

ਵਾਹ ! ਉਹਦਾ ਮੁਹਾਂਦਰਾ ਤੇ ਨਿਰਾ ਪੁਰਾ ਆਪਣੇ ਪਿਓ ਉੱਤੇ ਸੀ... ਇੰਨ-ਬਿੰਨ ਓਹੋ ਜਹੀਆਂ ਹੀ ਕਾਲੀਆਂ ਅੱਖਾਂ, ਆਪਣੀ ਮਾਂ ਨੂੰ ਉਹਨੇ ਇੱਕ ਦੋ ਵਾਰ ਹੁਣੇ ਹੀ ਕੁੱਟ ਲਿਆ ਸੀ, ਤੇ ਜਦੋਂ ਦਾਈ ਉਹਦਾ ਨਾੜੂ ਕੱਟ ਰਹੀ ਸੀ ਤਾਂ ਲੱਗਦਾ ਸੀ ਜਿਵੇਂ ਉਹ ਉਹਨੂੰ ਗਾਲ੍ਹ ਕੱਢ ਰਿਹਾ ਹੋਏ।
21.
ਢੱਠੀ-ਕੰਢੀ ਵਿੱਚ ਇੱਕ ਪੁਰਾਣਾ ਰਾਗੀ ਵੇਜ਼ੇਲਿਨ ਰਹਿੰਦਾ ਸੀ, ਉਹਦਾ ਲੋਕਾਂ ਨੇ 'ਖੁਸ਼-ਕਿਸਮਤ' ਨਾਂ ਰੱਖਿਆ ਹੋਇਆ ਸੀ।
"ਕਦੇ ਆਪਣੀ ਕਿਸਮਤ ਵਿੱਚ ਖੁਸ਼ੀ ਤੱਕੀ ਵੀ ਆ ?" ਉਹਦੇ ਦੋਸਤ ਸਤੋਇਕਾ ਚਰਨੈਤਜ਼ ਨੇ ਉਹਨੂੰ ਇੱਕ ਵਾਰ ਪੁੱਛਿਆ ਸੀ।
"ਨਹੀਂ, ਕਦੇ ਨਹੀਂ।"
ਉਹਦੀ ਕਿਸਮਤ ਵਿੱਚ ਨਿੱਤ ਦੀ ਗ਼ਰੀਬੀ ਹੀ ਆਈ ਸੀ।
"ਇਹ ਸੀ ਜੋ ਮੇਰੇ ਬਾਰੇ ਪਹਿਲਾਂ ਤੋਂ ਹੀ ਲਿਖਿਆ ਸੀ," ਉਹਨੇ ਓਦੋਂ ਕਿਹਾ ਸੀ, “ਮੇਰੀ ਤਲੀ 'ਤੇ ਨਹੀਂ, ਸਗੋਂ ਕੋਠੀ ਵਿੱਚ ਪਈਆਂ ਤ੍ਰੈ-ਨੱਕੇ ਦੀਆਂ ਵਹੀਆਂ ਵਿੱਚ। ਇੱਕ ਵਾਰੀ ਉਹਨੇ ਮੈਨੂੰ ਇੱਕ ਸੌ ਵੀਹ ਫ਼ਰਾਂਕ ਉਧਾਰੇ ਦਿੱਤੇ ਸਨ । ਦਿਨ ਲੰਘਦੇ ਗਏ ਤੇ ਹਰ ਵਰ੍ਹੇ ਮੇਰਾ ਉਧਾਰ ਸੂੰਦਾ ਗਿਆ । ਜਦੋਂ ਕਦੇ ਮਾਦਾਮ ਦਿਦੀਨਾ ਦੀ ਮਰਜ਼ੀ ਆ ਜਾਏ ਉਹ ਮੈਨੂੰ ਸੱਦ ਲੈਂਦੀ ਤੇ ਗੌਣਾ ਤੇ ਸਾਜ਼ ਸੁਣਦੀ ਰਹਿੰਦੀ ਏ। ਪਰ ਉਹਨਾਂ ਮੂਲ ਜਾਂ ਵਿਆਜ ਵਿੱਚੋਂ ਇੱਕ ਪਾਈ ਵੀ ਕਦੇ ਨਹੀਂ ਘਟਾਈ । ਸਾਰਾ ਹੁਨਾਲਾ ਮੈਂ ਉਹਨਾਂ ਲਈ ਕੰਮ ਕਰਦਾ ਰਹਿੰਦਾ ਹਾਂ। ਸਿਆਲੇ ਵਿੱਚ ਮੈਂ ਉਹਨਾਂ ਦਾ ਮਨ ਪਰਚਾਂਦਾ ਹਾਂ - ਇਹ ਸਭ ਕੁਝ ਕਰ ਕੇ ਵੀ ਮੈਂ ਹਾਲੀ ਤੱਕ ਉਹਨਾਂ ਦਾ ਕਰਜਾ ਨਹੀਂ ਲਾਹ ਸਕਿਆ।"
“ਉਹ ਤੇਰੀ ਇਹ ਵਾਇਲਿਨ ਕਰਕ ਕਰਵਾ ਲਏਗਾ!"
"ਇਹ ਕਿਵੇਂ ਹੋ ਸਕਦਾ ਏ! ਮੈਂ ਤੇ ਇਹਦੇ ਬਿਨਾਂ ਇੱਕ ਪਲ ਵੀ ਜਿਊਂਦਾ ਨਾ ਰਹਿ ਸਕਾਂ... ਆਪਣੇ ਸਾਜ਼ ਬਿਨਾਂ ਭਲਾ ਮੇਰੀ ਕੀ ਵਟੀਦੀ ਏ ? ਮੇਰੇ ਲਈ ਤਾਂ ਇਹ ਇੱਕ ਜੋਗ ਤੋਂ ਵੀ ਵੱਧ ਮੁੱਲ ਦੀ ਏ।"
"ਨਹੀਂ, ਇਹ ਲੱਕੜ ਕਾਸੇ ਜੋਗੀ ਨਹੀਂ ਅਸਲ ਸ਼ੈਅ ਤਾਂ ਤੇਰਾ ਦਿਲ ਏ, ਤੇਰਾ ਹੁਨਰ ਏ।"
ਓਸ ਹੁਨਾਲੇ, ਇੱਕ ਝੜੀ ਪਿੱਛੋਂ, ਕਣਕ ਚੰਗੀ ਪਲ੍ਹਰ ਪਈ ਸੀ। ਮਾਲਕ ਕ੍ਰਿਸਤੀਆ ਨੇ ਮੇਅਰ ਦੀ ਮਦਦ ਨਾਲ ਆਪਣੇ ਸਭ ਕਰਜ਼ਾਈਆਂ ਨੂੰ ਤਾੜਨਾ ਕੀਤੀ ਕਿ ਉਹ ਆ ਕੇ ਉਹਦੀਆਂ ਭਰੀਆਂ ਬੰਨ੍ਹਣ ਤੇ ਗਾਹ ਵਿੱਚ ਹੱਥ ਪੁਆਣ। ਲੋਕੀਂ ਟਾਲ ਮਟੋਲ ਕਰ ਰਹੇ ਸਨ।
ਮੇਅਰ ਝਕ ਰਿਹਾ ਸੀ, ਤੇ ਪੁਲੀਸ ਸਾਰਜੰਟ ਦਾਂਤਜ਼ਿਚ ਅੱਗੇ ਹੀ ਥਾਣੇ ਬੜੇ ਸਾਰਿਆਂ ਨੂੰ ਬੁਲਾ ਚੁੱਕਿਆ ਸੀ, ਤੇ ਮੁੱਢੋਂ-ਸੁਢੋਂ ਹੁਣ ਫੇਰ ਓਸ ਕੋਲੋਂ ਇਹ ਸੱਦਣਾ ਬੁਲਾਣਾ