਆਲ ਏ ਲੜਾਈ ਮੁੱਕਣ ਤੇ ਲੋਕੀਂ ਅਮਨ-ਅਮਾਨ ਨਾਲ ਵਸਣ ਲਈ ਤਰਸ ਰਹੇ ਹੋਣਗੇ। ਉਹਨਾਂ ਨੂੰ ਨਹੀਂ ਕਿਸੇ ਅੜੇ ਇਨਕਲਾਬ ਦੀ ਲੋੜ। ਉਹਨਾਂ ਕੋਲ ਆਪਣਾ ਤਾਂ ਇੱਕ ਵੱਟਾ ਵੀ ਨਹੀਂ, ਇੱਕ ਛਮਕ ਵੀ ਨਹੀਂ, ਤੇ ਸਾਰੇ ਜਿਵੇਂ ਰੂੜੀਆਂ ਉੱਤੇ ਸੁਕਣੇ ਪਏ ਹੋਣ।"
"ਤੈਨੂੰ ਪਤਾ ਨਹੀਂ ਇਹਨਾਂ ਨੂੰ ਲੂਤੀਆਂ ਲਾਣ ਵਾਲੇ ਵੀ ਕਈ ਨੇ ? ਬਗਾਵਤਾਂ ਕਰਨੀਆਂ ਤਾਂ ਬਾਲਸ਼ਵਿਕਾਂ ਦਾ ਪੇਸ਼ਾ ਏ। ਜੇ ਅਸਾਂ ਛੇਤੀ ਹੀ ਕੋਈ ਬੰਦੋਬਸਤ ਕਰ ਕੇ ਇਹਨਾਂ ਨੂੰ ਫ਼ੌਲਾਦੀ ਹੱਥ ਨਾ ਪਾਏ ਤਾਂ ਹੋ ਸਕਦਾ ਏ ਹਾਲਤ ਬੜੀ ਭੈੜੀ ਹੋ ਜਾਏ।"
"ਤਾਂ ਫੇਰ ਛੇਤੀ ਹੀ ਫ਼ੌਲਾਦੀ ਹੱਥ ਪਾ ਲਓ, ਮਾਲਕ।" ਗੀਤਜ਼ਾ ਨੇ ਸਲਾਹ ਦਿੱਤੀ।
"ਮੇਰਾ ਮਤਲਬ ਸਰਕਾਰ ਤੋਂ ਏ, ਆਪਣੇ ਤੋਂ ਨਹੀਂ। ਸਰਕਾਰ ਦੇ ਹੱਥ ਤਾਕਤ ਏ, ਤੇ ਅਜਿਹਾ ਬੰਦੋਬਸਤ ਕਰਨਾ ਉਹਦਾ ਈ ਕੰਮ ਏ ।"
"ਪਰ ਹਜ਼ੂਰ, ਤੁਸੀਂ ਕਹਿ ਰਹੇ ਸੋ ਕਿ ਉਹ ਸਾਡੇ ਉੱਤੇ ਹਮਲਾ ਕਰਨ ਨੂੰ ਫਿਰਦੇ ਨੇ..."