

ਬਹਿਣਗੇ। ਪਰ ਸਭ ਤੋਂ ਬੁਰੀ ਗੱਲ ਇਹ ਵੇ ਕਿ ਉਹਨਾਂ ਨੂੰ ਭੜਕਾਣ ਵਾਲੇ ਕੁਝ ਆਗੂ ਨੇ। ਉਹਨਾਂ ਵਿੱਚੋਂ ਇੱਕ ਅਜਿਹੇ ਆਗੂ ਨੂੰ ਤਾਂ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ। ਇਹਦੇ ਉੱਤੇ ਮੇਰੀ ਕਈਆਂ ਵਰ੍ਹਿਆਂ ਤੋਂ ਅੱਖ ਏ। ਇਹਦਾ ਨਾਂ ਏ ਸਤੋਇਕਾ ਚਰਨੈਤਜ਼। ਇਹਦਾ ਭਰਾ ਵੋਇਕੂ ਠਠਿਆਰ ਬੜਾ ਕੱਟੜ ਕਮਿਊਨਿਸਟ ਏ। ਉਹਦੇ ਪੂਰਨਿਆਂ 'ਤੇ ਉਹਦਾ ਭਰਾ ਚਲਦਾ ਏ। ਪਿੰਡ ਦੇ ਕਈ ਜਣੇ, ਜਿਹੜੇ ਆਪਣੇ ਆਪ ਨੂੰ ਪਾਰਟੀ ਦੱਸਦੇ ਨੇ, ਸਤੋਇਕਾ ਦੇ ਘਰ ਨੇਮ ਨਾਲ ਇਕੱਠ ਕਰਦੇ ਨੇ । ਜੇ ਕਿਤੇ ਓਥੇ ਜਾਣ ਵਾਲਿਆਂ ਸਭਨਾਂ ਦਾ ਨਾਂ ਮੈਂ ਦੱਸਣ ਲੱਗਾ, ਤਾਂ ਮਾਲਕ ਤੁਸੀਂ ਉੱਕਾ ਹੈਰਾਨ ਹੋ ਜਾਓਗੇ... ਮੈਂ ਤੇ ਕੋਈ ਢੁਕਵੀਂ ਗਾਲ੍ਹ ਉਹਨਾਂ ਲਈ ਵਰਤਣਾ ਚਹਾਂਗਾ, ਪਰ ਅੱਜ ਐਤਵਾਰ ਦਾ ਦਿਨ ਏ, ਤੇ ਮੈਂ ਗਿਰਜੇ ਵੱਲ ਜਾ ਰਿਹਾ ਹਾਂ... ਅੱਜ ਗਾਲ੍ਹ ਦੇਣੀ ਠੀਕ ਨਹੀਂ ਰਹੇਗੀ..."
"ਫੇਰ ਵੀ ਮੈਂ ਜਾਣਨਾ ਜ਼ਰੂਰ ਚਾਹਾਂਗਾ," ਮਾਲਕ ਕ੍ਰਿਸਤੀਆ ਨੇ ਉਹਨੂੰ ਉਕਸਾਂਦਿਆਂ ਕਿਹਾ।
"ਜਿਵੇਂ ਤੁਸੀਂ ਚਾਹੋ, ਮਾਲਕ। ਚੰਗਾ ਫੇਰ, ਸਭ ਤੋਂ ਪਹਿਲਾਂ ਤਾਂ ਇੱਕ ਗ੍ਰੈਗੋਰੀ ਮਾਂਦਰੀਆ ਜੇ। ਤੇ ਫੇਰ ਇੱਕ ਬੁੱਢੀ ਜੇ, ਆਨਾ, ਜਿਦੀ ਅੱਲ 'ਸੁਸਤ-ਮਾਲ' ਹੁੰਦੀ ਸੀ। ਅੱਜਕੱਲ੍ਹ ਉਹ ਚੁਸਤ ਹੋ ਗਈ ਏ। ਤੇ ਇੱਕ ਹੋਰ ਜੇ, ਲਾਏ ਸਾਰਾਕੂ ।"
"ਉਹ ਤੇ ਮੇਰੇ ਡੰਗਰ ਚਾਰਦਾ ਹੁੰਦਾ ਸੀ। ਇੱਕ ਦਿਨ ਡੰਗਰ ਤੇ ਪ੍ਰਾਣੀ ਵਿੱਚ ਹੀ ਛੱਡ ਕੇ ਚਲਦਾ ਬਣਿਆਂ। ਮੈਂ ਤਫ਼ਤੀਸ਼ ਕਰਾਂਦਾ ਰਿਹਾ - ਚੰਗਾ, ਉਹਨੂੰ ਤੇ ਪੁਲੀਸ ਦੇ ਹਵਾਲੇ ਕਰਾਵਾਂਗਾ!... ਤੇ ਹੋਰ ?"
