

"ਏਥੇ ਬਹਿ ਜਾ, ਮੇਰੀਏ ਤਿਤਲੀਏ। ਕੁਝ ਨਿੱਘ ਲੈ ਲੈ ਤੇ ਸਾਰਾ ਹਾਲ ਮੈਨੂੰ ਦੱਸ। ਤੂੰ ਗੱਲਾ ਕਰਦੀ ਜਾ ਤੇ ਮੈਂ ਤੇਰੇ ਖਾਣ ਲਈ ਕੁਝ ਬਣਾਦੀ ਹਾਂ।"
"ਮੈਨੂੰ ਉੱਕਾ ਭੁੱਖ ਨਹੀਂ।"
"ਨਹੀਂ, ਤੈਨੂੰ ਜ਼ਰੂਰ ਕੁਝ ਖਾਣਾ ਚਾਹੀਦਾ ਏ। ਤੈਨੂੰ ਗੱਲਾਂ ਕਰਨ ਲਈ ਤਾਕਤ ਚਾਹੀਦੀ ਏ।"
"ਮੈਂ ਕੀ ਗੱਲ ਕਰਾਂ ? ਕੁਝ ਵੀ ਕਹਿਣ ਨੂੰ ਨਹੀਂ। ਮੈਂ ਉਹਨੂੰ ਮਿਲੀ, ਬਸ।"
"ਕੀ ਤੂੰ ਮੇਰੇ ਵੰਡੇ ਦਾ ਉਹਨੂੰ ਚੁੰਮਿਆਂ ਸੀ ?”
“ਉਫ਼…ਹਾਇ ਮਾਂ । ਇਹ ਤੇ ਮੈਂ ਭੁੱਲ ਹੀ ਗਈ।"
ਉਹ ਹੱਸਦੀ-ਹੋਸਦੀ ਆਪਣੇ ਕੇਸ ਸੁਆਰਨ ਲੱਗ ਪਈ। ਆਪਣੇ ਰੁਮਾਲ ਦੇ ਥੱਲੇ, ਖੋਬੇ ਕੰਨ ਦੇ ਕੋਲ ਹਾਲੀ ਵੀ ਉਹਨੇ ਸੂਹਾ ਫੁੱਲ ਟੰਗਿਆ ਹੋਇਆ ਸੀ। ਹੁਣ ਭਾਵੇਂ ਇਹ ਕੁਮਲਾ ਕੇ ਪੀਲਾ ਪੈ ਚੁੱਕਿਆ ਸੀ, ਪਰ ਉਹਨੇ ਇਹ ਪਹਿਲੀ ਵਾਰ ਓਦਨ ਟੰਗਿਆ ਸੀ ਜਿਸ ਦਿਨ ਨੂੰ ਉਹ ਸਾਰੀ ਉਮਰ ਨਹੀਂ ਭੁਲਾ ਸਕੇਗੀ...
"ਕੀ ਤੂੰ ਕਿਹਾ ਏ ਉਹ ਬਿਮਾਰ ਰਿਹਾ ਏ ?"
