Back ArrowLogo
Info
Profile

ਜਿਹੜੇ ਨਵੀਂ ਜ਼ਿੰਦਗੀ ਦੇ ਖ਼ਿਲਾਫ਼ ਗੇਂਦਾਂ ਗੁੰਦਾ ਰਹੇ ਨੇ। ਇਹਨਾਂ ਨੂੰ ਭਾਂਜ ਦੇਣੀ ਹੋਏਗੀ। ਇਹਨਾਂ ਪ੍ਰੇਤਾਂ ਦੀ ਉਧੜਧੁੰਮੀ ਮੁੱਕਣੀ ਚਾਹੀਦੀ ਏ । ਨਵੀਂ ਪ੍ਰਭਾਤ ਹੋਣ ਵਾਲੀ ਏ !"

"ਉਹ ਨਹੀਂ ਕਿਸੇ ਦੀ ਸੁਣਨਗੇ।" ਸਤੋਇਕਾ ਨੇ ਹੱਠ ਨਾਲ ਕਿਹਾ।

"ਜੇ ਨਹੀਂ ਸੁਣਨਗੇ ਤਾਂ ਫੇਰ ਉਹਨਾਂ ਦੇ ਹੀ ਪੁੱਠੇ ਦਿਨ ਆਏ ਨੇ। ਅਖ਼ੀਰ ਇੱਕੋ ਚਮੜੀ ਏ ਉਹਨਾਂ ਕੋਲ, ਚੰਗਾ - ਫੇਰ ਇਹੀ ਸਾਨੂੰ ਲਾਹ ਕੇ ਦੇ ਦੇਣ ਛੱਡੋ ਇਸ ਗੱਲ ਨੂੰ - ਮੈਂ ਜੋ ਵੇਖਣਾ ਸੀ ਵੇਖ ਲਿਆ ਏ। ਤੇ ਹੁਣ ਮੈਂ ਤੈਨੂੰ ਆਪਣੇ ਭਰਾ ਦੇ ਸਪੁਰਦ ਕਰ ਜਾਂਦਾ ਹਾਂ । ਜੇ ਕਿਸੇ ਗੱਲੇ ਉਹਨੂੰ ਮੇਰੀ ਲੋੜ ਪਈ, ਤਾਂ ਉਹ ਮੇਰਾ ਠਿਕਾਣਾ ਜਾਣਦਾ ਏ।"

"ਹੁਣ ਖਾਣ ਲਈ ਕੁਝ ਲੈ ਆਵਾਂ ?" ਉਤਜ਼ਾ ਨੇ ਫੇਰ ਇੱਕ ਵਾਰੀ ਪੁੱਛਿਆ। "ਅਸੀਂ ਸੂਰਨੀ ਮਾਰੀ ਏ, ਤੇ ਕੁਝ ਸ਼ਰਾਬ ਵੀ ਸਾਡੇ ਕੋਲ ਹੈ।"

"ਸਾਡੇ ਲਈ ਕੁਝ ਨਾ ਲਿਆਣਾ," ਵੋਇਕੂ ਨੇ ਹੱਸਦਿਆਂ-ਹੱਸਦਿਆਂ ਕਿਹਾ, "ਨਹੀਂ ਤੇ ਜੋ ਤੁਹਾਡੇ ਕੋਲ ਏ, ਉਹ ਅਸੀਂ ਚਟਮ ਕਰ ਜਾਵਾਂਗੇ।"

20.

1945 ਦੀ ਬਹਾਰ ਵਿੱਚ ਢੱਠੀ-ਕੰਢੀ ਦੇ ਵਾਸੀਆਂ ਵਿੱਚ ਬੜੀ ਬੇਚੈਨੀ ਫੈਲ ਗਈ, ਅਜਿਹੀ ਬੇਚੈਨੀ ਬੜੀ ਦੇਰ ਤੋਂ ਓਥੇ ਕਦੇ ਨਹੀਂ ਸੀ ਵੇਖਣ ਵਿੱਚ ਆਈ । ਪਰੂੰ ਬਹਾਰ ਮਗਰੋਂ ਜਰਮਨ ਜਿੱਥੋਂ-ਜਿੱਥੋਂ ਵੀ ਲੰਘੇ ਸਨ ਉਹ ਸਾਰੇ ਇਲਾਕੇ ਇੱਕ ਵਾਰ ਫੇਰ ਲੁੱਟੇ ਗਏ, ਤੇ ਤਬਾਹ ਹੋਏ। ਜੇ ਕਿਤੇ ਪਤਝੜ ਦੀ ਬਿਆਈ ਔੜੀ ਨਾ ਜਾਂਦੀ ਪਰ ਸੋਕੇ ਕਰ ਕੇ ਬਹੁਤੀ ਥਾਈਂ ਕਣਕ ਉੱਗੀ ਹੀ ਨਹੀਂ ਸੀ, ਐਵੇਂ ਵਿਰਲਾ-ਵਿਰਲਾ ਕੋਈ ਬੂਟਾ ਦਿਸਦਾ ਸੀ। ਹਰ ਪਾਸੇ ਲੱਖਾਂ ਚੂਹੇ ਦਗੜ-ਦਗੜ ਕਰਨ ਲੱਗ ਪਏ ਤੇ ਸਿਆੜਾਂ ਵਿੱਚੋਂ ਦਾਣੇ ਚੁਰਾ-ਚੁਰਾ ਕੇ ਆਪਣੀਆਂ ਖੁੱਡਾਂ ਵਿੱਚ ਢੇਰ ਕਰੀ ਜਾਂਦੇ ਸਨ । ਏਸ, ਕੋਹੜੀ ਲਾਮਡੋਰੀ ਨੂੰ ਵੀ ਕਾਲ ਦਾ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਸੀ।

