Back ArrowLogo
Info
Profile

ਵੇਤਾ ਨੂੰ ਸੁੱਝਿਆ, "ਕੁੱਲੀ ਦੇ ਅੰਦਰ ਇੱਕ ਪੁਰਾਣਾ ਕੀੜਿਆਂ ਦਾ ਭੌਣ ਏ, ਓਥੇ ਹੁਣ ਕੀੜੇ ਨਹੀਂ ਰਹੇ ਤੇ ਉਹ ਇੱਟ ਨਾਲ ਵੀ ਕਰੜਾ ਏ... ਓਥੇ ਨਾ ਨਾਸਤਾਸੀਆ ਨੂੰ ਲਿਟਾ ਦਈਏ ?"

ਵਿਚਾਰੀ ਨਾਸਤਾਸੀਆ ਇੰਜ ਕੁਰਲਾਂਦੀ ਹੱਥ ਪੈਰ ਮਾਰ ਰਹੀ ਸੀ, ਜਿਵੇਂ ਕੋਈ ਉਹਦੇ ਟੋਟੇ ਕਰ ਰਿਹਾ ਹੋਵੇ । ਚਾਰੇ ਜ਼ਨਾਨੀਆਂ ਉਹਦੀ ਮਦਦ ਕਰਦੀਆਂ ਏਧਰ ਉਧਰ ਭੌਂ ਰਹੀਆਂ ਸਨ। ਇੱਕ ਕੋਲ ਤੇਲ ਦੀ ਬੋਤਲ ਸੀ, ਦੂਜੀ ਕੋਲ ਕੈਂਚੀ, ਤੀਜੀ ਕੋਲ ਪਾਣੀ ਦੀ ਬਾਲਟੀ, ਤੇ ਚੌਥੀ ਨੇ ਓਸ ਕੁੜੀ ਨੂੰ ਲੱਕ ਤੋਂ ਫੜਿਆ ਹੋਇਆ ਸੀ ਤੇ ਉਹਨੂੰ ਜ਼ੋਰ ਲਾਣ ਲਈ ਆਖ ਰਹੀ ਸੀ।

ਬਸ ਸਿਰਫ਼ ਮੀਤ੍ਰਿਆ ਦੀ ਹੀ ਘਾਟ ਸੀ। ਇੱਕ ਹੋਰ ਪੁਰਾਣੀ ਰਸਮ ਸੀ ਕਿ ਅੰਤਾਂ ਦੀ ਏਸ ਪੀੜ ਵੇਲ਼ੇ ਉਹ ਵੀ ਕੋਲ ਹੋਣਾ ਚਾਹੀਦਾ ਹੈ, ਜਿਸ ਕਰ ਕੇ ਉਹਨੂੰ ਇਹ ਸਾਰੀ ਬਿਪਤਾ ਪਈ ਹੋਈ ਸੀ; ਬਣਨ ਵਾਲੀ ਮਾਂ ਉਹਦੇ ਸਿਰ ਉੱਤੇ ਮੁੱਕੇ ਮਾਰਦੀ, ਉਹਦੇ ਵਾਲ ਖੋਂਹਦੀ ਤੇ ਮੂੰਹ ਘਰੂੰਡਦੀ "ਉਫ਼ ! ਜਿਨ੍ਹੇ ਇਹਦੀ ਇਹ ਹਾਲਤ ਬਣਾਈ ਏ, ਉਹ ਤੇ ਬਹੁਤ ਦੂਰ ਕਿਤੇ ਬੈਠਾ ਏ," ਆਨਾ 'ਸੁਸਤ-ਮਾਲ' ਨੇ ਡੂੰਘਾ ਸਾਹ ਭਰਿਆ, "ਉਹ ਕਿਤੇ ਏਥੇ ਹੁੰਦਾ, ਤਾਂ ਜਲਦੀ ਹੀ ਇੱਕ ਸੁਖਾਲੀ ਹੋ ਬਹਿੰਦੀ, ਵਿਚਾਰੀ।"

ਸਤੋਇਕਾ ਨੇ ਘੋੜੇ ਖੈਰ ਦੇ ਝੁੰਡ ਥੱਲੇ ਬੰਨ੍ਹ ਛੱਡੇ, ਤੇ ਢਾਂਡਰੀ ਬਾਲ ਕੇ ਕੋਲ ਬੈਠਾ ਉਡੀਕਦਾ ਰਿਹਾ, ਨੇੜੇ ਹੀ ਜਿਹੜੀ ਰਹੱਸਮਈ ਲੀਲ੍ਹਾ ਹੋ ਰਹੀ ਸੀ ਓਸ ਵਿੱਚ ਉਹਨੂੰ ਸ਼ਾਮਲ ਨਹੀਂ ਸੀ ਕੀਤਾ ਜਾ ਰਿਹਾ...

