

ਰਾਏ ਵਿੱਚ..."
ਉਹ ਚੁੱਪਚਾਪ ਪਿੰਡ ਵੱਲ ਮੁੜ ਪਏ, ਤੇ ਤਾਰਿਆਂ-ਜੜੀ ਰਾਤ ਦੇ ਬੇ-ਕਿਨਾਰ ਅਸਮਾਨ ਥੱਲੇ ਏਧਰ-ਓਧਰ ਦੀਆਂ ਗੱਲਾਂ ਕਰਦੇ ਰਹੇ।
ਸਵੇਰੇ-ਸਵੇਰੇ ਛੇ ਵਜੇ ਤੋਂ ਵੀ ਪਹਿਲਾਂ ਫ਼ਿਕਰਮੰਦ ਤੇ ਕਠੋਰ ਮੂੰਹ ਲਈ ਮਾਲਕ ਕ੍ਰਿਸਤੀਆ ਆਪਣੀ ਬੱਘੀ ਵਿੱਚ ਬਹਿ ਗਿਆ। ਅੱਗੇ ਦੇ ਅਰਬੀ ਘੋੜੇ ਜੁਪੇ ਹੋਏ ਸਨ। ਹੌਲੀ-ਹੌਲੀ ਉਹਨੇ ਆਪਣੀ ਜਗੀਰ ਦਾ ਮੁਆਇਨਾ ਸ਼ੁਰੂ ਕੀਤਾ। ਹਰ ਕੋਈ ਆਪਣੀ ਥਾਂ ਉੱਤੇ ਖੜੋਤਾ ਸੀ। ਉਹਦਾ ਹੁਕਮ ਸੀ ਕਿ ਹਰ ਕੋਈ ਆਪਣੇ ਕੰਮ 'ਤੇ ਹੋਏ । ਫੇਰ ਉਹ ਬੜੀ ਕਾਹਲ ਵਿੱਚ ਪੰਛੀਵਾੜੇ ਵੱਲ ਨੂੰ ਹੋ ਪਿਆ। ਓਥੇ ਜਦੋਂ ਉਹਨੇ ਤੱਕਿਆ ਕਿ ਤਕਰੀਬਨ ਸਾਰੇ ਹੀ ਕੰਮ ਉੱਤੇ ਪਛੜ ਕੇ ਪੁੱਜੇ ਸਨ, ਤਾਂ ਉਹਨੂੰ ਬੜਾ ਗੁੱਸਾ ਚੜ੍ਹਿਆ। ਉਹਦੇ ਕਾਮੇ ਹਾਲੀ ਸਿਆੜਾਂ ਕੋਲ ਖੜੋਤੇ ਗੱਡਿਆਂ ਵੱਲ ਮਸਾਂ ਢੱਗੇ ਹੀ ਲਿਜਾ ਰਹੇ ਸਨ।
ਬੁੱਢੇ ਤ੍ਰਿਗਲੀਆ ਨੇ ਉਹਨੂੰ ਦੂਰੋਂ ਹੀ ਵੇਖ ਲਿਆ ਸੀ, ਤੇ ਉਹ ਥੋੜ੍ਹੇ ਜਿਹੇ ਘਰਾਂ ਵਿਚਾਲਿਓਂ ਲੰਘਦੀ ਸੜਕ ਉੱਤੇ ਖੜੋਤਾ ਉਹਨੂੰ ਉਡੀਕ ਰਿਹਾ ਸੀ। ਉਹਦਾ ਸਿਰ ਨੰਗਾ, ਤੇ ਸਵੇਰ ਸਾਰ ਹੀ ਹਵਾ ਉਹਦੇ ਚਿੱਟੇ ਵਾਲਾਂ ਨੂੰ ਖਿੰਡਾ ਰਹੀ ਸੀ । ਉਹਦੇ ਸੱਜੇ ਹੱਥ ਵਿੱਚ ਸੰਗਲੀ ਦਾ ਟੋਟਾ ਸੀ।
"ਇਹ ਸੰਗਲੀ ਕਹੀ ਏ ?" ਤ੍ਰੈ-ਨੱਕੇ ਨੇ ਬੱਘੀ ਰੋਕਦਿਆਂ ਪੁੱਛਿਆ।
"ਕੁਝ ਨਹੀਂ, ਮਾਲਕ, ਇਹ ਸਾਡੀਆਂ ਸੰਗਲੀਆਂ ਵਿੱਚੋਂ ਇੱਕ ਏ।"
ਮਾਲਕ ਕ੍ਰਿਸਤੀਆ ਇੱਕਦਮ ਕੁਝ ਵਧੇਰੇ ਉੱਚੀ ਬੋਲਿਆ, "ਤੂੰ ਅਮਨ ਹੋ ਜਾਣ ਦੀ ਖ਼ਬਰ ਸੁਣ ਲਈ ਏ ?"
"ਹਾਂ, ਅਸੀਂ ਸੁਣ ਲਈ ਏ।"
"ਕਦੋਂ। ਕਿਸ ਤਰ੍ਹਾਂ ?" ਤ੍ਰੈ-ਨੱਕੇ ਨੇ ਹੈਰਾਨ ਹੋ ਕੇ ਕਿਹਾ।
"ਕੱਲ੍ਹ ਇੱਕ ਗੱਭਰੂ ਪਿੰਡ ਗਿਆ ਸੀ, ਉਹ ਅੱਧੀ-ਰਾਤੀ ਪਰਤਿਆ ਤੇ ਓਨੇ ਸਾਨੂੰ ਦੱਸਿਆ ਏ।"
"ਚੰਗਾ, ਫੇਰ ਏਸ ਬਾਰੇ ਤੇਰਾ, ਤੇ ਹੋਰ ਤੁਹਾਡਾ ਸਭਨਾਂ ਦਾ ਕੀ ਖ਼ਿਆਲ ਏ। ਤੁਸੀਂ ਖੁਸ਼ ਹੋਏ ਓ ?"
"ਮਾਲਕ। ਏਸ ਵੇਲੇ ਤਾਂ ਸਾਨੂੰ ਕੁਝ ਪਤਾ ਨਹੀਂ। ਅਸੀਂ ਤਾਂ ਉਡੀਕ ਰਹੇ ਹਾਂ ਅੱਗੋਂ ਕੀ ਹੁੰਦਾ ਏ..." ਤ੍ਰਿਗਲੀਆ ਨੇ ਸੰਗਲੀ ਦੂਰ ਸੁੱਟ ਪਾਈ।
ਜਦੋਂ ਮਾਲਕ ਕ੍ਰਿਸਤੀਆ ਜਾਣ ਲੱਗਾ ਤਾਂ ਪਿੱਛੇ ਉਡੀਕਦੀ ਕਿਤਜ਼ਾ ਨੇ ਇੱਕ ਬਾਰੀ ਵਿੱਚੋਂ ਆਪਣੀ ਸਿਰੀ ਉੱਲੂ ਵਾਂਗ ਕੱਢੀ, ਤੇ ਬੱਘੀ ਨੂੰ ਦੂਰ ਜਾਂਦਿਆਂ ਵੇਖ ਕੇ ਆਪਣੀ ਭਰੜਾਈ ਵਾਜ ਵਿੱਚ ਚੀਕੀ, "ਹਾਏ ਲੋਹੜਾ! ਹੁਣੇ ਮੌਸਮ ਨਿੱਖਰਿਆ ਹੋਇਆ ਸੀ, ਤੇ ਹੁਣੇ ਕਿਵੇਂ ਹਨੇਰਾ ਹੁੰਦਾ ਜਾਂਦਾ ਏ।"