

"ਮੈਂ ਕਿਤਜ਼ਾ ਮੁਤੂ ਦੇ ਖ਼ਿਲਾਫ਼ ਵੀ ਪਰਚਾ ਦਿੱਤਾ ਹੋਇਆ ਏ। ਇਹਦਾ ਮੱਕੂ ਬੰਨ੍ਹਣ ਲਈ ਵੀ ਪੁਲੀਸ ਨੂੰ ਹੁਣੇ ਕਹਿੰਦਾ ਹਾਂ।"
ਗ੍ਹੀਤਜਾ ਨੇ ਆਪਣਾ ਸਿਰ ਖੁਰਕਦਿਆਂ ਕਿਹਾ, "ਮਾਲਕ! ਕਿਵੇਂ ਆਖਾਂ ਤੁਹਾਨੂੰ, ਮੇਰੀ ਰਾਏ ਏ, ਤੁਸੀਂ ਉਹਨਾਂ ਨਾਲ ਰਤਾ ਨਰਮਾਈ ਨਾਲ ਪੇਸ਼ ਆਓ। ਖਾਸ ਕਰ ਕੇ ਹਾਲ ਦੀ ਘੜੀ। ਜਿਹੜੇ ਮੂਰਖ ਜੰਮੇ ਸਨ ਭਾਵੇਂ ਕੁਝ ਹੋ ਜਾਏ, ਅੰਤ ਉਹਨਾਂ ਮੂਰਖ ਹੀ ਰਹਿਣਾ ਏਂ। ਅੱਜਕੱਲ੍ਹ ਜ਼ਰਾ ਭੂਤਰੇ ਹੋਏ ਨੇ, ਪਰ ਇਹ ਦਿਨ ਵੀ ਲੰਘ ਜਾਣਗੇ। ਫੇਰ ਤੁਹਾਡੇ ਕਰੜੇ ਹੋਣ ਦਾ ਵੇਲਾ ਆ ਜਾਏਗਾ। ਇਹਨਾਂ 'ਚੋਂ ਕਈਆਂ ਨਾਲ ਮੇਰੇ ਵੀ ਸਿੰਗ ਅੜੇ ਹੋਏ ਨੇ, ਪਰ ਮੈਂ ਹਾਲੀ ਦੜ ਵੱਟੀ ਜਾਂਦਾ ਹਾਂ । ਪੁਲੀਸ ਸਾਰਜੰਟ ਦਾਂਤਜ਼ਿਚ ਵੀ ਇੰਜੇ ਕਰ ਰਿਹਾ ਏ... ਜਾਪਦਾ ਏ, ਉਹ ਕੁਝ ਡਰਿਆ ਹੋਇਆ ਏ.. ਸ਼ਹਿਰੋਂ ਜਾਂ ਬੁਖ਼ਾਰੈਸਟੋਂ ਹਰ ਐਤਵਾਰ ਸੂਹ ਰੱਖਣ ਵਾਲੇ ਏਥੇ ਆਉਂਦੇ ਨੇ।"
"ਤੇ ਉਹ ਕੌਣ ਨੇ ?"
“ਪਾਰਟੀ ਆਪਣੇ ਕਾਮਿਆਂ ਨੂੰ ਭੇਜਦੀ ਏ। ਨਾਂ ਨੂੰ ਤਾਂ ਉਹ ਗੱਡੇ ਤੇ ਹੋਰ ਸੰਦ ਮੁਰੰਮਤ ਕਰਨ ਲਈ ਈ ਆਉਂਦੇ ਨੇ, ਪਰ ਅਸਲ ਵਿੱਚ ਉਹ ਇਹਨਾਂ ਨੂੰ ਹਰ ਤਰ੍ਹਾਂ ਦੀਆਂ ਖ਼ਬਰਾਂ ਦੱਸਣ ਤੇ ਕਹਾਣੀਆਂ ਸੁਣਾਨ ਆਉਂਦੇ ਨੇ। ਇਹੋ ਜਹੇ ਹੀ ਆ ਕੇ ਉਹਨਾਂ ਨੂੰ ਸਿਖਾ ਜਾਂਦੇ ਨੇ ਕਿ ਅਮੀਰਾਂ ਦੀ ਜ਼ਮੀਨ ਛੇਤੀ ਹੀ ਗ਼ਰੀਬਾਂ ਨੂੰ ਮਿਲ ਜਾਏਗੀ। ਸੱਚ ਦੱਸਾਂ, ਮੈਨੂੰ ਆਪ ਡਰ ਲੱਗਣ ਲੱਗ ਪਿਆ ਏ । ਏਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਇਹਨਾਂ ਨਾਲ ਕਰਾਰੇ ਹੱਥ ਕਰਨੇ ਠੀਕ ਨਹੀਂ ਰਹਿਣੇ। ਉਫ਼! ਪਹਿਲੀਆਂ 'ਚ ਕਿਵੇਂ ਬੇ-ਫ਼ਿਕਰ ਹੋ ਕੇ ਇਹਨਾਂ ਨੂੰ ਕੁੱਟ ਵੀ ਕੱਢੀਦਾ ਸੀ । ਮੈਂ ਮਸ਼ੀਨ ਦੇ ਕੰਡੇ 'ਤੇ ਆਪਣਾ ਭਾਰ ਤੋਲਿਆ ਏ, ਪੂਰੇ ਅਠਾਰਾਂ ਸੇਰ ਘਟਿਆ ਵਾਂ..."