ਪਿੰਡਾਂ ਵਿੱਚ ਹੋਰ ਤਰ੍ਹਾਂ ਦੇ ਚੂਹੇ ਵੀ ਆਣ ਚੁੱਕੇ ਸਨ, ਏਦੂੰ ਵਧੇਰੇ ਖ਼ਤਰਨਾਕ ਕਿਸਮ ਦੇ ਦੋ ਟੰਗੇ ਚੂਹੇ।

ਓਪਰੇ ਬੰਦੇ, ਪ੍ਰਦੇਸੀ, ਹਰ ਤਰ੍ਹਾਂ ਦੇ ਅਵਾਰਾ, ਕੁਝ ਥੋੜ੍ਹਾ ਜਿਹਾ ਆਟਾ ਖ਼ਰੀਦਣ ਦੇ ਚਾਹਵਾਨ, ਦੂਜੇ ਛੋਟੀਆਂ-ਛੋਟੀਆਂ ਧਾਰਮਕ ਮੂਰਤੀਆਂ ਤੇ ਕਿਤਾਬਾਂ ਵੇਚਣ ਦਾ ਜਤਨ ਕਰਦੇ, ਕਿਸੇ ਨਾ ਕਿਸੇ ਪੱਜ ਲੋਕਾਂ ਦੇ ਘਰਾਂ ਅੰਦਰ ਘੁਸ ਜਾਂਦੇ ਤੇ ਅਜੀਬ ਅਜੀਬ ਅਫ਼ਵਾਹਾਂ ਫੈਲਾਂਦੇ । ਉਹ ਕਹਿੰਦੇ ਕਿ ਚੰਗੇ ਈਸਾਈ ਲੋਕਾਂ ਉੱਤੇ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੇ ਭਿਆਨਕ ਮੌਤ ਮੰਡਲਾ ਰਹੀ ਏ, ਕਿਉਂਕਿ ਬਾਲਸ਼ਵਿਕਾਂ ਨੇ ਸਿਰ ਚੁੱਕ ਲਿਆ ਏ, ਤੇ ਉਹ ਆਪਣੇ ਬਾਦਸ਼ਾਹ ਨੂੰ ਮਾਰ ਕੇ ਪਵਿੱਤਰ ਗਿਰਜਿਆਂ ਦੇ ਬੂਹੇ ਬੰਦ ਕਰੀ ਜਾ ਰਹੇ ਨੇ; ਉਹ ਜਗੀਰਦਾਰਾਂ ਦੇ ਗਲੇ ਕੱਟ ਰਹੇ ਤੇ ਉਹਨਾਂ ਦੇ ਬੱਚੇ ਚੁੱਕ ਕੇ ਲਿਜਾ ਰਹੇ ਨੇ; ਉਹ ਰੱਬ ਨੂੰ ਮੰਨਣ ਵਾਲਿਆਂ ਤੇ ਧਰਮ ਦੇ ਰਾਹ ਚੱਲਣ ਵਾਲਿਆਂ ਨੂੰ ਭਾਂਤ ਭਾਂਤ ਦੇ ਤਸੀਹੇ ਦੇ ਰਹੇ ਤੇ ਭੁੱਖੇ ਮਾਰ ਰਹੇ ਨੇ, ਉਹਨਾਂ ਨੂੰ ਪਸ਼ੂਆਂ ਨਾਲ ਇੱਕੋ ਖੁਰਲੀ ਤੇ ਬੰਨ੍ਹ ਕੇ ਘਾਹ ਖਾਣ ਲਈ ਮਜ਼ਬੂਰ ਕਰ ਰਹੇ ਨੇ;

157 / 190
Previous
Next