

ਮੁੰਡੇ ਕੁੜੀ ਦੇ ਵਿਆਹ ਦੀ ਗੱਲ ਵੀ ਕਰਦਾ ਰਿਹਾ, ਤੇ ਅਖੀਰ ਉਹਨੂੰ ਯਰਕਾ ਦਿੱਤਾ। ਉਹਨੇ ਮੈਨੂੰ ਇਕਰਾਰ ਦਿੱਤਾ ਏ ਕਿ ਉਹ ਨਾਸਤਾਸੀਆ ਨੂੰ ਉਹਦੇ ਢਾਈ ਏਕੜ ਜ਼ਰੂਰ ਦੇ ਦਏਗਾ।"
"ਜਾਂਦੇ ਚੋਰ ਦੀ ਲੰਗੋਟੀ ਹੀ ਸਹੀ," ਉਤਜ਼ਾ ਨੇ ਹਉਕਾ ਭਰਿਆ।
"ਅਸੀਂ ਏਸ ਉੱਤੇ ਕੰਮ ਕਰਦਿਆਂ ਆਪਣੀ ਪੂਰੀ ਜਾਨ ਲੜਾ ਦਿਆਂਗੇ," ਨਾਸਤਾਸੀਆ ਬੋਲ ਉੱਠੀ।
ਪਰ ਵੋਇਕੂ ਨੇ ਆਪਣੀਆਂ ਗੰਭੀਰ ਤੇ ਪੜਚੋਲੀਆ ਅੱਖਾਂ ਨਾਲ ਉਹਦੇ ਵੱਲ ਤੱਕਿਆ, ਤੇ ਨਾਸਤਾਸੀਆ ਨੂੰ ਚੇਤੇ ਆ ਗਿਆ ਕਿ ਆਉਂਦੇ ਹੁਨਾਲੇ ਨੂੰ ਤਾਂ ਉਹਨੂੰ ਹੋਰ ਕਿਸੇ ਤਰ੍ਹਾਂ ਜਾਨ ਲੜਾਨੀ ਪਏਗੀ। ਸ਼ਰਮ ਨਾਲ ਨਾਸਤਾਸੀਆ ਦੀਆਂ ਗੱਲ੍ਹਾਂ ਸੂਹੀਆਂ ਹੋ ਗਈਆਂ, ਤੇ ਉਹ ਜ਼ਮੀਨ ਵੱਲ ਤੱਕਣ ਲੱਗ ਪਈ।
ਸਤੋਇਕਾ ਕਹਿਣ ਲੱਗਾ, "ਹਾਂ, ਵਕਤ ਲੰਘਦਾ ਜਾ ਰਿਹਾ ਏ, ਹੁਨਾਲਾ ਆ ਹੀ ਜਾਏਗਾ। ਮੈਨੂੰ ਪਤਾ ਏ ਮੀਤ੍ਰਿਆ ਦੇ ਦਿਲ 'ਤੇ ਕੀ ਬੀਤ ਰਹੀ ਏ, ਕਿਹੋ ਜਹੇ ਕੌੜੇ ਦੁੱਖਾਂ ਦਾ ਝੱਖੜ ਉਹਦੇ ਅੰਦਰ ਝੁਲ ਰਿਹਾ ਏ; ਜਿੰਨੀ ਛੇਤੀ ਹੋ ਸਕੇ ਉਹਨੂੰ ਪਰਤ ਆਣਾ ਚਾਹੀਦਾ ਏ। ਮੇਰੀ ਤਾਂ ਰਾਏ ਵੇ ਕਿ ਉਹਨੂੰ ਹੁਣ ਹੋਰ ਬਹੁਤੇ ਦਿਨ ਆਪਣੇ ਅੰਦਰ ਇਹ ਨਫ਼ਰਤ ਦੀ ਅੱਗ ਨਹੀਂ ਬਲਣ ਦੇਣੀ ਚਾਹੀਦੀ।"
ਵੋਇਕੂ ਨੇ ਮੁਸਕਰਾ ਕੇ ਕਿਹਾ, "ਕਈ ਲੋਕਾਂ ਦੀ ਨਫ਼ਰਤ ਸ਼ਰਾਬ ਵਾਂਗ ਹੁੰਦੀ ਏ, ਜਿੰਨੀ ਪੁਰਾਣੀ ਓਨੀ ਚੰਗੀ । ਕੀ ਤੂੰ ਮਖ਼ੌਲ ਕੀਤਾ ਏ ?"
