Back ArrowLogo
Info
Profile

ਅੱਥਰੂ ਦੂਜਿਆਂ ਨੂੰ ਨਾ ਦਿਸਣ, ਪਰ ਉਹਦੇ ਹਉਕੇ ਜ਼ਰੂਰ ਸੁਣਾਈ ਦੇਂਦੇ ਰਹਿੰਦੇ।

ਨਾਸਤਾਸੀਆ ਬੜੀ ਮਾੜੀ ਹੋ ਗਈ ਸੀ, ਸਿਰਫ਼ ਉਹਦੀਆਂ ਅੱਖਾਂ ਹੀ ਪਹਿਲਾਂ ਵਰਗੀਆਂ ਸੋਹਣੀਆਂ ਰਹੀਆਂ ਸਨ। ਕੰਮ, ਫ਼ਿਕਰ ਤੇ ਪੀੜਾਂ ਨਾਲ ਉਹ ਇੰਜ ਝੋ ਗਈ ਸੀ। ਖਾਣ ਵੇਲ਼ੇ ਜਦੋਂ ਉਹ ਦਰੱਖਤਾਂ ਦੀ ਛਾਂ ਥੱਲੇ ਬਹਿੰਦੀਆਂ ਤੇ ਰੋਟੀ ਗਰਮ ਕਰਨ ਲਈ ਸੁੱਕੀਆਂ ਟਹਿਣੀਆਂ ਦੀ ਅੱਗ ਬਾਲਦੀਆਂ, ਤਾਂ ਤਿੰਨੇ ਬੁੱਢੀਆ ਕਾਂ-ਕਾਂ ਲਾਈ ਰੱਖਦੀਆਂ, ਪਰ ਨਾਸਤਾਸੀਆ ਚੁੱਪ-ਚਾਪ ਆਪਣੇ ਬਾਰੇ ਸੋਚਦੀ ਰਹਿੰਦੀ। ਉਹ ਮੀਤ੍ਰਿਆ ਵੱਲੋਂ ਆਈਆਂ ਚਿੱਠੀਆਂ ਦਿਲ ਹੀ ਦਿਲ ਵਿੱਚ ਮੁੜ-ਮੁੜ ਪੜ੍ਹਦੀ ਰਹਿੰਦੀ, ਜਿਵੇਂ ਇਹ ਕੋਈ ਅਰਦਾਸ ਹੋਵੇ। ਉਹਨੂੰ ਹੁਣ ਤੱਕ ਯਾਰਾਂ ਚਿੱਠੀਆਂ ਆ ਚੁੱਕੀਆਂ ਸਨ, ਤੇ ਹੁਣ ਬਾਰ੍ਹਵੀਂ ਦੀ ਉਡੀਕ ਸੀ।

“ਨਾਸਤਾਸੀਆ ਪਿਆਰੀ। ਸਬਰ, ਕੁਝ ਚਿਰ ਹੋਰ ਸਬਰ । ਟਰਾਂਸਿਲਵੇਨੀਆ ਦੇ ਏਸ ਇਲਾਕੇ ਵਿੱਚੋਂ ਮੈਂ ਤੇਰੇ ਲਈ ਬੜੇ ਸੁਹਣੇ ਕੱਢੇ ਹੋਏ ਰੁਮਾਲ, ਚੋਗਾ ਤੇ ਜੁੱਤੀਆਂ ਲਈਆਂ ਨੇ। ਇਹ ਸਭ ਤੂੰ ਆਪਣੇ ਵਿਆਹ ਵੇਲ਼ੇ ਪਾਈਂ...

ਅਚਨਚੇਤ ਹੀ, ਜੁਲਾਈ ਦੇ ਪਹਿਲੇ ਹਫ਼ਤੇ ਇੱਕ ਬੁੱਧਵਾਰ ਨੂੰ ਉਹਦੇ ਦਿਨ ਪੁੱਗ ਗਏ। ਦੁਨੀਆਂ ਦਾ ਸ਼ਹਿਰੀ ਬਣਨ ਦਾ ਨਵਾਂ ਉਮੀਦਵਾਰ ਏਨੀ ਕਾਹਲ ਵਿੱਚ ਸੀ ਕਿ ਉਹਨੇ ਆਪਣੀ ਪੀੜਾਂ-ਫਾਵੀ ਮਾਂ ਨੂੰ ਕੁੱਲੀ ਦੇ ਬਾਹਰ ਧੂੜ ਵਿੱਚ ਹੀ ਡੇਗ ਲਿਆ। ਪਿੰਡ ਪੁੱਜਣ ਦਾ ਨਾ ਵੇਲਾ ਸੀ ਤੇ ਨਾ ਵਸੀਲਾ। ਉਤਜ਼ਾ ਨੇ ਝਟਪਟ ਆਨਾ ਨੂੰ ਚਰਨੈਤਜ਼ ਦੀ ਘਰ ਵਾਲੀ, ਸੋਫ਼ੀ, ਨੂੰ ਬੁਲਾਣ ਲਈ ਭੇਜਿਆ; ਸੋਫ਼ੀ ਕੁਝ ਦਾਈਪੁਣਾ ਜਾਣਦੀ ਸੀ।

