

"ਹਾਂ, ਜ਼ਰੂਰ, ਮਾਂ", ਕੁੜੀ ਨੇ ਕਾਹਲੀ ਨਾਲ ਉਹਨੂੰ ਯਕੀਨ ਦੁਆਂਦਿਆਂ ਕਿਹਾ।
ਉਹ ਸਾਰਾ ਦਿਨ ਸਹਿਮੀ-ਸਹਿਮੀ ਏਧਰ ਓਧਰ ਭੌਂਦੀ ਰਹੀ, ਜਿਵੇਂ ਕਿਤੇ ਉਹ ਬਿਮਾਰ ਹੋਏ। ਸ਼ਾਮ ਨੂੰ ਉਹ ਮਸ਼ੀਨ ਤੋਂ ਪਰਛਾਵੇਂ ਵਾਂਗ ਅਲੋਪ ਹੋ ਗਈ।
ਦੋ ਦਿਨਾਂ ਪਿੱਛੋਂ ਸਾਰੇ ਪਿੰਡ ਅੰਦਰ ਇਹ ਖ਼ਬਰ ਧੁੰਮ ਗਈ । ਸਾਰੀ ਰਾਤ ਤੇ ਮੰਗਲ ਦਾ ਸਾਰਾ ਦਿਨ ਮਸ਼ੀਨ ਵਾਲੇ ਤੇ ਉਹਦੀ ਵਹੁਟੀ ਨੇ ਨਾਸਤਾਸੀਆ ਦੀ ਗ਼ੈਰ-ਹਾਜ਼ਰੀ ਨੂੰ ਲੁਕਾਣ ਦਾ ਜਤਨ ਕੀਤਾ। ਬੁੱਧਵਾਰ ਨੂੰ ਗ੍ਹੀਤਜਾ ਥਾਣੇ ਗਿਆ। ਤੇ ਜਿਉਂ ਹੀ ਪੁਲੀਸ ਸਾਰਜੰਟ ਦਾਂਤਜ਼ਿਚ ਨੇ ਪੁੱਛ ਪੜਤਾਲ ਸ਼ੁਰੂ ਕੀਤੀ, ਏਸ ਭੇਤ ਨੂੰ ਲੁਕਾਣਾ ਔਖਾ ਹੋ ਗਿਆ।
ਮਸ਼ੀਨ 'ਤੇ ਪੁੱਜ ਕੇ ਗ੍ਹੀਤਜਾ ਮੇਜ਼ ਉੱਤੇ ਜਾ ਬੈਠਾ । ਸਤਾਂਕਾ ਉਹਦੀ ਪਲੇਟ ਵਿੱਚ ਤਰੀ ਪਾਂਦੀ ਰਹੀ ਤੇ ਨਾਲ-ਨਾਲ ਦੱਸਦੀ ਰਹੀ ਕਿ ਇੰਜ ਜਾਪਦਾ ਸੀ ਕੁੜੀ ਕਿਸੇ ਖੂਹ ਵਿੱਚ ਡਿੱਗ ਪਈ ਹੈ। ਮਸ਼ੀਨ ਵਾਲੇ ਨੇ ਆਪਣੀ ਆਦਤ ਮੂਜਬ ਕੰਨ ਦੇ ਪਿੱਛੇ ਖੁਰਕਿਆ ਤੇ ਆਪਣਾ ਸਿਰ ਹਿਲਾਇਆ। ਉਹ ਕਮਰੇ ਦੀ ਇੱਕ ਹਨੇਰੀ ਨੁੱਕਰ ਵੱਲ ਲਗਾਤਾਰ ਇੰਜ ਝਾਕਦਾ ਰਿਹਾ, ਜਿਵੇਂ ਓਥੋਂ ਉਹਨੂੰ ਕੁਝ ਬੜੀ ਡਰਾਉਣੀ ਸ਼ਕਲ ਨਜ਼ਰ ਆ ਰਹੀ ਹੋਏ। ਉਹਦਾ ਮੂੰਹ ਅਜੀਬ ਬਣਿਆ ਹੋਇਆ ਸੀ, "ਸਤਾਂਕਾ, ਡਾਢੇ ਫਾਥੇ ਹਾਂ ।"
"ਕਿਉਂ ? ਏਸ 'ਚ ਤੇਰਾ ਕੀ ਕਸੂਰ ਏ ?"
