

ਤੇ ਗੌਂ।"
ਬਿਨਾਂ ਰੂਹ ਵੇਜ਼ੇਲਿਨ ਨੇ ਕੁਝ ਸ਼ਹਿਰੀ ਗੀਤ ਗਾਣੇ ਸ਼ੁਰੂ ਕਰ ਦਿੱਤੇ । ਪਰ ਤ੍ਰੈ-ਨੱਕੇ ਦੀ ਪਿੱਠ ਮੋੜਨ ਦੀ ਢਿੱਲ ਸੀ ਕਿ ਉਹ ਭੁੰਜੇ ਨਿੱਠ ਕੇ ਬਹਿ ਗਿਆ, ਤੇ ਦੰਦ ਪੀਹ ਪੀਹ ਕੇ ਉਹਨੂੰ ਗਾਲ੍ਹਾਂ ਕੱਢਣ ਲੱਗ ਪਿਆ।
ਇੱਕ ਐਤਵਾਰ ਦੀ ਸ਼ਾਮ ਨੂੰ ਉਤਜ਼ਾ ਦੇ ਘਰ ਇਹ ਸਾਰੀ ਕਹਾਣੀ ਸਤੋਇਕਾ ਚਰਨੈਤਜ਼ ਨੇ ਸੁਣਾਈ। ਉਹਦੀ ਘਰਵਾਲੀ ਵੀ ਨਾਲ ਸੀ। ਉਹ ਦੋਵੇਂ ਨਾਸਤਾਸੀਆ ਦੇ ਬੱਚੇ ਦੇ ਧਰਮ-ਮਾਪੇ ਸਨ, ਤੇ ਏਸ ਨਿੱਕੀ ਜਿਹੀ ਜਿੰਦ ਨੂੰ ਵੇਖ-ਵੇਖ ਕੇ ਹੀ ਖੁਸ਼ ਹੁੰਦੇ ਰਹਿੰਦੇ - ਕਿੰਨਾ ਭੇਖੜਾ ਸੀ ਇਹਨੂੰ । ਕਿੰਨਾ ਤਕੜਾ ਹੁੰਦਾ ਜਾਂਦਾ ਸੀ ਇਹ। ਹੁਣੇ ਹੀ ਆਪਣੀ ਮਾਂ ਦੀਆਂ ਬਾਹਵਾਂ ਤੋਂ ਬਾਹਰ ਪਿਆ ਪੈਂਦਾ ਸੀ।
"ਜਿੰਨਾ ਮਰਜ਼ੀ ਪਈ ਦੁੱਧ ਚੁੰਘਾਵਾਂ, ਇਹਨੂੰ ਰੱਜ ਹੀ ਨਹੀਂ ਆਉਂਦਾ," ਨਾਸਤਾਸੀਆ ਗਿਲਾ ਕਰਦੀ, "ਬੀਬਾ ਬਣ, ਤਾਸੇ, ਹੁਣ ਸੋ ਜਾ !"
ਪਰ ਤਾਸੇ ਦੇ ਦੀਦਿਆਂ ਵਿੱਚ ਨੀਂਦਰ ਕਿੱਥੋਂ। ਉਹ ਚੌੜ ਚੁਪੱਟ ਅੱਖਾਂ ਖੋਲ੍ਹ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੇਖਦਾ ਰਹਿੰਦਾ, ਜਿਵੇਂ ਉਹ ਆਪਣੇ ਬਾਲੜੇ ਚੇਤੇ ਵਿੱਚ ਸਦਾ ਲਈ ਇਹਨਾਂ ਨੂੰ ਉੱਕਰ ਲੈਣਾ ਚਾਹਦਾ ਹੋਵੇ: ਆਪਣੀ ਧਰਮ-ਮਾਤਾ ਤੇ ਪਿਤਾ ਨੂੰ, ਆਪਣੀ ਮਾਂ ਦੀ ਧਰਮ-ਮਾਤਾ ਉਤਜ਼ਾ ਨੂੰ, ਬੁੱਢੀ ਵੇਤਾ ਤੇ ਐਨਾ 'ਸੁਸਤ-ਮਾਲ' ਨੂੰ ।
ਪਰ ਜਦੋਂ ਚਰਨੈਤਜ਼ ਨੇ ਆਪਣੀ ਕਹਾਣੀ ਫੇਰ ਅੱਗੇ ਨਾਲੋਂ ਹੌਲੀ ਤੇ ਨਰਮ ਵਾਜ ਵਿੱਚ ਛੇੜੀ ਤਾਂ ਬੱਚਾ ਝੱਟਪਟ ਸੌਂ ਗਿਆ।