ਸਤੋਇਕਾ ਨੇ ਕਿਹਾ, "ਨਹੀਂ, ਮਖ਼ੌਲ ਕਾਹਨੂੰ ! ਹੋ ਸਕਦਾ ਏ ਤੂੰ ਠੀਕ ਹੋਵੇਂ । ਜੋ ਤੂੰ ਕੀਤਾ ਤੇ ਕਿਹਾ ਏ ਉਹਦੇ ਨਾਲ ਮੇਰੀ ਪੂਰੀ ਸਹਿਮਤੀ ਏ। ਸਿਰਫ਼ ਮੈਂ ਤੈਨੂੰ ਏਨਾ ਕਹਿਣਾ ਚਾਹਾਂਗਾ ਕਿ ਏਸ ਗ੍ਹੀਤਜਾ ਲੁੰਗੂ ਦੇ ਇਕਰਾਰਾਂ 'ਤੇ ਯਕੀਨ ਨਾ ਕਰੀਂ।"
"ਤੇਰਾ ਖ਼ਿਆਲ ਏ, ਉਹ ਮੇਰੇ ਅੱਗੇ ਝੂਠ ਬੋਲ ਰਿਹਾ ਸੀ?"
"ਤੇ ਹੋਰ ਕੀ ? ਉਹ ਹੁਣੇ ਨੱਠਦਾ-ਨੱਠਦਾ ਜਗੀਰਦਾਰ ਕੋਲ ਜਾਏਗਾ, ਤੇ ਉਹਦੇ ਨਾਲ ਰਲ ਕੇ ਕੋਈ ਠੀਆ ਠੱਪਾ ਕਰ ਲਏਗਾ । ਤੇ ਫੇਰ ਜਿਵੇਂ ਉਹਦੀ ਮਰਜ਼ੀ ਹੋਏਗੀ- ਓਵੇਂ ਹੀ ਉਹ ਕਰੇਗਾ।"
ਠਠਿਆਰ ਜਾਪਦਾ ਸੀ ਜਿਵੇਂ ਆਪਣੇ ਲਫ਼ਜ਼ ਬੜੇ ਨਾਪ ਤੋਲ ਕੇ ਬੋਲ ਰਿਹਾ ਸੀ, "ਇੰਜ ਮੁਮਕਿਨ ਏ," ਉਹਨੇ ਅਖ਼ੀਰ ਫੈਸਲਾ ਕਰਦਿਆਂ ਕਿਹਾ। "ਤਾਂ ਉਹਨੂੰ ਨਫ਼ਰਤ ਦੀ ਸ਼ਰਾਬ ਪੀ ਲੈਣ ਦਿਓ ।"
ਕਮਰਾ ਅਚਾਨਕ ਹਨੇਰਾ ਹੋ ਗਿਆ ਜਾਪਿਆ। ਉਹਨਾਂ ਵਿੱਚੋਂ ਹਰ ਇੱਕ ਉੱਤੇ ਵੋਇਕੂ ਦੇ ਅਖ਼ੀਰਲੇ ਲਫ਼ਜ਼ਾਂ ਦਾ ਬੜਾ ਅਸਰ ਹੋਇਆ ਸੀ । ਉਹਦੀ ਖ਼ੁਸ਼ਕ, ਇਕਸਾਰ ਵਾਜ ਵਿੱਚ ਕਿਸੇ ਝੱਖੜ ਦੀ ਸ਼ੂਕਰ ਤੇ ਬੀਤੇ ਹੋਏ ਦੁੱਖਾਂ ਦੀ ਦੁਨੀਆਂ ਦੀ ਗੂੰਜ ਸੀ। "ਬੇਇਨਸਾਫ਼ੀ ਉਹਨਾਂ ਨੂੰ ਗੁੜ੍ਹਤੀ ਵਿੱਚ ਮਿਲੀ ਸੀ, ਇਨਸਾਫ਼ ਉਹਨਾਂ ਦਾ ਕਾਲ ਬਣੇਗਾ।” ਉਹਨੇ ਆਪਣੇ ਦੰਦ ਪੀਂਹਦਿਆਂ ਕਿਹਾ, "ਮੈਂ ਕਮੇਟੀ ਦੇ ਦਫ਼ਤਰ ਵਿੱਚ ਤੇ ਏਥੇ ਪਾਰਟੀ ਦੇ ਮੁਕਾਮੀ ਬੰਦਿਆਂ ਨੂੰ ਤਾੜਨਾ ਕਰ ਦਿੱਤੀ ਏ ਕਿ ਸਭ ਚੁਕੰਨੇ ਰਹਿਣ। ਉਹ ਬੰਦੇ ਵਾਪਸ ਆ ਕੇ ਜੁੜੇ ਰਹੇ ਨੇ