

"ਇਹ ਸੱਚ ਏ, ਮਾਂ।" ਘਾਬਰੀ ਹੋਈ ਨਾਸਤਾਸੀਆ ਨੇ ਮੰਨਿਆਂ, ਉਹਦੀਆਂ ਅੱਖਾਂ ਵਿੱਚ ਅੱਥਰੂ ਸਨ।"ਪਰ ਤੂੰ ਇਹ ਕਿਉਂ ਕਿਹਾ ਸੀ ਕਿ ਉਹ ਸਾਰੀ ਖੁਸ਼ੀ ਤੈਨੂੰ ਉਦਾਸ ਕਰ ਦੇਂਦੀ ਏ ?"
"ਕਿਉਂਕਿ ਮੈਂ ਬਿਮਾਰ ਹਾਂ, ਤੇ ਸਫ਼ਰ ਦੀ ਖੇਚਲ ਨਹੀਂ ਸਹਿ ਸਕਾਂਗੀ। ਏਸ ਖਸਮਾਂ ਨੂੰ ਖਾਣੇ ਗੰਠੀਏ ਨੇ ਮੈਨੂੰ ਕਾਸੇ ਜੋਗਾ ਨਹੀਂ ਰਹਿਣ ਦਿੱਤਾ। ਇਹ ਮੌਤ-ਪੈਣਾ ਮੈਨੂੰ ਸਿਆਲੇ ਵਿੱਚ ਜਾਂ ਪਿਛਲੀ ਪਤਝੜ ਦੀ ਬਹਾਰੇ ਕਿਉਂ ਨਾ ਹੋਇਆ, ਜਦੋਂ ਮੈਂ ਕਿਤੇ ਵੀ ਨਹੀਂ ਸੀ ਜਾਣਾ ?"
"ਮਾਂ, ਫੇਰ ਮੈਂ ਕੀ ਕਰਾਂਗੀ ? ਮੇਰੇ ਭਾਗ ਈ ਚੰਦਰੇ ਨੇ । ਗ੍ਹੀਤਜਾ! ਤਾਂ ਮੈਨੂੰ ਕਦੇ ਨਹੀਂ ਓਥੇ ਪੁਚਾਣ ਲੱਗਾ। ਉਹ ਤੇ ਇੰਜ ਕਹਿਰੀ ਅੱਖਾਂ ਨਾਲ ਮੇਰੇ ਵੱਲ ਤੱਕਦਾ ਏ - ਜਿਵੇਂ ਕਿਤੇ ਹੁਣੇ ਈ ਮੇਰੀ ਗਿੱਚੀ ਮਰੋੜਨ ਲੱਗਾ ਹੋਵੇ। ਤੇ ਆਪਣੇ ਭਰਾ ਨੂੰ ਮਿਲਣ ਨਾਲੋਂ ਤਾਂ ਉਹ ਆਪਣੀ ਬਾਂਹ ਕਟਾ ਲੈਣ ਲਈ ਛੇਤੀ ਤਿਆਰ ਹੋ ਜਾਏਗਾ।"
"ਰੱਬ ਉਹਨੂੰ ਨਰਕਾਂ ਵਿੱਚ ਸਾੜੇ।" ਉਤਜ਼ਾ ਨੇ ਕਿਹਾ।
"ਤੇ ਮੇਰੀ ਭੈਣ - ਉਹ ਤੇ ਮੈਨੂੰ ਜ਼ਹਿਰ ਪਿਆਲਣ ਵੀ ਕਸਰ ਨਾ ਛੱਡੇ "
"ਉਹ ਵੀ ਓਥੇ ਹੀ ਸੜੇ..."
"ਮੇਰੇ ਕੋਲ ਪੈਸੇ ਤਾਂ ਕਾਫ਼ੀ ਹੋਣਗੇ, ਮਾਂ! ਮੈਂ ਸਾਂਭ ਕੇ ਰੱਖੇ ਹੋਏ ਨੇ। ਪਰ ਮੈਂ ਤੇਰੇ ਬਿਨਾਂ ਜਾ ਕਿਵੇਂ ਸਕਦੀ ਹਾਂ ?"
"ਤੂੰ ਕੱਲਿਆਂ ਚਲੀ ਜਾਈਂ!” ਉਤਜ਼ਾ ਨੇ ਨਾਸਤਾਸੀਆ ਨੂੰ ਆਪਣੇ ਨਾਲ ਲਾ ਲਿਆ ਤੇ ਉਹਦੇ ਅੱਥਰੂ ਪੂੰਝੇ।
"ਤੇਰਾ ਖ਼ਿਆਲ ਏ ਮੈਂ ਕੱਲਿਆਂ ਚਲੀ ਜਾਵਾਂ ?"