"ਸੇ ਜਦੋਂ ਭਰੀਆਂ ਬੰਨ੍ਹਣ ਦਾ ਕੰਮ ਮੁਕ ਗਿਆ, ਤਾਂ ਵੇਜ਼ੇਲਿਨ ਤ੍ਰੈ-ਨੱਕੇ ਕੋਲੋਂ ਆਪਣੀ ਦਿਹਾੜੀ ਦੇ ਪੈਸੇ ਲੈਣ ਗਿਆ। ਇਹ ਉਹਨੇ ਦੇਣੇ ਮੰਨੇ ਹੋਏ ਸਨ। ਬੁੱਢੇ ਨੇ ਉਹਨੂੰ ਪੁੱਛਿਆ, 'ਕਾਹਦੇ ਪੈਸੇ ? ਤੈਨੂੰ ਭੁੱਲ ਗਿਆ ਏ ਕਿ ਤੂੰ ਮੇਰੇ ਪੈਸੇ ਦੇਣੇ ਨੇ?' 'ਤਾਂ ਫੇਰ ਮੇਰੇ ਸਿਰ ਜਿਹੜਾ ਤੁਹਾਡਾ ਕਰਜ਼ਾ ਏ, ਉਹਦੇ ਵਿੱਚੋਂ ਹੀ ਕੁਝ ਪੈਸੇ ਘਟਾ ਦਿਓ, ਮਾਲਕ।' 'ਕੀ ਪਿਆ ਬਕਨਾ ਏਂ ? ਕੀ ਤੂੰ ਮੇਰੇ ਲਈ ਇਹ ਗਾਣਾ ਵਜਾਣਾ ਕੀਤਾ ਸੀ ? ਕਾਮਿਆਂ ਨੂੰ ਤੇਰੇ ਪੈਸੇ ਦੇਣੇ ਚਾਹੀਦੇ ਨੇ। ਮੈਂ ਉਹਨਾਂ ਦੀ ਦਿਹਾੜੀ ਵਿੱਚੋਂ ਕੱਟ ਕੇ ਤੇਰੇ ਲਈ ਕੁਝ ਪੈਸੇ ਰੱਖ ਛੱਡਾਂਗਾ। ਅਗਲੇ ਐਤਵਾਰ ਨੂੰ ਮੇਰੇ ਕੋਲੋਂ ਆ ਕੇ ਇਹ ਲੈ ਜਾਈਂ। ਤੇ ਵੇਜ਼ੇਲਿਨ ਅਗਲੇ ਐਤਵਾਰ ਫੇਰ ਉਹਦੇ ਕੋਲ ਗਿਆ। "ਐਵੇਂ ਫੇਰਾ ਈ ਪਿਆ ਏ ਤੈਨੂੰ । ਉਹਨਾਂ ਨੂੰ ਚੋਰ ਖੜਨ, ਹਾਲੀ ਤੱਕ ਮੇਰਾ ਉਹਨਾਂ ਦਾ ਲੇਖਾ ਸਾਫ਼ ਨਹੀਂ ਹੋਇਆ। 'ਮੇਰਾ ਖ਼ਿਆਲ ਏ, ਮਾਲਕ, ਚੰਗਾ ਰਹੇਗਾ, ਜੇ ਮੈਂ ਆਪ ਹੀ ਉਹਨਾਂ ਨਾਲ ਨਿਬੇੜ ਲਵਾਂ। ਉਹ ਸਾਰੇ ਮੇਰੇ ਨਾਲ ਚੰਗੇ ਨੇ ਤੇ ਜਿੰਨੀ ਰਕਮ ਉਹ ਮੈਨੂੰ ਦੇਣੀ ਮੰਨਣ ਓਨੀ ਤੁਸੀਂ ਮੇਰੇ ਕਰਜ਼ੇ ਵਿੱਚੋਂ ਘਟਾ ਛੱਡੋ। ਗੌਣ ਲਈ ਤੁਸੀਂ ਹੀ ਮੈਨੂੰ ਸੱਦਿਆ ਸੀ, ਉਹਨਾਂ ਤਾਂ ਨਹੀਂ।' 'ਮੈਂ ਸੋਚ ਛੱਡਾਂਗਾ। ਹਾਂ, ਤੂੰ ਕੁਝ ਚਿਰ ਏਥੇ ਉਡੀਕ। ਗ੍ਹੀਤਜਾ ਲੁਗੂ ਆਇਆ ਹੋਇਆ ਏ, ਉਹਦੇ ਨਾਲ ਮੈਨੂੰ ਕੁਝ ਜ਼ਰੂਰੀ ਕੰਮ ਏ। ਵੇਜ਼ੇਲਿਨ ਬੈਠਾ ਉਡੀਕਦਾ ਰਿਹਾ। ਉਹਦੇ ਕੰਨ ਬੜੇ ਪਤਲੇ ਨੇ, ਉਹ ਸਭ ਸੁਣ ਸਕਦਾ ਸੀ ਕਿ ਨਰਮ- ਦਲੀ ਪਾਰਟੀ ਵੱਲੋਂ ਬੁਖ਼ਾਰੈਸਟ ਤੋਂ ਆਏ ਹੁਕਮਾਂ ਮੁਤਾਬਕ ਤ੍ਰੈ-ਨੱਕਾ ਗ੍ਹੀਤਜਾ ਨੂੰ ਢੱਠੀ-