"ਨਰਮੀ ਨਾ ਨਰਮੀ, ਮੈਂ ਤਾਂ ਗੋਲੀਆਂ ਮਾਰ-ਮਾਰ ਕੇ ਇਹਨਾਂ ਨੂੰ ਸਿੱਧਿਆਂ ਕਰ ਦਿਆਂਗਾ," ਤ੍ਰੈ-ਨੱਕੇ ਨੇ ਬੜੇ ਜੋਸ਼ ਵਿੱਚ ਕਿਹਾ। ਪਰ ਝੱਟ ਹੀ ਉਹਦੀ ਝੱਗ ਬਹਿ ਗਈ, 'ਜੋ ਤੂੰ ਮੈਨੂੰ ਦੱਸਿਆ ਏ, ਏਸ ਦਾ ਕੁਝ ਹਿੱਸਾ ਮੇਅਰ ਪੋਪੈਸਕੋ ਨੇ ਵੀ ਦੱਸਿਆ ਸੀ । ਪਰ ਉਹ ਤੇਰੇ ਵਾਂਗ ਦਿਲ ਨਹੀਂ ਹਾਰੀ ਬੈਠਾ। ਉਹ ਕਹਿੰਦਾ ਸੀ ਕਿ ਜ਼ਮੀਨ ਦੀ ਨਵੀਂ ਵੰਡ ਦੀ ਅੱਜਕੱਲ੍ਹ ਭਾਵੇਂ ਏਨੀ ਚਰਚਾ ਅਸੀਂ ਸੁਣ ਰਹੇ ਹਾਂ, ਪਰ ਇਹਨੂੰ ਵੱਧ ਤੋਂ ਵੱਧ ਚਿਰ ਤੱਕ ਲਮਕਾਇਆ ਜਾਏਗਾ ਤੇ ਪਹਿਲੋਂ ਹੋਰ ਤਬਦੀਲੀਆਂ ਕੀਤੀਆਂ ਜਾਣਗੀਆਂ। ਪੁਰਾਣੀਆਂ ਪਾਰਟੀਆਂ ਹਾਲੇ ਤਕੜੀਆਂ ਨੇ, ਇਹ ਗੱਲ ਵੀ, ਗੀਤਜ਼ਾ, ਤੈਨੂੰ ਕਦੇ ਨਹੀਂ ਭੁੱਲਣੀ ਚਾਹੀਦੀ।"
“ਮਾਲਕ! ਮੇਅਰ ਤਾਂ ਟਿੰਡ ਦਾ ਥੱਲਾ ਏ। ਉਹਦੇ ਕੋਲੋਂ ਕਿਸੇ ਕੀ ਖੋਹ ਲੈਣਾ ਏਂ, ਉਹਦੀ ਆਪਣੀ ਤਾਂ ਜੂੰ ਵੀ ਨਹੀਂ, ਤੇ ਇੱਕ ਹੋਰ ਵੀ ਗੱਲ ਏ, ਤੀਵੀਆਂ ਵੀ ਦਬਾਦਬ ਪਾਰਟੀ ਵਿੱਚ ਸ਼ਾਮਲ ਹੋਈ ਜਾਂਦੀਆਂ ਨੇ। ਜਦੋਂ ਉਹ ਦਰਿਆ 'ਤੇ ਕੱਪੜੇ ਧੋਣ ਜਾਂਦੀਆਂ ਨੇ, ਤਾਂ ਓਥੇ ਹੋਰ ਕੁਝ ਨਹੀਂ ਕਰਦੀਆਂ, ਬਸ ਸਿਆਸਤ ਈ ਘੋਟਦੀਆਂ ਨੇ। ਤੀਵੀਆਂ ਤਾਂ ਬੰਦਿਆਂ ਨਾਲੋਂ ਵੀ ਵੱਧ ਔਖਿਆਂ ਕਰ ਰਹੀਆਂ ਨੇ, ਉਹ ਬੜੀ ਛੇਤੀ ਜੂ ਤੱਤੀਆਂ ਹੋ ਜਾਂਦੀਆਂ ਨੇ । ਜੇ ਕਿਤੇ ਤੁਹਾਨੂੰ ਪਤਾ ਹੋਏ, ਆਪਣੀ ਸਾਲੀ ਨਾਸਤਾਸੀਆ ਕਰ ਕੇ ਮੈਨੂੰ ਕੀ-