Back ArrowLogo
Info
Profile

"ਮੈਂ ਜਾਂਦਾ ਵਾਂ ਗੀਤਜ਼ਾ ਕੋਲ," ਸਤਇਕਾ ਚਰਨੈਤਜ਼ ਨੇ ਗੁੱਸੇ ਵਿੱਚ ਕਿਹਾ, "ਮੈਂ ਜਾ ਕੇ ਉਹਨੂੰ ਸਮਝਾਂਦਾ ਵਾਂ ਕਿ ਪਿੰਡ ਨਾਲ ਵੈਰ ਕਮਾਣੋਂ ਬਾਜ਼ ਆ ਜਾਏ। ਸ਼ੈਦ ਕੁਝ ਅਕਲ ਆ ਜਾਏ ਸੂ। ਹਰ ਮਾਮਲੇ ਵਿੱਚ ਉਹ ਜਗੀਰਦਾਰ ਦੀ ਤਰਫ਼ਦਾਰੀ ਕਰਦਾ ਏ। ਕਾਨੂੰਨੀ ਤੌਰ 'ਤੇ ਹੁਕਮ ਹੋ ਗਿਆ ਏ, ਪਰ ਉਹ ਜ਼ਮੀਨ ਦੀ ਵੰਡ ਪਿੱਛੇ ਹੀ ਪਿੱਛੇ ਪਾਈ ਜਾ ਰਿਹਾ ਏ। ਜਿਵੇਂ ਮਨ ਆਉਂਦੀ ਏ, ਓਵੇਂ ਲਾਂਦਾ ਬੁਝਾਂਦਾ ਰਹਿੰਦਾ ਏ। ਜਿਹੜੇ ਦਰਜਨ ਕੁ ਏਕੜ ਉਹਨਾਂ ਲੋਕਾਂ ਵਿੱਚ ਵੰਡੇ ਨੇ, ਉਹ ਐਵੇਂ ਦਿਖਾਵਾ ਹੀ ਸੀ, ਤਾਂ ਜੋ ਅਸੀਂ ਚੁੱਪ ਕਰ ਜਾਈਏ। ਉਹ ਭੌਂਕਦਾ ਰਹਿੰਦਾ ਏ, 'ਇਹਨਾਂ ਭੀਖ-ਮੰਗਾਂ ਨੂੰ ਰਤਾ ਉਡੀਕਣ ਦਿਓ। ਉਹ ਤੇ ਹੈਂਕੜ ਤੇ ਜ਼ਹਿਰ ਨਾਲ ਫੁੱਲਿਆ ਪਿਆ ਏ। ਵੇਖਦੇ ਰਹਿਣਾ! ਛੇਤੀ ਹੀ ਸ਼ੈਦ ਪਾਟ ਪਏ ...'

ਵੇਤਾ ਦੇ ਮੂੰਹ ਉੱਤੇ ਕਿਸੇ ਭੇਤ ਦਾ ਪਰਛਾਵਾਂ ਜਿਹਾ ਸੀ, "ਮੇਰੀ ਭੈਣ ਕਿਤਜ਼ਾ ਕਹਿੰਦੀ ਸੀ, ਵੀਰਵਾਰ ਵਾਲੀ ਰਾਤ ਉਹਨੂੰ ਇੱਕ ਸੁਫ਼ਨਾ ਆਇਆ ਸੀ। ਸੁਫ਼ਨੇ ਵਿੱਚ ਉਹਨੇ ਗ੍ਹੀਤਜਾ ਲੁੰਗੂ ਦਾ ਨੜੋਇਆ ਵੇਖਿਆ। ਦਬਾ-ਦਬ ਮੀਂਹ ਵਰ੍ਹਾ ਰਿਹਾ ਸੀ, ਤੇ ਅਸੀਂ ਸਾਰੇ ਉਹਦੇ ਲਈ ਰੋ ਰਹੇ ਸਾਂ, ਤੇ ਨਾਲੇ ਹੱਸ ਵੀ ਰਹੇ ਸਾਂ..."

ਸਤੋਇਕਾ ਦੀ ਘਰ ਵਾਲੀ, ਸੋਫ਼ੀਆ, ਨੇ ਧਰਮ-ਮਾਤਾ ਹੋਣ ਦੀ ਹੈਸੀਅਤ ਵਿੱਚ ਝੱਟ-ਪਟ ਸੁੱਤੇ ਹੋਏ ਬਾਲ ਉੱਤੇ ਤਿੰਨ ਵਾਰੀ ਸੁਲੀ ਦੇ ਵੱਡੇ-ਵੱਡੇ ਨਿਸ਼ਾਨ ਬਣਾਏ।

ਆਨਾ ਨੇ ਪੁੱਛਿਆ, "ਮੈਂ ਵੀ ਵਿੱਚੇ ਹੀ ਸਾਂ ? ਹੋਰ ਕਿਤਜ਼ਾ ਨੇ ਕੀ ਕਿਹਾ?"

