

ਰਹੀ। ਹੁਣ ਸਭ ਸਾਫ਼ ਹੋ ਗਿਆ ਏ । ਜਦੋਂ ਤੁਸੀਂ ਉਹਨੂੰ ਖੂਹਾਂ ਤੇ ਦਰਿਆ ਵਿੱਚ ਟੋਲ ਰਹੇ ਸੋ, ਉਹ ਸ਼ੈਦ ਉਹਨੂੰ ਮਿਲਣ ਚਲੀ ਗਈ।'- 'ਹਾਂ, ਬੀਬੀ ਜੀ, ਤੇ ਹੁਣ ਉਹ ਮੇਰੇ ਅੱਗੇ ਝੂਠ ਬੋਲਦੀ ਏ, ਸੌਹਾਂ ਖਾਂਦੀ ਏ ਕਿ ਉਹ ਬੁਖ਼ਾਰੈਸਟ ਤੋਂ ਅੱਗੇ ਨਹੀਂ ਗਈ।... ਪਰ ਮੈਂ ਤੁਹਾਡੀ ਮਿੰਨਤ ਕਰਦੀ ਹਾਂ, ਹੋਰ ਕਿਸੇ ਨੂੰ ਏਸ ਚਿੱਠੀ ਦੀ ਭਿਣਕ ਨਾ ਪਏ, ਨਹੀਂ ਤੇ ਸਾਰਾ ਪਿੰਡ ਸਾਡੀ ਭੰਡੀ ਕਰੇਗਾ।'- 'ਤੂੰ ਰਤਾ ਫ਼ਿਕਰ ਨਾ ਕਰ', ਉਹਨੇ ਫੇਰ ਕਿਹਾ, 'ਇਹ ਤੁਹਾਡੇ ਟੱਬਰ ਦਾ ਭੇਤ ਏ, ਤੇ ਮੈਂ ਏਸ ਬਾਰੇ ਸਿਲ-ਪੱਥਰ ਰਹਾਂਗੀ । ਤੇ ਫੇਰ-ਸੁਣ ਰਿਹਾ ਏਂ, ਗ੍ਹੀਤਜਾ ? - ਉਹ ਇੰਜ ਚੁੱਪ ਰਹੀ ਕਿ ਕੱਲ੍ਹ ਤੱਕ ਪਿੰਡ ਦੀਆਂ ਸਾਰੀਆਂ ਤੀਵੀਆਂ ਕੋਲ ਗੱਲ ਪੁੱਜ ਗਈ। ਅੱਜ ਸਵੇਰੇ ਨਾਸਤਾਸੀਆ ਰੋਜ਼ ਵਾਂਗ ਆਪਣੀ ਧਰਮ-ਮਾਤਾ ਕੋਲ ਗਈ। ਭਾਵੇਂ ਅੰਤਾਂ ਦਾ ਝੱਖੜ ਝੁਲ ਰਿਹਾ ਸੀ ਤੇ ਕੱਕਰ ਪੈ ਰਿਹਾ ਸੀ, ਪਰ ਜਦੋਂ ਉਹ ਪਰਤੀ ਤਾਂ ਪਿੰਡ ਦੀਆਂ ਸਾਰੀਆਂ ਲੂੰਬੜੀਆਂ ਆਪੋ ਆਪਣੀਆਂ ਬੂਹਿਆਂ 'ਤੇ ਖੜੋਤੀਆਂ ਉਹਨੂੰ ਉਡੀਕ ਰਹੀਆਂ ਸਨ। ਤੇ ਉਹਨੂੰ ਸੁਣਾ-ਸੁਣਾ ਕੇ ਮਨ ਆਈਆਂ ਕਹਿੰਦੀਆਂ ਰਹੀਆਂ । ਨਾਸਤਾਸੀਆ ਅੱਗ- ਭਬੂਕਾ ਹੋਈ ਘਰ ਪਰਤੀ ਤੇ ਝਪਟ ਕੇ ਆਪਣੇ ਕੱਪੜਿਆਂ ਨੂੰ ਪਈ। 'ਮੇਰੀ ਚਿੱਠੀ ਕਿੱਥੇ ਵੇ ?' ਮੈਂ ਉਹਨੂੰ ਕਿਹਾ, 'ਮੇਰੇ ਕੋਲੋਂ ਕਿਉਂ ਪੁੱਛ ਰਹੀ ਏਂ? ਤੇ ਇੰਜ ਚੀਕ ਨਾ ।' 'ਮੇਰੀ ਚਿੱਠੀ ਕਿੱਥੇ ਵੇ ? ਮੈਨੂੰ ਮੇਰੀ ਚਿੱਠੀ ਦੇ ਦੇ । ਤੂੰ ਮੇਰੀ ਚਿੱਠੀ ਚੁਰਾ ਕੇ ਸਭਨਾਂ ਨੂੰ ਤਕਾਂਦੀ ਰਹੀ ਏਂ। ਤੇ ਉਹ ਕੁੱਦ ਕੇ ਮੇਰੀਆਂ ਅੱਖਾਂ ਕੱਢਣ ਨੂੰ ਪਈ। ਉਹਨੇ ਫੋਲਣੀ ਹੱਥ ਵਿੱਚ ਫੜ ਲਈ ਤੇ ਮੈਨੂੰ ਮਾਰਨ ਲੱਗੀ । ਜਦੋਂ ਮੈਂ ਉਹਨੂੰ ਇੰਜ ਭੂਤਨੀ ਬਣੀ ਤੱਕਿਆ-ਸਭਨੀਂ ਪਾਸੀਂ ਵਾਲ ਈ ਵਾਲ, ਅੱਖਾਂ ਬਾਹਰ ਨੂੰ ਨਿੱਕਲੀਆਂ, ਤਾਂ ਮੈਂ ਆਪਣੇ ਹੱਥੋਂ ਚਿੱਠੀ ਡਿੱਗ ਜਾਣ ਦਿੱਤੀ। ਜਦੋਂ ਉਹ ਨਿਉਂ ਕੇ ਇਹ ਚਿੱਠੀ ਫੜਨ ਲੱਗੀ ਤਾਂ ਮੈਂ ਭੱਜ ਕੇ ਦੂਜੇ ਕਮਰੇ ਵਿੱਚ ਚਲੀ ਗਈ ਤੇ ਅੰਦਰੋਂ ਕੁੰਡਾ ਲਾ ਦਿੱਤਾ। ਬਾਹਰੋਂ ਉਹਨੇ ਚੀਕ ਕੇ ਕਿਹਾ, 'ਮੈਂ ਕੁਹਾੜੀ ਮਾਰ-ਮਾਰ ਕੇ ਬੂਹਾ ਭੰਨ ਦਿਆਂਗੀ।' ਫੇਰ ਉਹ ਬਾਹਰ ਚਲੀ ਗਈ, ਮੇਰਾ ਖ਼ਿਆਲ ਏ ਆਪਣੀ ਉਤਜ਼ਾ ਵੱਲ। ਤੇ ਫੇਰ, ਗ੍ਹੀਤਜਾ, ਮੈਂ ਤੈਨੂੰ ਸਾਰੀ ਗੱਲ ਦੱਸਣ ਆ ਗਈ ਆਂ। ਅਜਿਹੀ ਕੁਲੱਛਣੀ ਭੈਣ ਮੇਰੇ ਭਾਗਾਂ ਵਿੱਚ ਕਿੱਥੋਂ ਲਿਖੀ ਸੀ ।"
ਸਤਾਂਕਾ ਇੰਜ ਡਸਕੋਰੇ ਲੈਂਦੀ ਰਹੀ ਕਿ ਪੱਥਰ ਵੀ ਪੰਘਰ ਜਾਂਦਾ । ਗ੍ਹੀਤਜਾ ਸਬਰ ਨਾਲ ਉਡੀਕਦਾ ਰਿਹਾ ਕਿ ਉਹ ਕਦੋਂ ਚੁੱਪ ਹੁੰਦੀ ਹੈ।
"ਤੂੰ ਸਭ ਸੁਣ ਲਿਆ ਏ, ਤੂੰ ਕੁਝ ਨਹੀਂ ਕੂਣਾ ?"
"ਤੂੰ ਕੀ ਚਾਹਨੀ ਏਂ ਮੈਂ ਕੀ ਕਰਾਂ," ਮਸ਼ੀਨ ਵਾਲੇ ਨੇ ਕੁਝ ਖਿਝ ਕੇ ਕਿਹਾ, "ਮੈਨੂੰ ਤਾਂ ਇਹੀ ਸਮਝ ਪਿਆ ਏ ਕਿ ਤੂੰ ਉਹਦੀ ਚਿੱਠੀ ਚੁਰਾਈ..."
"ਪਰ, ਗ੍ਹੀਤਜਾ, ਇਹ ਨਹੀਂ ਤੈਨੂੰ ਪਤਾ ਕਿ ਏਸ ਚਿੱਠੀ ਨੇ ਕੀ-ਕੀ ਦੱਸਿਆ ਏ ? ਮੇਰਾ ਸ਼ੱਕ ਠੀਕ ਨਿੱਕਲਿਆ । ਹਾਂ, ਹਾਂ! ਇਹ ਕੁਕੜੀ ਹੁਣ ਜਲਦੀ ਹੀ ਆਂਡਾ ਵੀ ਦੇਵੇਗੀ, ਉਸ ਤਰ੍ਹਾਂ ਦਾ ਆਂਡਾ ਜਿਦ੍ਹਾ ਨੱਕ, ਮੂੰਹ ਤੇ ਕੰਨ ਹੁੰਦੇ ਨੇ..."