

19.
ਠਠਿਆਰ ਵੋਇਕੂ ਚਰਨੈਤਜ਼, ਸਤੋਇਕਾ ਚਰਨੈਤਜ਼ ਦਾ ਭਰਾ ਕਮਿਊਨਿਸਟ ਸੀ ਤੇ ਲੁਕ ਕੇ ਬੁਖ਼ਾਰੈਸਟ ਵਿੱਚ ਰਹਿੰਦਾ ਸੀ। ਆਪਣੇ ਪਿੰਡ ਵਿੱਚੋਂ ਗ਼ਰੀਬੀ ਉਹਨੂੰ ਓਥੇ ਧੱਕ ਲੈ ਗਈ ਸੀ, ਤੇ ਜ਼ਿੰਦਗੀ ਦੀਆਂ ਲਹਿਰਾਂ ਦੇ ਬਪੇੜੇ ਖਾਂਦਾ ਉਹ ਕਾਰੀਗਰ ਬਣਿਆ ਤੇ ਫੇਰ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਉਹ ਪੱਕੇ ਰੰਗ ਦਾ ਘਣੀਆਂ ਭਵਾਂ ਵਾਲਾ, ਕੁਝ-ਕੁਝ ਮਖ਼ੌਲੀ ਬੰਦਾ ਸੀ, ਪਰ ਆਪ ਉਹ ਘੱਟ ਵੱਧ ਹੀ ਕਦੇ ਹੱਸਦਾ ਸੀ । ਜਦੋਂ ਉਹ ਪਹਿਲੀ ਵਾਰੀ ਫੜਿਆ ਗਿਆ, ਤਾਂ ਮੈਜਿਸਟਰੇਟ ਨੇ ਬੜੀ ਟਕੋਰ ਨਾਲ ਉਹਨੂੰ ਪੁੱਛਿਆ ਸੀ, 'ਕੀ ਤੈਨੂੰ ਆਪਣੇ ਫ਼ਿਲਾਸਫ਼ਰਾਂ ਦਾ ਵੀ ਕੁਝ ਪਤਾ ਹੈ? ਕੀ ਤੂੰ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਨੇ ?"
"ਹਾਂ, ਜਨਾਬ," ਠਠਿਆਰ ਨੇ ਅੱਗੋਂ ਤੁਰੰਤ ਜਵਾਬ ਦਿੱਤਾ, "ਮੈਂ ਪੜ੍ਹੀਆਂ ਨੇ ਜਿੰਨੀ ਕੁ ਤੁਸੀਂ ਅੰਜੀਲ ਜਾਣਦੇ ਹੋ, ਓਦੂੰ ਵੱਧ ਚੰਗੀ ਤਰ੍ਹਾਂ ਮੈਂ ਉਹਨਾਂ ਤੋਂ ਜਾਣੂ ਹਾਂ ।"
"ਤੈਨੂੰ ਏਸ ਤਰ੍ਹਾਂ ਮੇਰੇ ਅੱਗੇ ਬੋਲਣ ਦਾ ਹੀਆ ਕਿਵੇਂ ਪਿਆ? ਜੇ ਮੈਨੂੰ ਗੁੱਸਾ ਚੜ੍ਹ ਗਿਆ ਤਾਂ ?"
"ਫੇਰ ਮੈਨੂੰ ਵੀ ਗੁੱਸਾ ਚੜ੍ਹ ਜਾਏਗਾ। ਤੁਸੀਂ ਤਾਂ ਇੰਜ ਮੇਰੇ ਨਾਲ ਕੂੰਦੇ ਹੋ ਜਿਵੇਂ ਕਿਤੇ ਅਸੀਂ ਦੋਵੇਂ ਕੱਠੇ ਸੂਰ ਪਾਲਦੇ ਰਹੇ ਹੋਵੀਏ।"
"ਬਸ, ਬਸ, ਜੇ ਗੁਸਤਾਖੀ ਕੀਤੀ ਤਾਂ ਫੇਰ ਹੋਰ ਤਰ੍ਹਾਂ ਮੈਂ ਪੇਸ਼ ਆਵਾਂਗਾ। ਦੱਸ ਕਿਹੜੇ-ਕਿਹੜੇ ਫ਼ਿਲਾਸਫ਼ਰ ਪੜ੍ਹੇ ਨੇ ਤੂੰ ?"
