

ਚਿਹਰੇ ਉੱਤੇ ਛਮਕਾਂ ਵਾਂਗ ਪੈਂਦੀ ਤੇ ਇਹਨਾਂ ਨਾਲ ਉਹਦਾ ਮੂੰਹ ਭਰਿਆ ਹੋਇਆ ਸੀ । ਉਹ ਗ੍ਹੀਤਜਾ ਨੂੰ ਓਸ ਨਿੱਕੇ ਜਹੇ ਕਮਰੇ ਵਿੱਚ ਧੂਹ ਕੇ ਲੈ ਗਈ, ਜਿੱਥੇ ਉਹ ਅਰਾਮ ਕਰਦਾ ਹੁੰਦਾ ਸੀ।
"ਉਹ ਕੁੱਦ-ਕੁੱਦ ਕੇ ਮੈਨੂੰ ਪਈ, ਤੇ ਮੇਰੀਆਂ ਅੱਖਾਂ ਕੱਢਣ ਨੂੰ ਫਿਰਦੀ ਸੀ।”
"ਕੌਣ ? ਤੇਰੀ ਭੈਣ ?"
"ਹੋਰ ਕੌਣ ? ਉਹੀ ਮੇਰੀ ਭੈਣ । ਰੱਬ ਕਰੇ ਉਹਨੂੰ ਝੋਲਾ ਹੋ ਜਾਏ, ਤੇ ਉਹਦੇ ਮੂੰਹ 'ਤੇ ਕੋਹੜ ਫੁੱਟੇ ।" ਸਤਾਂਕਾ ਇੱਕ ਦਮ ਰੁਕ ਕੇ ਹੈਰਾਨ ਹੋਈ ਆਪਣੇ ਪਤੀ ਵੱਲ ਤੱਕਣ ਲੱਗ ਪਈ - ਉਹਨੇ ਜਿਵੇਂ ਕੁਝ ਨਾ ਸੁਣਿਆਂ ਹੋਏ। ਫੇਰ ਉਹਨੇ ਆਪਣਾ ਵੱਡਾ ਸਾਰਾ ਸਿਰ ਹਿਲਾਇਆ ਤੇ ਆਪਣੇ ਕੰਨ ਹੱਥਾਂ ਨਾਲ ਢੱਕ ਲਏ। "ਕੀ ਹੋ ਗਿਆ ਏ ਤੈਨੂੰ, ਗ੍ਹੀਤਜਾ ?"
"ਮੈਨੂੰ ਆਪਣੇ ਹਾਲ 'ਤੇ ਰਹਿਣ ਦੇ, ਚੰਗਾ ਏ ਤੈਨੂੰ ਏਸ ਬਾਰੇ ਕੁਝ ਪਤਾ ਨਾ ਲੱਗੇ... ਕਿੰਨੇ ਹੀ ਜਣਿਆਂ ਤੇ ਕਿੰਨੀਆਂ ਹੀ ਚੀਜ਼ਾਂ ਨੇ ਮੇਰੇ ਉੱਤੇ ਵਾਰ ਕੀਤੇ ਨੇ ਆ, ਮੈਨੂੰ ਕੁਝ ਸ਼ਰਾਬ ਪੀਣ ਨੂੰ ਦੇ, ਤੇ ਆਪ ਵੀ ਘੁੱਟ ਪੀ ਲੈ- ਵਿਸਰ ਜਾ ਸਭ ਕੁਝ ਹਾਂ, ਤੂੰ ਕੀ ਕਹਿ ਰਹੀ ਸੈਂ ?"
ਸਤਾਂਕਾ ਫੇਰ ਭਖ਼ ਪਈ । ਪਰ ਗ੍ਹੀਤਜਾ ਨੇ ਕੁਝ ਅਜਿਹੇ ਦੁੱਖੇ ਮੂੰਹ ਨਾਲ ਓਸ ਵੱਲ ਤੱਕਿਆ ਕਿ ਉਹ ਝੱਟ ਫੇਰ ਮੱਠੀ ਪੈ ਗਈ। "ਪਰਸੋਂ ਜਦੋਂ ਉਹ ਆਪਣੀ ਧਰਮ-ਮਾਤਾ ਵੱਲ ਗਈ ਹੋਈ ਸੀ, ਮੈਨੂੰ ਉਹਦੇ ਕੱਪੜਿਆਂ ਵਿੱਚੋਂ ਇੱਕ ਚਿੱਠੀ ਲੱਭੀ..."
"ਜਿਹੜੀ ਤੂੰ ਪੜ੍ਹ ਲਈ ?" ਗ੍ਹੀਤਜਾ ਨੇ ਮਖ਼ੌਲ ਨਾਲ ਕਿਹਾ।
"ਮੈਂ ਪੜ੍ਹਨਾ ਜ਼ਰੂਰ ਚਾਹਦੀ ਸਾਂ," ਸਤਾਂਕਾ ਨੇ ਖਿੱਝ ਕੇ ਕਿਹਾ, "ਮੈਂ ਉਹਦੇ ਸਾਰੇ ਭੇਤ ਜਾਣਨਾ ਚਾਹਦੀ ਆਂ। ਉਹ ਕਦੇ ਵੀ ਮੇਰੇ ਪੱਲੇ ਕੁਝ ਨਹੀਂ ਪਾਂਦੀ । ਜੋ ਵੀ ਉਹਦੇ ਦਿਲ ਵਿੱਚ ਹੁੰਦਾ ਏ, ਉਤਜ਼ਾ ਨੂੰ ਹੀ ਦੱਸਦੀ ਏ।"
"ਤੂੰ ਇਹ ਕਿਵੇਂ ਸੋਚਨੀ ਏਂ ਕਿ ਉਹ ਤੈਨੂੰ ਕੁਝ ਦੱਸੇ ? ਤੁਹਾਡਾ ਤੇ ਇੱਟ ਕੁੱਤੇ ਦਾ ਵੈਰ ਏ ?"
"ਏਦੂੰ ਵੀ ਵੱਧ - ਉਹ ਤੇ ਮੇਰੇ ਘਰ ਵਿੱਚ ਈ ਮੇਰੀ ਜਾਨੀ ਦੁਸ਼ਮਣ ਏ, ਉਹ ਤੇ ਮੇਰੇ ਲਈ ਬੁੱਕਲ ਦਾ ਸੱਪ ਏ... ਜਿਵੇਂ ਵੀ ਏ, ਮੈਂ ਸੋਚਿਆ ਏਸ ਚਿੱਠੀ ਵਿੱਚ ਜ਼ਰੂਰ ਕੋਈ ਖ਼ਾਸ ਗੱਲ ਹੋਣੀ ਏਂ ਤੇ ਮੈਂ ਭੱਜੀ-ਭੱਜੀ ਇਹ ਚਿੱਠੀ ਪਾਦਰੀ ਦੀ ਵਹੁਟੀ ਕੋਲ ਲੈ ਗਈ। 'ਬੀਬੀ ਜੀ', ਮੈਂ ਉਹਨੂੰ ਕਿਹਾ, 'ਮੈਨੂੰ ਦੱਸੋ ਏਸ ਚਿੱਠੀ ਵਿੱਚ ਕੀ ਲਿਖਿਆ ਏ । ਇਹ ਭੇਤ ਵਾਲੀ ਗੱਲ ਏ, ਤੇ ਮੇਰੇ ਤੋਂ ਛੁੱਟ ਹੋਰ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ।' ਉਹਨੇ ਚਿੱਠੀ ਲੈ ਲਈ, ਖੋਲ੍ਹੀ, ਤੱਕੀ ਤੇ ਫੇਰ ਹੱਸਣਾ ਸ਼ੁਰੂ ਕਰ ਦਿੱਤਾ। 'ਕੀ ਲਿਖਿਆ ਏ ?' ਮੈਂ ਪੁੱਛਿਆ । ‘ਸਤਾਂਕਾ, ਇਹ ਕੁਝ ਨਹੀਂ, ਉਹਨੇ ਕਿਹਾ, 'ਇਹ ਤੇਰੇ ਦਿਓਰ ਦੀ ਚਿੱਠੀ ਏ। ਮੀਤ੍ਰਿਆ ਦੀ। ਉਹ ਲਿਖਦਾ ਏ ਕਿ ਜਦੋਂ ਦੀ ਤੂੰ ਉਹਨੂੰ ਸਿਬਿਊ ਵਿੱਚ ਮਿਲੀ ਏਂ ਉਹ ਇੱਕ ਬਿੰਦ ਲਈ ਵੀ ਤੈਨੂੰ ਭੁਲਾ ਨਹੀਂ ਸਕਿਆ।' - 'ਪਰ ਬੀਬੀ ਜੀ, ਇਹ ਮੇਰੇ ਵੱਲ ਨਹੀਂ, ਮੇਰੀ ਭੈਣ ਨਾਸਤਾਸੀਆ ਵੱਲ ਲਿਖੀ ਏ।' - 'ਹੂੰ, ਉਹਨੇ ਕਿਹਾ, 'ਤਦੇ ਹੀ ਪਹਿਲਾਂ ਮੈਨੂੰ ਕੁਝ ਸਮਝ ਨਹੀਂ ਸੀ ਪੈ