

17.
ਇੱਕ ਸਵੇਰੇ ਚਿਓਦੋਸੂ ਦੀ ਕੁੜੀ ਮਿਤਜ਼ਾ ਦੌੜੀ-ਦੌੜੀ ਮਸ਼ੀਨ ਉੱਤੇ ਆਈ। ਉਹ ਭਾਵੇਂ ਹਾਲੀ ਮਸਾਂ ਅੱਠਾਂ ਵਰ੍ਹਿਆਂ ਦੀ ਸੀ, ਪਰ ਬੱਕਰੀ ਵਾਂਗ ਚੇਤੰਨ, ਚੁਸਤ ਤੇ ਛੁਹਲੀ ਸੀ। ਉਹਨੇ ਆ ਕੇ ਕਿਹਾ, "ਬਾਪੂ ਕੁਝ ਦਾਣੇ ਪਿਹਾਣਾ ਚਾਹਦਾ ਏ, ਤੇ ਉਹ ਪੁੱਛਦਾ ਏ ਮਸ਼ੀਨ ਕਦੋਂ ਚੱਲੇਗੀ ?" ਫੇਰ ਉਹ ਕੁਝ ਚਿਰ ਲਈ ਨਾਸਤਾਸੀਆ ਨਾਲ ਖੇਡਣ ਚਲੀ ਗਈ। ਘਰ ਦੇ ਪਿਛਵਾੜੇ ਧੁੱਪੇ, ਪਰ ਹਵਾ ਦਾ ਉਹਲਾ ਲੱਭ ਕੇ ਉਹ ਤਕਲੀ ਚਲਾ ਰਹੀ ਸੀ।
ਚਿਓਦੋਸੂ ਊਤਜ਼ਾ ਦਾ ਸਭ ਤੋਂ ਨੇੜੇ ਦਾ ਗੁਆਂਢੀ ਸੀ।
"ਚਲੀ ਜਾ ਮਿਤਜ਼ਾ," ਨਾਸਤਾਸੀਆ ਨੇ ਕੰਨੀਂ ਕਤਰਾਂਦਿਆਂ ਕਿਹਾ, "ਮੇਰਾ ਖਹਿੜਾ ਛੱਡ, ਮੈਂ ਨਹੀਂ ਤੇਰੇ ਨਾਲ ਖੇਡਣਾ- ਮੈਂ ਬੜੀ ਉਦਾਸ ਹਾਂ..."
"ਤੈਨੂੰ ਉਦਾਸ ਨਹੀਂ ਹੋਣਾ ਚਾਹੀਦਾ । ਜਾ ਊਤਜ਼ਾ ਨੂੰ ਜਾ ਕੇ ਮਿਲ । ਉਹ ਆਂਹਦੀ ਸੀ, "ਮੈਨੂੰ ਮਿਲ ਕੇ ਨਾਸਤਾਸੀਆ ਬੜੀ ਖੁਸ਼ੀ ਹੋਏਗੀ।..."
ਦੌੜਦੀ ਨੱਚਦੀ, ਵਾੜਾਂ ਟੱਪਦੀ ਮਿਤਜ਼ਾ ਉਹ ਗਈ, ਉਹ ਗਈ। ਨਾਸਤਾਸੀਆ ਨੇ ਝੱਟ ਆਪਣੀ ਤਕਲੀ ਪਾਸੇ ਰੱਖ ਕੇ ਇੱਕ ਨਜ਼ਰ ਵੇਖਿਆ ਕਿ ਧੂੰਆਂ-ਧੂੰਆਂ ਹੋਏ ਚੁੱਲ੍ਹੇ ਕੋਲ ਸਤਾਂਕਾ ਕੀ ਕਰ ਰਹੀ ਸੀ, ਤੇ ਆਪਣੇ ਸਿਰ ਉੱਤੇ ਸੂਹਾ ਰੁਮਾਲ ਬੰਨ੍ਹ ਕੇ ਤੁਰ ਪਈ। ਉਹ ਜਾਣਦੀ ਸੀ ਕਿ ਪਿਛਲੇ ਦੋ ਦਿਨ ਉਹਦੀ ਧਰਮ-ਮਾਤਾ ਬਿਮਾਰ ਰਹੀ ਸੀ, ਉਹੀ ਪੁਰਾਣੀ ਗਠੀਏ ਵਾਲੀ ਕਸਰ ਸੀ। ਉਸ ਕੋਲੋਂ ਖੜੋਤਾ ਵੀ ਨਹੀਂ ਸੀ ਜਾਂਦੀ। ਜਦੋਂ ਉਹਨੇ ਰੋਟੀ ਪਕਾਣੀ ਹੁੰਦੀ ਤਾਂ ਵਿਚਾਰੀ ਨੂੰ ਪੂਰਾ ਅੱਧਾ ਘੰਟਾ ਖਾਣੇ ਦਾਣੇ ਵਾਲੇ ਕਮਰੇ ਵਿੱਚੋਂ ਚੁੱਲ੍ਹੇ ਤੱਕ ਜਾਂਦਿਆਂ ਲੱਗਦਾ ਸੀ । ਬਹੁਤਾ ਚਿਰ ਉਹ ਮੋਟੀ ਰਜ਼ਾਈ ਲੈ ਕੇ ਮੰਜੇ ਉੱਤੇ ਹੀ ਪਈ ਰਹਿੰਦੀ। ਚੰਗੀ ਕਿਸਮਤ ਨੂੰ ਉਹਦੇ ਗੁਆਂਢੀ ਤੇ ਅਣਗਿਣਤ ਧਰਮ-ਬਾਲ ਉਹਦੇ ਵੱਲ ਫੇਰਾ ਪਾਣਾ ਕਦੇ ਨਾ ਭੁੱਲਦੇ, ਤੇ ਉਹਦਾ ਕੋਈ ਨਾ ਕੋਈ ਕੰਮ ਕਰ ਜਾਂਦੇ ।
ਉਤਜ਼ਾ ਕੋਲ ਜਦੋਂ ਨਾਸਤਾਸੀਆ ਸਿਰ ਨੀਵਾਂ ਪਾਈ ਪੁੱਜੀ ਤਾਂ ਉਹਦੀਆਂ ਗੱਲ੍ਹ ਲਾਲ ਬਿੰਬ ਤੇ ਤੇਜ਼-ਤੇਜ਼ ਸਾਹ ਲੈਣ ਕਰ ਕੇ ਹਿੱਕ ਉੱਚੀ ਨੀਵੀਂ ਹੋ ਰਹੀ ਸੀ । ਉਹਦਾ ਦਿਲ ਬੜੇ ਜ਼ੋਰ-ਜ਼ੋਰ ਦੀ ਧਕ-ਧਕ ਕਰ ਰਿਹਾ ਸੀ। "ਮਾਂ, ਮੈਂ ਜਿੰਨੀ ਛੇਤੀ ਹੋ ਸਕਦਾ ਸੀ ਓਨੀ ਛੇਤੀ ਆਈ ਆਂ- ਕੀ ਗੱਲ ਏ ?"
ਉਤਜ਼ਾ ਆਪਣੀ ਮੰਜੀ ਦੇ ਕੰਢੇ ਉੱਤੇ ਬੈਠੀ ਹੋਈ ਸੀ। ਉਹਨੇ ਨਾਸਤਾਸੀਆ ਨੂੰ ਵਾਹੋਵਾਹੀ ਫਾਟਕ ਖੋਲ੍ਹਦਿਆਂ, ਵਿਹੜਾ ਛਾਲਾਂ ਨਾਲ ਪਾਰ ਕਰਦਿਆਂ, ਤੇ ਬੂਹੇ ਦਾ ਹੋੜਾ ਤਕਰੀਬਨ ਪੁੱਟਦਿਆਂ ਸੁਣਿਆ ਸੀ। " ਲਾਡੋ, ਖ਼ਬਰ ਚੰਗੀ ਏ,” ਉਹਨੇ ਮੁਸਕਰਾ ਕੇ ਕਿਹਾ।
"ਮੀਤ੍ਰਿਆ ਦੀ ਖ਼ਬਰ ?"
"ਹਾਂ। ਪਰ ਨਾਸਤਾਸੀਆ ਤੂੰ ਦੱਸ ਇਹ ਖੁਸ਼ੀ ਮੈਨੂੰ ਉਦਾਸ ਕਿਉਂ ਕਰ ਰਹੀ ਏ।"
“ਮੈਨੂੰ ਨਹੀਂ ਕੁਝ ਸੁਰ ਪਤਾ ਲੱਗਦਾ, ਮਾਂ। ਤੂੰ ਤਾਂ ਮੇਰਾ ਤਾਹ ਹੀ ਕੱਢ ਦਿੱਤਾ ਏ।"
"ਡਰ ਨਾ, ਬੱਲੋ... ਇੱਕ ਖ਼ਤ ਆਇਆ ਏ, ਤੇ ਹੁਣੇ ਮੈਂ ਉਹ ਤੈਨੂੰ ਫੜਾ ਦੇਂਦੀ