

"ਮੈਂ ਇਹ ਹੀ ਕਿਹਾ ਸੀ, ਤੇ ਇਹ ਸੱਚ ਏ। ਤੇ ਇਹ ਵੀ ਸੱਚ ਏ ਕਿ ਹੁਣ ਸਾਡੇ ਕੋਲ ਗੁਆਣ ਨੂੰ ਬਹੁਤਾ ਵਕਤ ਨਹੀਂ ਰਿਹਾ। ਸੋ ਸਾਨੂੰ ਅਮਨ ਦੀ ਮੰਗ ਕਰਨੀ ਪਏਗੀ। ਕਦੇ-ਕਦੇ ਟੁੱਟ ਜਾਣ ਨਾਲੋਂ ਲਿਫ਼ ਜਾਣਾ ਚੰਗਾ ਹੁੰਦਾ ਏ।"
"ਇਹ ਠੀਕ ਏ, ਮਾਲਕ," ਗ੍ਹੀਤਜਾ ਨੇ ਹੁੰਗਾਰਾ ਭਰਿਆ।
"ਠੀਕ ਤਾਂ ਏ, ਪਰ ਅਸੀਂ ਇਹ ਕਰੀਏ ਕਿਵੇਂ ? ਸਾਨੂੰ ਚਤਰ ਬੰਦਿਆਂ ਦੀ ਲੋੜ ਏ ਜਿਹੜੇ ਬੜੀ ਸਫ਼ਾਈ ਨਾਲ ਇਹ ਸਭ ਕੁਝ ਨਿਪਟਾ ਲੈਣ।"
"ਕੋਈ ਰਾਹ ਨਿੱਕਲ ਹੀ ਆਏਗਾ, ਹਜ਼ੂਰ। ਜੋ ਮਾੜਾ ਮੋਟਾ ਸਾਡੇ ਕੋਲ ਏ, ਜੇ ਕਿਤੇ ਉਹਦੇ ਸਣੇ ਸਾਨੂੰ ਆਪਣੇ ਹਾਲ ਹੀ ਉਹ ਮਸਤ ਰਹਿਣ ਦੇਣ।"
"ਇਹ ਹੀ ਤਾਂ ਵਿੱਚੋਂ ਸਾਰਾ ਰੇੜਕਾ ਏ।"
"ਉਹ ਮੈਨੂੰ ਇੰਜੇ ਹੀ ਰਹਿਣ ਦੇਣ, ਕਿਉਂਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਕਿ ਮੈਂ ਕਿੱਧਰ ਨੂੰ ਮੂੰਹ ਕਰਾਂ । ਏਸੇ ਲਈ ਤਾਂ ਮੈਂ ਤੁਹਾਡੇ ਕੋਲ ਆਇਆ ਹਾਂ। ਮੈਂ ਤੁਹਾਡੇ ਵਰਗੇ ਪੜ੍ਹੇ-ਲਿਖੇ ਜਗੀਰਦਾਰ ਕੋਲੋਂ ਸਲਾਹ ਲੈਣੀ ਚਾਹਦਾ ਹਾਂ। ਤੁਸੀਂ ਓਸ ਕੁੜੀ ਨੂੰ ਜਾਣਦੇ ਹੀ ਹੋ, ਮੇਰੀ ਸਾਲੀ ਨੂੰ ? ਉਹ ਹੁਣ ਸਾਡੇ ਵਸ ਵਿੱਚ ਨਹੀਂ ਰਹੀ।"
ਤ੍ਰੈ-ਨੱਕਾ ਹੱਸ-ਹੱਸ ਕੇ ਦੂਹਰਾ ਹੋਣ ਲੱਗਾ, "ਉਹੀ ਜਿਸ ਨੂੰ ਤੂੰ ਕਾਨਵੈਂਟ ਵਿੱਚ ਭੇਜ ਕੇ ਉਹਦੀ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹਦਾ ਸੈਂ ?"