"ਹਾਂ ਤੂੰ ਵੀ ਸੈਂ, ਤੇ ਤੂੰ ਵੀ ਰੋ ਰਹੀ ਸੈਂ।"

ਆਨਾ 'ਸੁਸਤ-ਮਾਲ' ਇੱਕਦਮ ਬੜੀ ਖੁਸ਼-ਖੁਸ਼ ਲੱਗਣ ਲੱਗ ਪਈ।

ਬਾਹਰ ਬੱਝਾ ਕੁੱਤਾ ਪਹਿਲਾਂ ਉੱਚੀ-ਉੱਚੀ ਭੌਂਕਿਆ ਫੇਰ ਚੁੱਪ ਕਰ ਗਿਆ । ਕਦਮਾਂ ਤੇ ਬੋਲਣ ਦੀ ਵਾਜ ਆਈ । ਨਾਸਤਾਸੀਆ ਉੱਠੀ ਤੇ ਬੜੇ ਧਿਆਨ ਨਾਲ ਬਾਲ ਚੁੱਕ ਕੇ ਦੂਜੇ ਕਮਰੇ ਵਿੱਚ ਚਲੀ ਗਈ। ਊਤਜ਼ਾ ਦਾ ਭਰਾ, ਮਾਨੋਲ ਰਾਚੀਓਰੂ ਕਹਿ ਗਿਆ ਸੀ ਕਿ ਉਹ ਸ਼ਾਮੀਂ ਹੁਣੇ ਫ਼ੌਜ ਵਿੱਚੋਂ ਨਾਂ ਕਟਾ ਕੇ ਪਰਤੇ ਦੋ ਗੱਭਰੂਆਂ ਨੂੰ ਨਾਲ ਲੈ ਕੇ ਆਏਗਾ। ਇਹ ਮੁੰਡੇ ਅੱਜ ਹੀ ਆਏ ਤੇ ਮੀਤ੍ਰਿਆ ਦੀ ਖ਼ਬਰ ਲਿਆਏ ਸਨ: ਇੱਕ ਚਿੱਠੀ ਜਿਸ ਦੇ ਬਾਹਰ ਪੰਜ ਮੋਹਰਾਂ ਲੱਗੀਆਂ ਹੋਈਆਂ ਸਨ । ਇਹ ਚਿੱਠੀ ਪੁਚਾਣ ਦਾ ਕੰਮ ਇਹਨਾਂ ਦੋਵਾਂ ਦੇ ਜ਼ਿੰਮੇ ਲੱਗਾ ਸੀ। ਜੇ ਕਿਸੇ ਤਰ੍ਹਾਂ ਇੱਕ ਪੁੱਜਣੋਂ ਰਹਿ ਗਿਆ, ਤਾਂ ਦੂਜਾ ਤਾਂ ਜ਼ਰੂਰ ਹੀ ਇਹ ਚਿੱਠੀ ਨਾਸਤਾਸੀਆ ਜਾਂ ਉਤਜ਼ਾ ਕੋਲ ਪੁਚਾ ਦਏਗਾ। ਅਜਿਹੀਆਂ ਚਿੱਠੀਆਂ ਅੱਗੇ ਵੀ ਘਰ ਪਰਤਦੇ ਫ਼ੌਜੀਆਂ ਹੱਥ ਪੁੱਜਦੀਆਂ ਰਹੀਆਂ ਸਨ।

ਨਾਸਤਾਸੀਆ ਦਾ ਗਿਲਾ ਸੀ: ਸਿਰਫ਼ 'ਉਹ' ਹੀ ਘਰ ਪਰਤਣ ਵਿੱਚ ਦੇਰ ਲਾ ਰਿਹਾ ਹੈ। ਉਹ ਬੜੀ ਤਾਂਘ ਨਾਲ ਉਡੀਕ ਰਹੀ ਸੀ - ਅੱਧ-ਖੁੱਲ੍ਹੇ ਬੂਹੇ ਕੋਲ, ਤਾਸੇ ਨੂੰ ਬਾਹਵਾਂ ਵਿੱਚ ਲਈ, ਦਿਲ ਉੱਚੀ-ਉੱਚੀ ਧੜਕਦਾ। ਉਹਦੇ ਹੱਥ ਰੁੱਝੇ ਹੋਏ ਸਨ, ਏਸ ਲਈ ਉਹ ਆਪਣੇ ਫਰਨ-ਫਰਨ ਵੱਗਦੇ ਅੱਥਰੂਆਂ ਨੂੰ ਪੂਝ ਨਹੀਂ ਸੀ ਸਕਦੀ। ਦੂਜੇ ਵੱਡੇ ਕਮਰੇ ਵਿੱਚ ਜਿੱਥੇ ਇਹ ਸਾਰੇ ਜਣੇ ਸਨ, ਓਥੋਂ ਉਹਨੂੰ ਭਾਰੇ-ਭਾਰੇ ਕਦਮਾਂ ਤੇ ਉੱਚੀ ਬੋਲਚਾਲ ਦੀ ਵਾਜ ਸੁਣਾਈ ਦੇਣ ਲੱਗ ਪਈ, ਪਰ ਝੱਟ ਹੀ ਇਹ ਸਾਰੀਆਂ ਵਾਜਾਂ ਬੰਦ ਹੋ ਗਈਆਂ।

172 / 190
Previous
Next