

"ਹੂੰ," ਮਸ਼ੀਨ ਵਾਲੇ ਨੇ ਕਿਹਾ, "ਸੁਥਰੀ ਹੋਈ ਸੂ! ਉਹਦੇ ਨਾਲ ਹੋਣੀ ਈ ਇੰਜ ਚਾਹੀਦੀ ਸੀ।"
ਚਰਨੈਤਜ਼ ਨੇ ਕੁਝ ਹੈਰਾਨੀ ਦੱਸੀ, "ਉਹ ਵੀ ਇੱਕ ਗ਼ਰੀਬ ਆਦਮੀ ਸੀ- ਉਹਨੂੰ ਉਹਨਾਂ ਬਦੋ-ਬਦੀ ਇੱਕ ਜੰਗ ਵਿੱਚ ਧੱਕਿਆ ਸੀ, ਤੇ ਉਹ ਨੱਠ ਆਇਆ। ਤੇ ਸਾਡੇ ਆਪਣੇ ਜਵਾਨ, ਜਿਨ੍ਹਾਂ ਦੀਆਂ ਹੱਡੀਆਂ ਅੱਜ ਰੂਸ ਦੇ ਮੈਦਾਨਾਂ ਵਿੱਚ ਰੁਲ ਰਹੀਆਂ ਨੇ, ਕੀ ਉਹ ਲੜਨਾ ਚਾਹਦੇ ਸਨ ? ਕੌਣ ਲੜਨਾ ਚਾਹਦਾ ਏ ?"
"ਉਹ ਜਰਮਨ ਤਾਂ ਚੋਰ ਸੀ। ਉਹਨੇ ਮੇਰਾ ਸੱਤਿਆਨਾਸ ਕਰ ਦਿੱਤਾ ਏ।"
“ਸੱਚੀ ? ਰਤਾ ਮੇਰੀਆਂ ਅੱਖਾਂ ਵਿੱਚ ਤੱਕ ਕੇ ਇੱਕ ਵਾਰ ਫੇਰ ਇਹ ਕਹਿ ਖ਼ਾਂ।"
ਸਾਰੇ ਲੋਕ ਇੱਕ ਦੂਜੇ ਨੂੰ ਕੂਹਣੀਆਂ ਮਾਰਦੇ ਦੰਦੀਆਂ ਕੱਢਣ ਲੱਗ ਪਏ।
"ਉਹਨੇ ਮੇਰਾ ਸਤਿਆਨਾਸ ਕਰ ਦਿੱਤਾ! ਮੈਂ ਤੁਹਾਨੂੰ ਦਸ ਜਾ ਰਿਹਾ ਆਂ ਉਹਨੇ ਮੈਨੂੰ ਕੱਖੋਂ ਹੌਲਾ ਕਰ ਛੱਡਿਆ ਏ," ਗ੍ਹੀਤਜਾ ਕੋਸਦਾ ਗਿਆ।
"ਤੇ ਉਹਦਾ ਕੀ ਬਣਿਆਂ ? ਕੀ ਉਹ ਬੜਾ ਅਮੀਰ ਹੋ ਗਿਆ ਸੀ ?"
"ਨਹੀਂ, ਉਹ ਭਾਵੇਂ ਅਮੀਰ ਨਹੀਂ ਹੋਇਆ, ਪਰ ਉਹਨੇ ਮੇਰਾ ਨਾਸ ਜ਼ਰੂਰ ਪੁੱਟ ਦਿੱਤਾ।"
"ਚਲੋ ਜੋ ਵੀ ਹੋਇਆ - ਪਰ ਏਸ ਕਰ ਕੇ ਤਾਂ ਉਹ ਨਹੀਂ ਮਾਰਿਆ ਗਿਆ। ਉਹ ਲੜਾਈ ਕਰਕੇ ਮਾਰਿਆ ਗਿਆ ਏ। ਇਹ ਜਰਮਨ ਅਜਿਹੇ ਬੰਦੇ ਨੇ ਜਿਹੜੇ ਕਦੇ ਹਾਸਾ ਠੱਠਾ ਨਹੀਂ ਕਰਦੇ। ਉਹ ਜਦੋਂ ਏਥੇ ਸਾਡੇ ਪਿੰਡ ਜਾਂ ਕੋਠੀ ਕਦੇ-ਕਦੇ ਆਉਂਦੇ ਹੁੰਦੇ ਸਨ, ਤਾਂ ਸਾਡੇ ਵਰਗੇ ਹੀ ਬੰਦੇ ਲੱਗਦੇ ਸਨ; ਪਰ ਇਹਨਾਂ ਮੌਤ-ਪੈਣੇ ਜਰਵਾਣਿਆਂ ਨੇ ਕੀ ਨਹੀਂ ਕੀਤਾ ? ਏਥੇ ਸਾਡੇ ਦੇਸ਼ ਵਿੱਚ ਤੇ ਜਿੱਥੇ ਵੀ ਹੋਰ ਕਿਤੇ ਉਹ ਗਏ ਨੇ- ਪੋਲੈਂਡ, ਫ਼ਰਾਂਸ, ਤੇ ਰੂਸ, ਤੇ ਹੋਰ ਜਿਨ੍ਹਾਂ-ਜਿਨ੍ਹਾਂ ਦੇਸ਼ਾਂ 'ਤੇ ਉਹਨਾਂ ਹਮਲੇ ਕੀਤੇ, ਉਹਨਾਂ ਲੁੱਟਿਆ, ਅੱਗਾਂ ਲਾਈਆਂ, ਸ਼ਹਿਰਾਂ ਦੇ ਸ਼ਹਿਰ ਬਾਰੂਦ ਨਾਲ ਉਡਾ ਦਿੱਤੇ। ਉਹਨਾਂ ਯਹੂਦੀਆਂ ਦੀਆਂ ਚਮੜੀਆਂ ਦੇ ਢੋਲ ਬਣਾਏ। ਤਾਤਾਰਾਂ ਦੇ ਵੇਲਿਆਂ ਤੋਂ ਪਿੱਛੋਂ ਕਿਸੇ ਅਜਿਹੇ ਜ਼ੁਲਮ ਤੇ ਤਬਾਹੀ ਨਹੀਂ ਸੀ ਵੇਖੀ। ਤਾਤਾਰ ਲੋਕਾਂ ਦੀਆਂ ਆਂਦਰਾਂ ਵਾੜਾਂ ਉੱਤੇ ਸੁੱਕਣੀਆਂ ਪਾਂਦੇ ਹੁੰਦੇ ਸਨ ।...”
"ਉਹ ਬੜੀ ਮਜ਼ਬੂਤ ਕੌਮ ਨੇ !" ਮਸ਼ੀਨ ਵਾਲਾ ਵਿੱਚੋਂ ਬੋਲ ਪਿਆ।
"ਕਿਸ ਤਰ੍ਹਾਂ ? ਜ਼ਰਾ ਖੋਲ੍ਹ ਕੇ ਦੱਸ।"
“ਇਹ ਸਮਝਣਾ ਤਾਂ ਬੜਾ ਸੌਖਾ ਏ। ਜਿਹੜੇ ਤਕੜੇ ਹੁੰਦੇ ਨੇ ਉਹ ਆਪਣੀ ਤਾਕਤ ਸਦਕਾ ਕਿਵੇਂ ਨਾ ਕਿਵੇਂ ਅੱਗੇ ਵਧ ਨਿੱਕਲਦੇ ਤੇ ਆਪਣੀ ਕੀਤੀ ਮੰਨਵਾਦੇ ਨੇ ਜਿਵੇਂ ਸਿਆਣੇ ਆਪਣੀ ਸਿਆਣਪ ਸਦਕਾ।"
"ਇਹ ਵੇ ਤੇਰਾ ਨਿਆਂ ਗ੍ਹੀਤਜਾ? ਜੋ ਸਾਡੇ ਭਾਈਬੰਦਾਂ ਨਾਲ ਹੋਈ ਏ, ਜੋ ਮੁਸੀਬਤਾਂ ਸਾਡੇ ਆਪਣੇ ਸਿਰ ਆਈਆਂ ਨੇ - ਕੀ ਤੈਨੂੰ ਆਪਣੇ ਤਬਾਹ ਹੋਏ ਪਿੰਡ, ਤੇ ਨਿਆਸਰੀਆਂ ਰਹਿ ਗਈਆਂ ਵਿਧਵਾ ਜ਼ਨਾਨੀਆਂ ਤੇ ਬੁੱਢੇ ਆਦਮੀ ਨਹੀਂ ਦਿਸਦੇ ? ਇਸ ਸਭ ਕੁਝ ਦੇ ਬਾਅਦ ਵੀ ਤੂੰ ਇਹਨਾਂ ਜਰਮਨਾਂ ਦੀ ਤਾਰੀਫ਼ ਕਰਨੋਂ ਨਹੀਂ ਟਲ਼ਦਾ।"