"ਹਾਂ, ਕੱਲਿਆਂ। ਵੱਡੀ ਗੱਲ ਤਾਂ ਇਹ ਵੇ ਕਿ ਤੁਸੀਂ ਦੋਵੇਂ ਕਿਸੇ ਤਰ੍ਹਾਂ ਇੱਕ ਦੂਜੇ ਨੂੰ ਮਿਲ ਪਓ। ਮਿਲਣ ਪਿੱਛੋਂ ਤੂੰ ਪਰਤ ਆਈਂ। ਮੇਰਾ ਭਰਾ ਤੈਨੂੰ ਸ਼ਹਿਰ ਤੱਕ ਲੈ ਜਾਏਗਾ। ਉਹਦੀ ਵਹੁਟੀ ਮਰ ਚੁੱਕੀ ਏ - ਕੱਲਮ-ਕੱਲਾ ਹੀ ਰਹਿੰਦਾ ਏ, ਸੋ ਕਿਸੇ ਦੇ ਕੰਨੀਂ ਭਿਣਕ ਨਹੀਂ ਪੈਣ ਲੱਗੀ। ਤੂੰ ਗੱਡੀ ਫੜ ਕੇ ਸਿਬਿਊ ਚਲੀ ਜਾਈਂ। 'ਨਾਸਤਾਸੀਆ ਕਿੱਥੇ ਏ ? ਉਹ ਨੱਠ ਗਈ ਏ... ਊਤਜ਼ਾ ਨੂੰ ਇਹਦੇ ਬਾਰੇ ਕੁਝ ਪਤਾ ਨਹੀਂ। ਕਿਸੇ ਉਹਨੂੰ ਤੱਕਿਆ ਨਹੀਂ"। ਜਦੋਂ ਸਾਰੇ ਭੀਤ-ਸੁਭੀਤੀ ਇਹ ਗੱਲਾਂ ਕਰ ਰਹੇ ਹੋਣਗੇ ਤੂੰ ਓਥੇ ਆਪਣਾ ਕੰਮ ਨੇਪਰੇ ਚਾੜ੍ਹ ਰਹੀ ਹੋਏਂਗੀ। ਚੰਗਾ ਫੇਰ ਹੋਈ ਗੱਲ ! ਤਿਆਰ ਰਹੀ ਤੇ ਅੱਜ ਮਾਨੋਲ ਤੈਨੂੰ ਲੈਣ ਆਏਗਾ ਤੇ ਟੇਸ਼ਨ ਤੱਕ ਛੱਡ ਆਏਗਾ। ਫ਼ਿਕਰ ਉੱਕਾ ਨਾ ਕਰੀਂ। ਬਸ ਇੱਕ ਖ਼ਿਆਲ ਰੱਖੀਂ, ਬੁਖ਼ਾਰੈਸਟ ਤੋਂ ਬੜੇ ਲੋਕੀ ਚੜ੍ਹਨਗੇ । ਉਹਨਾਂ ਵਿੱਚੋਂ ਕੋਈ ਨਾ ਕੋਈ ਅਜਿਹਾ ਹਮਦਰਦ ਤੈਨੂੰ ਜ਼ਰੂਰ ਲੱਭ ਪਏਗਾ ਜਿਹੜਾ ਤੇਰਾ ਰਾਹ ਵਿੱਚ ਖ਼ਿਆਲ ਰੱਖੇ। ਪੈਸੇ ਦਾ ਵਸਾਹ ਨਾ ਕਰੀਂ, ਚੰਗੀ ਤਰ੍ਹਾਂ ਆਪਣੀ ਛਾਤੀ ਨਾਲ ਲਾ ਕੇ ਚੋਲੀ ਥੱਲੇ ਰੱਖ ਲਈ। ਮੈਂ ਰਾਹ ਵਿੱਚ ਖਾਣ ਵਾਲੀਆਂ ਚੀਜ਼ਾਂ ਇੱਕ ਨਿੱਕੀ ਜਿਹੀ ਪਟਾਰੀ ਵਿੱਚ ਤੈਨੂੰ ਪਾ ਦਿਆਂਗੀ। ਤੂੰ ਮੇਰੇ ਵੰਡੇ ਦੀ ਵੀ ਮੀਤ੍ਰਿਆ ਨੂੰ ਇੱਕ ਜੱਫੀ ਪਾਈਂ ।"