"ਹਾਂ - ਮੈਨੂੰ ਪਤਾ ਏ," ਉਹਨੇ ਉਹਦੇ ਵੱਲ ਤੱਕੇ ਬਿਨਾਂ ਹੌਲੀ ਜਹੀ ਕਿਹਾ, "ਖੂਹ ਬਾਰੇ ਤੈਨੂੰ ਕਿਸ ਦੱਸਿਆ ਏ ?"
“ਕੁਝ ਬੰਦੇ ਸਨ ਜਿਹੜੇ ਬੋਰੀਆਂ ਰੱਖਦੇ ਏਥੋਂ ਲੰਘੇ ਸਨ।"
"ਤੇ ਉਹਨਾਂ ਨੂੰ ਕਿੰਨਾ ਕੁ ਪਤਾ ਸੀ? ਕੀ ਉਹਨਾਂ ਉਹਨੂੰ ਵੇਖਿਆ ਏ ? ਕੀ ਉਹਨਾਂ ਉਹਨੂੰ ਸਾਡੇ ਖੂਹ 'ਚੋਂ ਕੱਢਿਆ ਏ ?"
"ਤੈਨੂੰ ਕੀ ਹੋ ਗਿਆ ਏ, ਗ੍ਹੀਤਜਾ ? ਉਹ ਤੇ ਐਵੇਂ ਸੁਣੀ ਸੁਣਾਈ ਗੱਲ ਕਰ ਰਹੇ ਸਨ । ਤੈਨੂੰ ਝੱਟ ਆਪਣੇ ਖੂਹ ਦਾ ਖ਼ਿਆਲ ਕਿਵੇਂ ਆ ਗਿਆ ?"
"ਨਹੀਂ, ਐਵੇਂ ਹੀ ਪੁੱਛ ਰਿਹਾ ਸਾਂ । ਕੀ ਤੈਨੂੰ ਕੁਝ ਪਤਾ ਏ ?"
ਗ੍ਹੀਤਜਾ ਉਹਨੂੰ ਅਜੀਬ ਤਰ੍ਹਾਂ ਵੇਖ ਰਿਹਾ ਸੀ, ਉਹਦੀਆਂ ਅੱਖਾਂ ਵੇਖ ਕੇ ਸਤਾਂਕਾ ਇੱਕ ਦਮ ਤਹਿ ਗਈ। ਉਹ ਆਪਣੇ ਹੱਥ ਤੇ ਹੱਥ ਮਾਰ ਕੇ ਚੀਕ ਪਈ।
"ਹਾਏ... ਹੁਣ ਮੈਨੂੰ ਪਤਾ ਲੱਗਾ ਏ। ਖਾਣਾ ਛੱਡ। ਝੱਟ ਪੱਟ ਨੱਠ ਜਾਹ ਜਾ ਕੇ ਵੇਖ। ਖੂਹ ਵਿੱਚ ਤੰਗਲੀ ਸੁੱਟ ਕੇ ਵੇਖ। ਹਾਏ ਉਏ ਰੱਬਾ ! ਕੁਆਰੀ ਮਰੀਅਮ ਏਸ ਕੁਲਹਿਣੀ ਨੂੰ ਕੁੰਭੀ ਨਰਕ ਵਿੱਚ ਪਾਏ।"
ਗ੍ਹੀਤਜਾ ਉੱਠਿਆ, ਜਿਵੇਂ ਉਹਨੂੰ ਕਿਤੇ ਪੀੜ ਹੋ ਰਹੀ ਹੋਏ, ਉਹ ਏਸ ਵੇਲੇ ਉੱਚਾ-ਉੱਚਾ ਲੱਗ ਰਿਹਾ ਸੀ। "ਕੀ ਤੂੰ ਉਹਨੂੰ ਇੰਜ ਕਰਨ ਲਈ ਮਜ਼ਬੂਰ ਕੀਤਾ ਏ, ਸਤਾਂਕਾ ?" ਉਹ ਆਪਣੀਆਂ ਬਾਹਾਂ ਉਹਨੂੰ ਕੁੱਟਣ ਲਈ ਚੁੱਕਦਿਆਂ ਭਬਕਿਆ।
"ਕੀ ਆਖ ਰਿਹਾ ਏਂ?" ਸਤਾਂਕਾ ਦੀਆਂ ਅੱਖਾਂ ਟੱਡੀਆਂ ਹੋਈਆਂ ਸਨ, ਤੇ ਉਹਨੇ ਅੱਗੋਂ ਹਿਲਣ ਦਾ ਕੋਈ ਜਤਨ ਨਾ ਕੀਤਾ।