"ਹਾਂ - ਪਰ ਹੁਣ ਰਾਜ਼ੀ ਏ।"
"ਏਨੀ ਸੌਖੀ ਤਰ੍ਹਾਂ ਨਹੀਂ ਇਹ ਪੀਲੀਏ ਦਾ ਰੋਗ ਖਹਿੜਾ ਛੱਡਦਾ। ਤੈਨੂੰ ਤੱਕ ਕੇ ਉਂਜੇ ਹੀ ਉਹਦੇ ਮੂੰਹ ਉੱਤੇ ਰੌਣਕ ਆ ਗਈ ਹੋਣੀ ਏ। ਪੂਰੀ ਤਰ੍ਹਾਂ ਰਾਜ਼ੀ ਹੋਣ ਲਈ ਉਹਨੂੰ ਹਫ਼ਤੇ ਵਿੱਚ ਤਿੰਨ ਵਾਰ ਕਾਲੇ ਘੋੜੇ ਦੀ ਕਲੇਜੀ ਖਾਣੀ ਚਾਹੀਦੀ ਏ ਤੇ ਦਿਨ ਵਿੱਚ ਤਿੰਨ ਵਾਰ ਸੰਤ ਜਾਨ ਦੀ ਬੂਟੀ ਦਾ ਕਾੜਾ ਪੀਣਾ ਚਾਹੀਦਾ ਏ... ਜੇ ਕਾਲਾ ਨਹੀਂ ਲੱਭਦਾ ਤਾਂ ਚਿੱਟਾ ਘੋੜਾ ਹੀ ਸਹੀ, ਪਰ ਉਹਨੂੰ ਕਲੇਜੀ ਜ਼ਰੂਰ ਖਾਣੀ ਚਾਹੀਦੀ ਹੈ।"
"ਅੱਜ ਕੱਲ੍ਹ ਲੜਾਈ ਦੇ ਦਿਨ ਨੇ, ਉਹਦੇ ਪੂਰੇ ਇਲਾਜ਼ ਲਈ ਚੀਜ਼ਾਂ ਉਹਨੂੰ ਕਿੱਥੋਂ ਲੱਭਣਗੀਆਂ। ਜਿੱਕਣ ਵੀ ਏ, ਉਹ ਕਹਿੰਦਾ ਸੀ ਕਿ ਹੁਣ ਉਹ ਅੱਗੇ ਨਾਲੋਂ ਬੜਾ ਰਾਜ਼ੀ ਏ। ਡਾਕਟਰ ਉਹਨੂੰ ਹਸਪਤਾਲ ਭੇਜਣਾ ਚਾਹਦੇ ਨੇ, ਪਰ ਉਹ ਮੰਨਦਾ ਹੀ ਨਹੀਂ। ਉਹ ਕਹਿੰਦਾ ਏ, 'ਸਭ ਤੋਂ ਪਹਿਲਾਂ ਸਾਨੂੰ ਆਪਣਾ ਹੱਥਲਾ ਕੰਮ ਮੁਕਾਣਾ ਚਾਹੀਦਾ ਏ - ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ। ਜਦੋਂ ਇਹ ਮੁੱਕ ਜਾਏਗਾ ਤਾਂ ਫੇਰ ਮੈਂ ਢੱਠੀ-ਕੰਢੀ ਆਵਾਂਗਾ, ਜਿੱਥੇ ਮੈਂ ਕਿਸੇ ਨਾਲ ਲੇਖਾ ਨਿਬੇੜਨਾ ਏ,' ਇੰਜ ਕਹਿੰਦਾ ਸੀ ਉਹ ਮੈਨੂੰ ।"
ਉਤਜ਼ਾ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਉੱਤੇ ਟਿਕੀਆਂ ਹੋਈਆਂ ਸਨ, ਉਹਨੇ ਆਪਣਾ ਸਿਰ ਹਿਲਾਂਦਿਆਂ ਕਿਹਾ, "ਉਹਨੂੰ ਪਹਿਲੋਂ ਏਥੇ ਆਣਾ ਚਾਹੀਦਾ ਸੀ। ਉਹਨੂੰ ਪਹਿਲਾਂ ਆਪਣੀ ਸਿਹਤ ਠੀਕ ਕਰ ਲੈਣੀ ਚਾਹੀਦੀ ਏ ਤਾਂ ਜੋ ਤੇਰੇ ਨਾਲ ਵਿਆਹ ਕਰਾ ਸਕੇ । ਤੇ ਬਾਕੀ ਸਭ ਕੁਝ ਫੇਰ ਵੇਖਿਆ ਜਾ ਸਕਦਾ ਏ। ਹੋਰ ਕੁਝ ਨਹੀਂ ਸੀ ਕਿਹਾ ਉਹਨੇ ?" ਉਹਦੀ ਧਰਮ-ਮਾਂ ਨੇ ਅੱਖਾਂ ਦੇ ਕੋਇਆ ਵਿੱਚ ਉਹਦੇ ਵੱਲ ਝਾਕਿਆ। ਨਾਸਤਾਸੀਆ ਨੇ ਨੀਵੀਂ ਪਾ ਲਈ ਜਿਵੇਂ ਕਿਤੇ ਉਹ ਉਤਜਾ ਦੇ ਨੱਕ ਉੱਤੇ ਆਰਪਾਰ ਮਿਲਦੇ ਮੋਟੇ-ਮੋਟੇ ਭਰਵੱਟਿਆਂ ਤੋਂ ਡਰ ਗਈ ਹੋਏ।