

ਏਦੂੰ ਅੱਗੇ ਉਹਨੇ ਜੰਗ ਤੇ ਜਰਮਨਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਦੱਸ ਕੇ ਲਿਖਿਆ ਸੀ, "ਏਥੇ ਢੱਠੀ-ਕੱਢੀ ਦਾ ਇੱਕ ਕਿਸਾਨ ਮੇਰੇ ਨਾਲ ਏ। ਮੈਨੂੰ ਪਤਾ ਏ ਕਿ ਤੁਹਾਡਾ ਪਿੰਡ ਵੀ ਉਹੀ ਏ, ਤੇ ਓਥੇ ਤੁਹਾਡਾ ਭਰਾ ਜਾਂ ਚਾਚੇ ਤਾਏ ਦਾ ਪੁੱਤ ਰਹਿੰਦਾ ਏ। ਉਹਨੂੰ ਮੇਰਾ ਇਹ ਸਾਥੀ ਜਾਣਦਾ ਏ। ਏਸ ਮੁੰਡੇ ਦਾ ਨਾਂ ਮੀਤ੍ਰਿਆ ਕੋਕੋਰ ਏ, ਤੇ ਜੋ ਵੀ ਮੁਸੀਬਤਾਂ ਇੱਕ ਗ਼ਰੀਬ ਦੁੱਖੀ ਕਿਸਾਨ ਦੀ ਜ਼ਿੰਦਗੀ ਵਿੱਚ ਆ ਸਕਦੀਆਂ ਨੇ, ਉਹ ਸਭ ਇਹਨੇ ਸਹੀਆਂ ਹੋਈਆਂ ਨੇ। ਇਹਨੂੰ ਭੋਂ ਵਾਂਗ ਕੁੱਟਿਆ ਗਿਆ, ਤਸੀਹੇ ਦਿੱਤੇ ਗਏ ਤੇ ਖੁਆਰ ਕੀਤਾ ਗਿਆ ਏ। ਉਹ ਕਹਿੰਦਾ ਏ ਕਿ ਜੇ ਉਹ ਏਸ ਘੱਲੂਘਾਰੇ ਵਿੱਚੋਂ ਬਚ ਨਿੱਕਲਿਆ ਤਾਂ ਉਹ ਆਪਣੇ ਪਿੰਡ ਪਰਤ ਕੇ ਸਭ ਤੋਂ ਪਹਿਲਾਂ ਜਗੀਰਦਾਰ ਨੂੰ ਜਿਊਂਦਿਆਂ ਹੀ ਭੁੰਨ ਲਏਗਾ, ਤੇ ਉਹਦੇ ਦਿਲ ਦਾ ਅਚਾਰ ਪਾਏਗਾ। ਉਹ ਆਪਣੇ ਅੰਦਰ ਦੀ ਕੌੜ ਤੇ ਗੁੱਸੇ ਨੂੰ ਮਠਿਆਂ ਕਰਨ ਲਈ ਇੰਜ ਦੀਆਂ ਗੱਲਾਂ ਕਰਦਾ ਰਹਿੰਦਾ ਏ। ਏਸ ਤੋਂ ਸਿਵਾ ਉਹਨੂੰ ਹੋਰ ਵੀ ਦੁੱਖ ਨੇ ।
"ਉਹਨੂੰ ਆਪਣੀ ਮੰਗੇਤਰ ਦਾ ਬੜਾ ਫ਼ਿਕਰ ਏ, ਜਿਹੜੀ ਪਿੱਛੇ ਓਸੇ ਪਿੰਡ ਉਹਦੇ ਭਰਾ ਮਸ਼ੀਨ ਵਾਲੇ ਦੇ ਘਰ ਰਹਿੰਦੀ ਏ। ਏਸ ਮਸ਼ੀਨ ਵਾਲੇ ਨੇ ਪਹਿਲਾਂ ਪਿਓ ਕੋਲੋਂ ਮਿਲੀ ਉਹਦੀ ਭੋਂ ਖੋਹੀ ਏ, ਹੁਣ ਉਹ ਓਸ ਕੁੜੀ ਦਾ ਮਾਲ ਮੱਤਾ ਹਜ਼ਮ ਕਰਨਾ ਚਾਹਦਾ ਏ। ਇਹ ਕੁੜੀ ਉਹਦੀ ਯਤੀਮ ਸਾਲੀ ਏ । ਉਹ ਦੋਵੇਂ, ਮਸ਼ੀਨ ਵਾਲਾ ਤੇ ਉਹਦੀ ਵਹੁਟੀ, ਏਸ ਕੁੜੀ ਨੂੰ ਦੱਬ ਕੇ ਤੰਗ ਕਰਦੇ ਤੇ ਏਸ ਤੋਂ ਛੁਟਕਾਰਾ ਪਾਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਖ਼ਿਆਲ ਆ ਗਿਆ ਏ ਕਿ ਤੁਹਾਨੂੰ ਸ਼ੈਦ ਆਪਣੇ ਪਿੰਡ ਜਾਣ ਦਾ ਮੌਕਾ ਮਿਲ ਜਾਏ। ਮੈਂ ਤੁਹਾਡੇ ਅੱਗੇ ਅਰਜ਼ ਕਰਦਾ ਹਾਂ ਕਿ ਮੇਰੇ ਸਾਥੀ ਦੀ ਏਸ ਮੰਗੇਤਰ ਦੀ ਤੁਸੀਂ ਹਰ ਤਰ੍ਹਾਂ ਰਾਖੀ ਕਰੋ । ਇੱਕ ਤੇ ਉਹ ਵਿਚਾਰਾ ਇਹਨਾਂ ਗ਼ਮਾਂ ਦਾ ਮਾਰਿਆ ਏ ਤੇ ਦੂਜਾ ਮੋਰਚੇ ਉੱਤੇ ਸਿਪਾਹੀ ਏ, ਸੋ ਉਹਨੂੰ ਦਿਨ ਜਾਂ ਰਾਤ ਕਦੇ ਵੀ ਇੱਕ ਪਲ ਲਈ ਚੈਨ ਨਸੀਬ ਨਹੀਂ ਹੁੰਦਾ। ਘੱਟੋ-ਘੱਟ ਆਪਣੇ ਭਰਾ ਨੂੰ ਇਹ ਸਾਰੀ ਗੱਲ ਦੱਸ ਦਿਓ, ਤਾਂ ਜੋ ਉਹਨੂੰ ਸਾਰੀ ਹਾਲਤ ਦਾ ਠੀਕ ਪਤਾ ਲੱਗ ਜਾਏ, ਤੇ ਉਹ ਕੁੜੀ ਦਾ ਖ਼ਿਆਲ ਰੱਖ ਸਕੇ।
"ਮੀਤ੍ਰਿਆ ਕੋਕੋਰ ਸਾਡੇ ਵਿੱਚੋਂ ਇੱਕ ਏ- ਤਦੇ ਹੀ ਮੈਂ ਓਸ ਬਾਰੇ ਤੁਹਾਨੂੰ ਲਿਖ ਰਿਹਾ ਹਾਂ। ਅਸੀਂ ਏਨਾ ਚਿਰ ਲਗਭਗ ਸਾਰਾ ਵਕਤ ਕੱਠੇ ਹੀ ਰਹੇ ਹਾਂ ਤੇ ਸੋਵੀਅਤ ਯੂਨੀਅਨ ਵਿੱਚ ਕੈਦੀ ਬਣ ਕੇ ਉਹਨੇ ਬੜਾ ਕੁਝ ਸਿੱਖਿਆ ਏ। ਕੁਝ ਸਬਕ ਜਿਹੜੇ ਮੈਂ ਉਹਨੂੰ ਪੜ੍ਹਾਨੇ ਸ਼ੁਰੂ ਕੀਤੇ ਸਨ, ਉਹ ਵੀ ਮੈਨੂੰ ਪੂਰਿਆਂ ਕਰਨ ਦੀ ਲੋੜ ਨਹੀਂ ਪਈ, ਉਹਨੂੰ ਆਪਣੇ ਆਪ ਹੀ ਸਭ ਕੁਝ ਸਮਝ ਆਈ ਜਾ ਰਿਹਾ ਏ। ਉਹ ਅਸਲੀ ਅਰਥਾਂ ਵਿੱਚ ਸਾਥੀ ਏ, ਅਗਲੇ ਕੁਝ ਵਰ੍ਹਿਆਂ ਵਿੱਚ ਇਹ ਸਾਬਤ ਹੋ ਜਾਏਗਾ, ਤੇ ਮੇਰਾ ਯਕੀਨ ਏ ਕਿ ਸਾਨੂੰ ਉਹਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਏ..."
ਚਿੱਠੀ ਵਿੱਚ ਮੀਤ੍ਰਿਆ ਦੀ ਪ੍ਰਸੰਸਾ ਦੀਆਂ ਹੋਰ ਵੀ ਕਈ ਗੱਲਾਂ ਲਿਖੀਆਂ ਹੋਈਆਂ ਸਨ। ਠਠਿਆਰ ਬੜੀ ਦੁਚਿਤੀ ਵਿੱਚ ਪੈ ਗਿਆ। ਉਹਨੂੰ ਬਹੁਤ ਸਾਰੇ ਕੰਮ ਸਨ, ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਅੱਜ-ਕੱਲ੍ਹ ਜਥੇਬੰਦਕ ਮਾਮਲਿਆਂ ਵਿੱਚ ਉਲਝਿਆ ਹੋਇਆ