"ਤੇ ਇੱਕ ਇੱਟ ਵੀ ਲੈਂਦੀ ਆਈਂ," ਉਤਜ਼ਾ ਨੇ ਪੱਕੀ ਕੀਤੀ, "ਮੈਂ ਪਹਿਲੋਂ ਹੀ ਸੋਚ ਕੇ ਚੀਜ਼ਾਂ ਵਸਤਾਂ ਕੱਠੀਆਂ ਕਰ ਛੱਡੀਆਂ ਸਨ, ਪਰ ਇਟ ਮੈਂ ਭੁੱਲ ਗਈ- ਵੱਡੀ ਸਾਰੀ ਇੱਟ, ਤੈਨੂੰ ਪਤਾ ਹੀ ਏ...

ਬਿੰਦ ਕੁ ਲਈ ਜਦੋਂ ਪੀੜ ਮੱਠੀ ਹੋਈ ਤਾਂ ਨਾਸਤਾਸੀਆ ਨੇ ਹੱਸ ਕੇ ਪੁੱਛਿਆ "ਏਸ ਇੱਟ ਨਾਲ ਕਿਹੜਾ ਮਕਾਨ ਉਸਾਰਨਾ ਜੇ," ਪਰ ਫੇਰ ਅੰਤਾਂ ਦੀ ਪੀੜ ਨੇ ਉਹਨੂੰ ਘੇਰ ਲਿਆ । ਪੀੜ ਮੱਠੀ ਹੁੰਦੀ, ਫੇਰ ਪਰਤ ਆਉਂਦੀ, ਫੇਰ ਮੱਠੀ ਹੁੰਦੀ। ਉਹ ਏਨੀ ਤਕਲੀਫ਼ ਵਿੱਚ ਸੀ, ਤੇ ਏਸ ਬਾਰੇ ਕੋਈ ਕੁਝ ਨਹੀਂ ਸੀ ਕਰ ਸਕਦਾ। ਏਨੇ ਵਿੱਚ ਸੋਫ਼ੀਆ, ਜਿੰਨ੍ਹਾਂ ਦਾਈ ਦਾ ਕੰਮ ਸਾਰਨਾ ਸੀ, ਚਰਨੈਤਜ਼ ਨਾਲ ਪੁੱਜ ਗਈ। ਚਰਨੈਤਜ਼ ਸਾਰੀ ਵਾਟ ਘੋੜਿਆਂ ਨੂੰ ਚਾਬਕਾਂ ਮਾਰ-ਮਾਰ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ।

ਉਹਨਾਂ ਕੋਲ ਇੱਟ ਕੋਈ ਨਹੀਂ ਸੀ । ਏਡੀ ਹਫੜਾ-ਦਫੜੀ ਵਿੱਚ ਉਹਨਾਂ ਨੂੰ ਕਿੱਥੋਂ ਲੱਭਦੀ ?

ਊਤਜ਼ਾ ਹੱਥ ਮਲਦਿਆਂ ਅਫ਼ਸੋਸ ਕਰਨ ਲੱਗੀ। ਪੁਰਾਣਾ ਰਿਵਾਜ ਸੀ ਕਿ ਜਣਨੀ ਦੀ ਪਿੱਠ ਥੱਲੇ ਵੱਡੀ ਤੋਂ ਵੱਡੀ ਇੱਟ ਧਰੀ ਜਾਏ। ਇੰਜ ਕਿਉਂ ਕੀਤਾ ਜਾਂਦਾ ਹੈ, ਇਹ ਕਿਸੇ ਨੂੰ ਨਹੀਂ ਸੀ ਪਤਾ, ਤੇ ਨਾ ਹੀ ਕਦੇ ਕਿਸੇ ਸੋਚਿਆ ਸੀ। ਇਹ ਇੱਜੇ ਹੀ ਹੁੰਦਾ ਚਲਾ ਆਇਆ ਸੀ। ਸ਼ੈਦ ਏਸ ਲਈ ਕਿ ਜਣਨੀ ਓਸ ਘੜੀ ਇਹਦੇ ਸਹਾਰੇ ਆਪਣੀ ਪੀੜ ਕੁਝ ਘਟਾ ਸਕੇ...

166 / 190
Previous
Next