

ਨਹੀਂ ਸੀ ਹੋਣ ਲੱਗਾ। ਸੰਤ ਪੀਟਰ ਤੇ ਸੰਤ ਪਾਲ ਦੇ ਭੋਗ ਵਾਲੇ ਦਿਨ ਤੋਂ ਹਫ਼ਤਾ ਕੁ ਪਿੱਛੋਂ ਭਰੀਆਂ ਬੰਨ੍ਹਣ ਲਈ ਦਿਨ ਚੁਣ ਲਿਆ ਗਿਆ। ਤ੍ਰੈ-ਨੱਕੇ ਨੇ ਏਸ 'ਖੁਸ਼-ਕਿਸਮਤ' ਨੂੰ ਹੁਕਮ ਭੇਜਿਆ ਕਿ ਉਹ ਇੱਕ ਦਮ ਕੋਠੀ ਵਿੱਚ ਹਾਜ਼ਰ ਹੋਵੇ। ਜਦੋਂ ਸਾਰੇ ਕਿਸਾਨ ਉਹਦਾ ਕੰਮ ਕਰ ਰਹੇ ਹੋਣਗੇ ਤਾਂ ਉਹਨਾਂ ਕੋਲੋਂ ਵੱਧ ਕੰਮ ਕਢਾਣ ਤੇ ਉਹਨਾਂ ਦੀਆਂ ਕਹਿਰੀਆਂ ਨਜ਼ਰਾਂ ਤੋਂ ਬਚਣ ਲਈ ਉਹਦੇ ਗਾਣੇ ਵਜਾਣੇ ਦੀ ਲੋੜ ਸੀ। ਵੇਜ਼ੇਲਿਨ ਜਿੰਨਾ ਚੰਗਾ ਗਾਉਂਦਾ ਸੀ ਓਨੀ ਹੀ ਚੰਗੀ ਉਹ ਵਾਇਲਿਨ ਵਜਾਂਦਾ ਸੀ । ਹੋਰ ਗੀਤਾਂ ਦੇ ਨਾਲ ਉਹ ਪੁਰਾਣੇ ਵਕਤਾਂ ਦਾ ਇੱਕ ਮਸ਼ਹੂਰ ਗੀਤ ਵੀ ਗਾਉਂਦਾ ਹੁੰਦਾ ਸੀ ਜਿਹੜਾ ਤ੍ਰੈ-ਨੱਕੇ ਨੂੰ ਉਚੇਚਾ ਪਸੰਦ ਸੀ:
ਪਿੰਡ ਦੀਆਂ ਕੁੜੀਆਂ ਨਿਉਂ-ਨਿਉਂ ਕੇ ਜਦ ਨਦੀ ਦੇ ਕੰਢੇ ਕੱਪੜੇ ਧੋਵਣ,
ਗੋਰੇ ਪੱਟ ਉਹਨਾਂ ਦੇ ਜਾਪਣ ਜੀਕਰ ਚਿੱਟੇ ਹੰਸ ਉਹ ਹੋਵਣ।
ਪਰ ਆਦਮੀਆਂ ਵਿੱਚੋਂ ਕਿਸੇ ਨੂੰ ਵੀ ਹਾਸਾ ਨਾ ਆਇਆ, ਤੇ ਤੀਵੀਆਂ ਨੂੰ ਰੋਹ ਚੜ੍ਹ ਗਿਆ।
ਹਾਂ, ਕਦੇ ਢੱਠੀ-ਕੰਢੀ ਦੀਆਂ ਕੁੜੀਆਂ ਦੇ ਪੱਟ ਠੀਕ ਏਨੇ ਹੀ ਗੋਰੇ ਹੁੰਦੇ ਹੁੰਦੇ ਸਨ। ਪਰ ਇਹ ਓਦੋਂ ਦੀ ਗੱਲ ਹੈ ਜਦੋਂ ਜਗੀਰਦਾਰ ਮਰਦਾਂ ਕੋਲੋਂ ਏਨੀ ਫ਼ਸਲ ਨਹੀਂ ਸੀ ਬਿਜਵਾਂਦਾ ਹੁੰਦਾ ਤੇ ਤੀਵੀਆਂ ਨੂੰ ਉਹਦੀ ਵਗਾਰ ਨਹੀਂ ਸੀ ਕਰਨੀ ਪੈਂਦੀ। ਓਦੋਂ ਉਹਨਾਂ ਸਿਰਫ਼ ਆਪਣੇ ਘਰਾਂ ਤੇ ਬੱਚਿਆਂ ਦਾ ਹੀ ਧਿਆਨ ਰੱਖਣਾ ਹੁੰਦਾ ਸੀ । ਮਰਦਾਂ ਨੂੰ ਤਾਂ ਹੁਣ ਹੋਰ ਵੀ ਬੜੇ ਕਰੜੇ ਕੰਮ ਕਰਨੇ ਪੈਂਦੇ ਹਨ: ਗੋਲੀਆਂ ਢੋਣਾ, ਸੜਕਾਂ ਬਣਾਨੀਆਂ, ਸੰਦਾਂ ਦੀ ਮੁਰੰਮਤ - ਜਹਾਨ ਭਰ ਦੇ ਸਾਰੇ ਕੰਮ। ਪਹਿਲੀਆਂ ਵਿੱਚ ਤੀਵੀਆਂ ਸਿਆਲ ਵਿੱਚ ਖੱਡੀਆਂ 'ਤੇ ਕੱਪੜੇ ਉਣਦੀਆਂ ਰਹਿੰਦੀਆਂ ਤੇ ਹੁਨਾਲ ਵਿੱਚ ਇਹਨਾਂ ਨੂੰ ਚਿੱਟੇ ਕਰਦੀਆਂ, ਤੇ ਰੰਗਦੀਆਂ ਰਹਿੰਦੀਆਂ। ਪਰ ਹੁਣ ਉਹਨਾਂ ਦੀ ਹਾਲਤ ਤੱਕ। ਜੁਲਾਈ ਦੀਆਂ ਧੁੱਪਾਂ ਵਿੱਚ ਭੱਜ-ਭੱਜ ਕੇ ਵਕਤੋਂ ਪਹਿਲਾਂ ਹੀ ਉਹ ਬੁੱਢੀਆਂ ਹੋ ਜਾਂਦੀਆਂ ਹਨ - ਉਹਨਾਂ ਦੀਆਂ ਗੱਲਾਂ ਕੁਮਲਾਈਆਂ ਹੋਈਆਂ, ਉਹਨਾਂ ਦੇ ਹੱਥਾਂ ਪੈਰਾਂ ਦੀਆਂ ਬਿਆਈਆਂ ਛੁਟੀਆਂ ਹੋਈਆਂ ਤੇ ਮੁਰਦਾ ਕਾਠ ਵਰਗਾ ਰੰਗ।... ਉਫ਼, ਇਹ ਕਾਲੇ ਹੋ ਗਏ ਹਨ, ਇਹ ਹੰਸ; ਛਾਤੀਆਂ ਕਾਲੀਆਂ, ਬੁੱਲ੍ਹ ਕਾਲੇ । ਵੇਜ਼ੇਲਿਨ ਦੇ ਏਸ ਗੀਤ ਉੱਤੇ ਉਹਨਾਂ ਦਾ ਗੁੱਸਾ ਤੇ ਮੰਦਾ ਬੋਲਣਾ ਹੱਕੀ ਸੀ । ਬੰਦੇ ਵੀ ਗੁੱਸਾ ਕੱਢ ਰਹੇ ਸਨ, ਪਰ ਜਗੀਰਦਾਰ ਉੱਤੇ, ਕਿਉਂਕਿ ਉਹਨੇ ਇੱਕ ਬੜੀ ਚੰਗੀ ਸ਼ੈ ਖ਼ਰਾਬ ਕਰ ਦਿੱਤੀ ਸੀ, ਜ਼ਿੰਦਗੀ ਦੀ ਇੱਕ ਖੁਸ਼ੀ ਦੀ ਮਿਆਦ ਉੱਕਾ ਘਟਾ ਦਿੱਤੀ ਸੀ।
"ਬੰਦ ਕਰ, ਚਾਚਾ ਵੇਜ਼ੇਲਿਨ," ਕੁਝ ਚਿਰ ਪਿੱਛੋਂ ਕਾਮੇ ਉੱਚੀ-ਉੱਚੀ ਆਖਣ ਲੱਗੇ, "ਨਹੀਂ ਤੇ ਅਸੀਂ ਦੁੱਖ ਦੇ ਭਾਰ ਨਾਲ ਢਹਿ ਪਵਾਂਗੇ..."
ਪਰ ਤ੍ਰੈ-ਨੱਕੇ ਨੇ ਵੀ ਵੇਖ ਲਿਆ ਕਿ 'ਖੁਸ਼-ਕਿਸਮਤ' ਨੇ ਆਪਣਾ ਸਾਜ਼ ਕਣਕ ਦੀ ਇੱਕ ਭਰੀ ਉੱਤੇ ਰੱਖ ਦਿੱਤਾ ਸੀ। "ਉਠ ਓਇ ਹਬਸ਼ੀਆ! ਜੇ ਆਪਣੀ ਖ਼ੈਰ ਚਾਹਨਾਂ ਏਂ ਤਾਂ ਇੰਜ ਬਾਹਵਾਂ ਵਲ੍ਹੇਟ ਕੇ ਓਥੇ ਨਾ ਖੜੋਤਾ ਰਹੋ। ਏਥੇ ਵਿਆਹ ਉੱਤੇ ਤੇ ਨਹੀਂ ਆਇਆ ਤੂੰ। ਭਾਵੇਂ ਤੈਨੂੰ ਜਚੇ ਜਾਂ ਨਾ, ਏਥੇ ਕੰਮ ਕਰਨ ਵਾਲਿਆਂ ਦਾ ਇਕੱਠ ਏ, ਨਾਲੇ ਮੈਂ ਤੇਰੀ ਦਿਹਾੜੀ ਦੇ ਰਿਹਾ ਹਾਂ। ਚੱਲ ਉੱਠ ! ਹੁਣ ਤਾਲ ਸਿਰ ਆਪਣੇ ਏਸ ਸੜ ਜਾਣੇ ਗਜ਼ ਨੂੰ ਹਿਲਾ