"ਔਰੀਕਾ ਤੁਰਬਾਤੂ ਜੇ, ਜਿਹੜਾ ਲਾਮ ਤੋਂ ਲੱਕੜ ਦੀ ਲੱਤ ਲੈ ਕੇ ਪਰਤਿਆ ਏ। ਤੇ ਇੱਕ ਹੋਰ ਲੂਲ੍ਹਾ, ਤੂਦੋਰ ਗਾਰਲੀਆ।"
"ਬਸ ਹੁਣ ਇੱਕ ਅੰਨ੍ਹੇ ਦੀ ਕਸਰ ਰਹਿ ਗਈ ਏ!" ਤ੍ਰੈ-ਨੱਕੇ ਨੇ ਹਿਚ-ਹਿਚ ਕਰਦਿਆਂ ਕਿਹਾ।
"ਉਹਦੀ ਵੀ ਨਹੀਂ ਲੋੜ, ਮਾਲਕ। ਏਰੇਮੀ ਵਾਸਕਾਨ ਦੀ ਸੱਜੀ ਅੱਖ ਬੰਦ ਏ, ਉਹੀ ਜਿਹੜਾ ਪਲਟਨ ਵਿੱਚ ਸਾਰਜੰਟ ਸੀ। ਉਹ ਅਗਲੇ ਦਿਨ ਮਸ਼ੀਨ 'ਤੇ ਆਇਆ। ਰਤਾ ਖ਼ਿਆਲ ਕਰੋ, ਮਸਾਂ ਅੱਧੀ ਬੇਰੀ ਦਾਣੇ ਨਹੀਂ ਹੋਣੇ ਜਿਹੜੇ ਉਹ ਪਿਹਾਣਾ ਚਾਹਦਾ ਸੀ। ਤੇ ਉਹ ਆਪਣੀ ਇੱਕੋ ਸਾਬਤ ਅੱਖ ਵਿੱਚੋਂ ਮੇਰੇ ਵੱਲ ਇੰਜ ਝਾਕ ਰਿਹਾ ਸੀ ਜਿਵੇਂ ਮੇਰੇ 'ਤੇ ਹੱਸ ਰਿਹਾ ਹੋਏ। ਮੈਂ ਸੋਚਿਆ, ਇਹਦੇ ਨਾਲ ਕੁਝ ਉਚੇਚਾ ਮਿੱਠਾ ਵਰਤਾਂ। ਏਰੇਮੀ,' ਮੈਂ ਕਿਹਾ, 'ਮੈਂ ਆਟਾ ਪੀਹਣ ਦਾ ਕੁਝ ਨਹੀਂ ਲੈਣ ਲੱਗਾ। 'ਨਹੀਂ, ਜੋ ਤੇਰਾ ਹੱਕ ਏ ਉਹ ਤੈਨੂੰ ਜ਼ਰੂਰ ਲੈਣਾ ਚਾਹੀਦਾ ਏ।' 'ਚੰਗਾ, ਜੇ ਤੇਰੀ ਇਵੇਂ ਹੀ ਮਰਜੀ ਏ... ।' ਮਾਲਕ, ਇੰਜ ਸੀ ਜਿਵੇਂ ਉਹਨੇ ਆਪਣੀ ਇੱਕ ਵਰਮੇ ਵਰਗੀ ਅੱਖ ਨਾਲ ਮੇਰੇ ਦਿਲ ਵਿੱਚ ਛੇਕ ਪਾ ਦਿੱਤਾ । ਇਕੱਲਿਆਂ ਘਰ ਪਰਤਦਿਆਂ ਮੈਂ ਰਾਤ ਵੇਲੇ ਰਾਹ ਵਿੱਚ ਉਹਨੂੰ ਕਦੇ ਨਹੀਂ ਮਿਲਣਾ ਚਾਹਾਂਗਾ... ਤੇ ਫੇਰ ਉਹ ਕਿਤਜ਼ਾ ਮੁਤੂ ਜੇ । ਤੇ ਹੋਰ, ਕਿੰਨੇ ਹੀ ਹੋਰ। ਇਹ ਸਭ ਸਿਰ ਜੋੜ ਕੇ ਬਹਿੰਦੇ ਨੇ ਤੇ ਦੇਸ਼ ਦੀ ਹੋਣੀ ਬਾਰੇ ਫ਼ੈਸਲੇ ਕਰਦੇ ਰਹਿੰਦੇ ਨੇ!"