"ਨਹੀਂ ਏਸ ਕਰਕੇ ਤੇ ਮੈਂ ਉਹਨੂੰ ਓਥੇ ਨਹੀਂ ਸਾਂ ਭੇਜਦਾ, ਮਾਲਕ," ਘਬਰਾ ਕੇ ਮਸ਼ੀਨ ਵਾਲੇ ਨੇ ਆਪਣੇ ਬਚਾਅ ਕਰਨ ਦਾ ਉਪਰਾਲਾ ਕੀਤਾ।
"ਹੂੰ, ਮੈਨੂੰ ਭਲਾ ਪਤਾ ਏ ਕਿਸ ਕਰਕੇ ਭੇਜ ਰਿਹਾ ਸੈ । ਪਰ ਇਹ ਹਰ ਪੱਖ ਤੋਂ ਬੜੀ ਸਿਆਣੀ ਵਿਓਂਤ ਸੀ। ਹੋਰ ਕੁਝ ਨਹੀਂ ਤਾਂ ਤੈਨੂੰ ਜ਼ਮੀਨ ਦਾ ਇੰਤਜ਼ਾਮ ਕਰਨਾ ਤਾਂ ਖੂਬ ਔਂਦਾ ਏ।"
ਗ੍ਹੀਤਜਾ ਆਪਣੀ ਥੁੱਕ ਅੰਦਰ ਲੰਘਾਂਦਿਆਂ ਚੁੱਪ ਰਿਹਾ। ਫੇਰ ਉਹਨੇ ਮਾਲਕ ਕ੍ਰਿਸਤੀਆ ਵੱਲ ਚਾਨਚਕੇ ਬੌਂਦਲ ਗਈਆਂ ਅੱਖਾਂ ਨਾਲ ਵੇਖਿਆ ਤੇ ਕਿਹਾ, "ਮੈਂ ਇਹ ਵੀ ਅਵਾਈ ਸੁਣੀ ਏਂ ਕਿ ਮੀਤ੍ਰਿਆ ਪਿੰਡ ਮੁੜ ਆਏਗਾ।"
"ਪਹਿਲਾਂ ਤਾਂ ਅਫ਼ਵਾਹ ਸੀ ਕਿ ਉਹ ਮਰ ਗਿਆ ਏ।"
"ਉਹ ਮਰਿਆ ਨਹੀਂ - ਕੁਝ ਲੋਕੀਂ ਇੰਜ ਦੱਸ ਰਹੇ ਨੇ । ਜਾਪਦਾ ਏ ਓਥੋਂ ਖ਼ਬਰ ਆਈ ਏ..."
ਮਸ਼ੀਨ ਵਾਲਾ ਆਪਣਾ ਸਾਹ ਰੋਕ ਕੇ ਠਹਿਰ ਗਿਆ, ਤੇ ਓਸ ਦਾ ਨਿਰਣਾ ਉਡੀਕਣ ਲੱਗਾ ਜਿਸ ਨੂੰ ਉਹ ਆਪਣੇ ਤੋਂ ਵੱਧ ਹੁਸ਼ਿਆਰ ਸਮਝਦਾ ਸੀ ਕਿਉਂਕਿ ਉਹ ਜ਼ਿੰਦਗੀ ਵਿੱਚ 'ਵਧੇਰੇ ਕਾਮਯਾਬ' ਰਿਹਾ ਸੀ।
"ਜੇ ਉਹ ਆ ਹੀ ਜਾਏ ਤਾਂ ਤੈਨੂੰ ਕੀ ਫ਼ਰਕ ਪੈਂਦਾ ਏ ? ਉਹਦੇ ਵਰਗੇ ਕੰਗਲੇ ਨੂੰ ਤਾਂ ਸਬਰ ਕਰਨਾ ਚਾਹੀਦਾ ਏ ਕਿ ਉਹਦੀ ਜਾਨ ਬਚ ਗਈ ਏ, ਤੇ ਜੇ ਉਹਨੂੰ ਰੋਟੀ ਦੇ ਦੋ- ਚਾਰ ਟੁਕੜੇ ਮਿਲ ਗਏ ਤਾਂ ਫੇਰ ਲੱਖ-ਲੱਖ ਸ਼ੁਕਰ ਮਨਾਵੇ । ਨਾਲੇ ਤੈਨੂੰ ਫ਼ਿਕਰ ਕਾਹਦਾ ਤੇਰੀ