

ਕੱਟਦਾ ਰਿਹਾ ਏ ਤਾਂ ਜੋ ਆਪਣਾ ਟੱਬਰ ਪਾਲ ਸਕੇ । ਭਲਾ ਤੂੰਹੀਉਂ ਦੱਸ ਖ਼ਾਂ ਨੀਤਜ਼ਾ, ਜਦੋਂ ਦਾ ਤੂੰ ਏਸ ਦੁਨੀਆਂ ਤੇ ਆਇਆ ਏਂ ਕਦੇ ਕੋਈ ਖੁਸ਼ੀ ਦੀ ਘੜੀ ਤੈਨੂੰ ਨਸੀਬ ਹੋਈ ਏ ?"
"ਇੱਕ ਵੀ ਨਹੀਂ," ਨੀਤਜ਼ਾ ਦੀ ਵਾਜ ਆਈ, ਜਿਵੇਂ ਦੂਰ ਕਿਤਿਓਂ, ਧਰਤੀ ਦੀਆਂ ਡੂੰਘਾਣਾਂ ਵਿੱਚੋਂ ਆਈ ਹੋਏ।
ਕਿਸੇ ਨੇ ਵਿੱਚੋਂ ਮਖ਼ੌਲ ਕਰਨ ਦਾ ਜਤਨ ਕੀਤਾ, "ਜਵਾਨੀ ਵਿੱਚ ਵੀ ਨਹੀਂ ?" ਪਰ ਬੁੱਢੇ ਨੇ ਕੋਈ ਜਵਾਬ ਨਾ ਦਿੱਤਾ, ਉਹ ਇੱਕ ਵਾਰ ਫੇਰ ਆਪਣੀ ਚੁੱਪ ਵਿੱਚ ਡੁੱਬ ਗਿਆ ਸੀ।
"ਸਿਰਫ਼ ਏਸੇ ਨਾਲ ਇੰਜ ਨਹੀਂ," ਚਰਨੈਤਜ਼ ਜੋਸ਼ ਨਾਲ ਬੋਲਦਾ ਗਿਆ, "ਇਹਦੇ ਵਰਗੇ ਅਨੇਕਾਂ ਭੋਖੜੇ ਜਰ ਰਹੇ ਨੇ। ਨੀਤਜ਼ਾ ਦੇ ਪੰਜ ਪੁੱਤਰ ਸਨ ਉਹ ਸਾਰੇ ਲਾਮ ਵਿੱਚ ਮਰ ਗਏ। ਉਹਦੀ ਵਹੁਟੀ ਪਾਗਲ ਹੋ ਗਈ ਏ। ਉਹਨੂੰ ਜਾਪਦਾ ਏ ਕਿ ਉਹ ਆਪਣੇ ਮਰ ਚੁੱਕੇ ਬੱਚਿਆਂ ਨੂੰ ਸਾਹਮਣੇ ਵੇਖ ਰਹੀ ਏ, ਜਿਵੇਂ ਉਹ ਨਵੇਂ ਨਿੱਕਲੇ ਚੂਚੇ ਹੋਣ। ਉਹ ਉਹਨਾਂ ਨੂੰ ਬੁਲਾਂਦੀ ਰਹਿੰਦੀ ਏ: 'ਆ ਜਾਓ, ਨਿੱਕਿਓ। ਆ ਜਾਓ।' ਤੇ ਆਪਣੀਆਂ ਬਾਹਾਂ ਵਧਾ ਕੇ ਕੁਕੜੀ ਵਾਂਗ ਉਹਨਾਂ ਦੀ ਰਾਖੀ ਕਰਨ ਦਾ ਜਤਨ ਕਰਦੀ ਏ... ਤੇ ਫੇਰ ਜੇ ਅਸੀਂ ਤੇਰੇ ਭਰਾ ਦੀ ਹੀ ਗੱਲ ਕਰੀਏ, ਗ੍ਹੀਤਜਾ! ਏਨੇ ਸਾਲ ਕੋਠੀ ਵਿੱਚ ਕੰਮ ਕਰਦਿਆਂ ਕੀ ਉਹਦੇ ਨਾਲ ਗੁਲਾਮਾਂ ਨਾਲੋਂ ਵੱਧ ਭੈੜਾ ਸਲੂਕ ਨਹੀਂ ਹੋਇਆ- ਭੁੰਜੇ ਸੌਣਾ, ਸਿਆਲੇ ਵਿੱਚ ਪਾਲੇ ਠਰਨਾ ਤੇ ਕਦੇ ਵੀ ਢਿੱਡ ਨਾ ਭਰਨਾ ! ਕੀ ਇੱਕ ਤਰ੍ਹਾਂ ਨਾਲ ਉਹ ਆਪਣਾ ਮਾਸ ਤੇ ਹੱਡੀਆਂ ਕੰਮ ਕਰਦਿਆਂ ਕਰਦਿਆਂ ਓਥੇ ਹੀ ਛੱਡ ਨਹੀਂ ਗਿਆ ?"