"ਮੈਂ ਕਾਂਤ ਨੂੰ ਪੜ੍ਹਿਆ ਏ।"
"ਕਾਂਤ ? ਕਦੇ ਇਹ ਨਾਂ ਨਹੀਂ ਸੁਣਿਆਂ। ਜਿਵੇਂ ਵੀ ਏ - ਇਹ ਕਾਂਤ ਤੁਹਾਨੂੰ ਕੀ ਦੱਸਦਾ ਏ ?"
"ਉਹ ਬੜੀ ਸਾਦੀ ਜਹੀ ਗੱਲ ਕਹਿੰਦਾ ਏ ਕਿ ਦੁਨੀਆਂ ਵਿੱਚ ਸਾਰੇ ਗੁਲਾਮ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਵਾਸੀ ਹੋਣ, ਇੱਕ ਦੂਜੇ ਦੇ ਭਰਾ ਨੇ।"
"ਤੇ ਕੀ ਇਹਨੇ ਹੀ ਤੈਨੂੰ ਰਾਤ ਨੂੰ ਇਸ਼ਤਿਹਾਰ ਲਾਣੇ ਸਿਖਾਏ ਨੇ ? ਕੀ ਇਹਨੇ ਹੀ ਤੈਨੂੰ ਇਹ ਦਿੱਤੇ ਸਨ ? ਕੀ ਤੈਨੂੰ ਪਤਾ ਸੀ ਇਹਨਾਂ ਇਸ਼ਤਿਹਾਰਾਂ ਵਿੱਚ ਕੀ ਸੀ ?"
"ਸਭ ਤੋਂ ਪਹਿਲੀ ਗੱਲ ਏ ਕਿ ਕਾਂਤ ਨੇ ਮੈਨੂੰ ਕੁਝ ਨਹੀਂ ਦਿੱਤਾ । ਦੂਜੀ ਗੱਲ ਏ ਕਿ ਮੈਂ ਕੋਈ ਅੜਾ ਇਸ਼ਤਿਹਾਰ ਨਹੀਂ ਲਾਇਆ। ਤੀਜੀ ਗੱਲ ਏ ਕਿ ਜੇ ਮੈਂ ਇਹ ਲਾਏ ਵੀ ਹੁੰਦੇ ਤਾਂ ਰਾਤ ਨੂੰ ਮੈਂ ਇਹ ਪੜ੍ਹ ਨਾ ਸਕਦਾ, ਕਿਉਂਕਿ ਰਾਤ ਨੂੰ ਹਨੇਰਾ ਹੁੰਦਾ ਏ..."
ਮੈਜਿਸਟਰੇਟ ਨੇ ਆਪਣੀ ਰਿਪੋਟ ਵਿੱਚ ਏਸ ਫ਼ਿਲਾਸਫ਼ਰ ਦਾ ਨਾਂ ਲਿਖ ਲਿਆ। ਵਕੀਲ ਨੇ ਵੀ ਆਪਣੀ ਤਕਰੀਰ ਵਿੱਚ ਇਹ ਨਾਂ ਲਿਆ। ਹਾਂ, ਮੁਲਜ਼ਮ ਦੇ ਵਕੀਲਾਂ ਨੇ ਕਾਂਤ ਦੇ ਸਿਧਾਂਤ ਉੱਤੇ ਬਹਿਸ ਨਾ ਕੀਤੀ।
ਆਪਣੀ ਕੈਦ ਦੇ ਕੌੜੇ ਲੰਮੇ ਵਰ੍ਹਿਆਂ ਵਿੱਚ, ਵੋਇਕੂ ਚਰਨੈਤਜ਼ ਨੇ ਜ਼ਿੰਦਗੀ ਦਾ ਪੱਲਾ ਆਪਣੀ ਸਾਰੀ ਤਾਕਤ ਨਾਲ ਘੁੱਟ ਕੇ ਫੜੀ ਰੱਖਿਆ। ਰੋਜ਼ ਸਵੇਰੇ ਉਹ ਡੰਡ ਬੈਠਕਾਂ ਕੱਢਦਾ ਤੇ ਠੰਡੇ ਪਾਣੀ ਨਾਲ ਸਾਰੇ ਪਿੰਡੇ ਦੀ ਮਾਲਸ਼ ਕਰਦਾ। ਜੇਲ੍ਹ ਦੇ ਗੁਪਤ ਵਿਦਿਆਲੇ