ਅਸਮਾਨ ਬੜਾ ਹੀ ਨਿੰਮਲ ਹੋਇਆ ਹੋਇਆ ਸੀ। ਪੱਤਿਆਂ ਵਿੱਚ ਲੁਕੀਆਂ ਘੁੱਗੀਆਂ ਗੁਟਕਦੀਆਂ ਤੇ ਪੀਲਕ ਸੀਟੀਆਂ ਮਾਰ ਰਹੇ ਸਨ। "ਇੰਜ ਜਾਪਦਾ ਏ ਜਿਵੇਂ ਇਹ ਪੰਛੀ ਨਵੇਂ ਬਾਲ ਦਾ ਨਾਂ ਦੱਸਣਾ ਚਾਹਦੇ ਨੇ," ਜਿੰਨੇ ਓਥੇ ਸਨ ਉਹਨਾਂ ਵਿੱਚ ਸਭ ਤੋਂ ਬਿਰਧ ਵੇਤਾ ਨੇ ਕਿਹਾ।

"ਵਾਜਾਂ ਤਾਂ ਕੁਝ ਏਸ ਤਰ੍ਹਾਂ ਦੀਆਂ ਨੇ, ਜਿਵੇਂ ਕੋਈ ਮਰਨ ਵਾਲਾ ਹੋਏ," ਸਤੋਇਕਾ ਨੇ ਹੌਲੀ ਜਹੀ ਕਿਹਾ, "ਮੇਰੇ ਭਰਾ ਵੋਇਕੂ ਨੇ ਕਿਹਾ ਸੀ ਕਿ ਅਸੀਂ ਡਾਕਟਰ ਨੂੰ ਜ਼ਰੂਰ ਸੱਦੀਏ, ਤੇ ਉਹ ਸਭ ਕੁਝ ਇਕੱਠਾ ਕਰ ਛੱਡੀਏ ਜਿਹੜਾ ਅੱਜਕੱਲ੍ਹ ਜਣੇਪੇ ਨੂੰ ਸੁਖਾਲਾ ਬਣਾਨ ਲਈ ਨਵਾਂ ਨਿੱਕਲਿਆ ਏ। ਬੁੱਢੀਆਂ ਜ਼ਨਾਨੀਆਂ ਏਸ ਸਭ ਕਾਸੇ ਤੇ ਹੱਸਦੀਆਂ ਨੇ। ਉਹ ਸਮਝਦੀਆਂ ਨੇ ਕਿ ਏਸ ਕੰਮ ਬਾਰੇ ਉਹ ਹੀ ਹਰ ਕਿਸੇ ਨਾਲੋਂ ਵੱਧ ਜਾਣਦੀਆਂ ਨੇ। ਉਹ ਕਹਿੰਦੀਆਂ ਨੇ, ਸਾਡੇ ਬਜ਼ੁਰਗਾਂ ਵਿੱਚੋਂ ਸਿਰਫ਼ ਬਾਬਾ ਆਦਮ ਤੇ ਮਾਈ ਹੱਵਾ ਹੀ ਜਨਾਨਾ ਪੀੜ ਬਿਨਾਂ ਜੰਮੇਂ ਸਨ - ਕੀ ਬਕਵਾਸ ਏ।"

ਸੂਰਜ ਅਸਤਣ ਤੱਕ ਕੁੱਲੀ ਦੇ ਅੰਦਰੋਂ ਚੀਕਾਂ ਤੇ ਫੇਰਾ ਤੋਰਾ ਮੁੱਕ ਗਿਆ ਇੱਕ ਵਾਰ ਮੁੜ ਖੈਰ ਦੇ ਝੁੰਡ ਥੱਲੇ ਚੁੱਪ ਚਾਂ ਹੋ ਗਈ। ਇੱਕ ਦਰਖ਼ਤ ਦੀ ਛਿਲ ਉੱਤੇ ਚੱਕੀਰਾਹਾ ਆਪਣੀ ਚੁੰਝ ਨਾਲ ਟੁਕ-ਟੁਕ ਕਰਦਾ ਸੁਣਾਈ ਦੇਂਦਾ ਸੀ। ਢੱਠੀ-ਕੰਢੀ ਦੀ ਵਸੋਂ ਵਿੱਚ ਇੱਕ ਮੁੰਡੇ ਦਾ ਵਾਧਾ ਹੋ ਚੁੱਕਿਆ ਸੀ।

167 / 190
Previous
Next