"ਉਹਦੀ ਆਪਣੀ ਮੂਰਖਤਾ ਏ," ਤੰਗ ਆਏ ਗ੍ਹੀਤਜਾ ਨੇ ਕਿਹਾ, "ਉਹ ਓਥੇ ਚੰਗੀ ਗੁਜ਼ਰ ਕਰ ਸਕਦਾ ਸੀ... ਪਰ ਚਰਨੈਤਜ਼ ਮੈਨੂੰ ਤੇਰੇ ਮੂਲ-ਮੁੱਦੇ ਦਾ ਪਤਾ ਲੱਗ ਗਿਆ ਏ । ਤੂੰ ਓਸ ਕਮਜ਼ਾਤ ਮੀਤ੍ਰਿਆ ਦੇ ਪਰਤਣ ਨੂੰ ਉਡੀਕ ਰਿਹਾ ਰਿਹਾ ਏਂ। ਉਹਦੀ ਵੀ ਜੀਭ ਤੇਰੇ ਵਾਂਗ ਵਾਹਵਾ ਲੁਤਰ-ਲੁਤਰ ਕਰਦੀ ਏ। ਤੁਸੀਂ ਸਭ ਰਲ ਕੇ ਇੱਕ ਪਾਰਟੀ ਬਣਾਓਗੇ..."
"ਸਾਨੂੰ ਪਾਰਟੀ ਬਣਾਨ ਦੀ ਕੋਈ ਲੋੜ ਨਹੀਂ। ਅੱਗੇ ਹੀ ਕਾਮਿਆਂ ਦੀ ਪਾਰਟੀ ਬਣੀ ਹੋਈ ਏ।"
"ਇਹ ਸਭ ਜੋ ਤੂੰ ਮੈਨੂੰ ਦੱਸ ਰਿਹਾ ਏਂ, ਚਰਨੈਤਜ਼, ਇਹ ਤੇਰੇ ਠਠਿਆਰ ਭਰਾ ਦੀ ਲਾਈ ਲੂਤੀ ਏ।" ਗ੍ਹੀਤਜਾ ਉੱਚੀ ਸਾਰੀ ਬੋਲਿਆ, “ਕੀ ਤੂੰ ਚਾਹਨਾ ਏਂ ਕਿ ਮੁਲਕ ਦੇ ਮਾਮਲੇ ਵੀ ਉਹਦੇ ਹਥੌੜਿਆਂ ਦੀ ਸੱਟ ਥੱਲੇ ਹੀ ਘੜੇ ਜਾਣ..."
"ਤੇ ਕਿਉਂ ਨਹੀਂ ? ਜਿਹੜੇ ਹਥੌੜੇ ਚਲਾਂਦੇ ਨੇ ਉਹਨਾਂ ਦੀ ਵਾਜ ਦੁਨੀਆਂ ਵਿੱਚ ਗੂੰਜ ਜਾਣੀ ਚਾਹੀਦੀ ਏ- ਤੇ ਜਿਹੜੇ ਹਲ ਚਲਾਂਦੇ ਨੇ ਉਹਨਾਂ ਨੂੰ ਸਵਰਗ ਦੇ ਦਰਾਂ ਤੱਕ ਸਿਆੜ ਕੱਢ ਕੇ ਲੈ ਜਾਣੇ ਚਾਹੀਦੇ ਨੇ!"
"ਤੇ ਜਿਹੜੇ ਅੱਜ ਜੇਲ੍ਹਾਂ ਵਿੱਚ ਚੱਕੀ ਪੀਹ ਰਹੇ ਨੇ, ਉਹਨਾਂ ਨੂੰ ਵਜ਼ੀਰ ਬਣਾ ਦੇਣਾ ਚਾਹੀਦਾ ਏ।" ਗ੍ਹੀਤਜਾ ਨੇ ਲਾ ਕੇ ਕਿਹਾ।
ਚਰਨੈਤਜ਼ ਦੀ ਵਾਜ ਅਚਾਨਕ ਬੜੀ ਮੁਲਾਇਮ ਹੋ ਗਈ ਤੇ ਉਹਨੇ ਗ੍ਹੀਤਜਾ ਨੂੰ