

ਊਤਜ਼ਾ ਦੇ ਭਰਾ ਨਾਲ ਗਰੈਗੋਰੀ ਆਲੀਓਰ ਤੇ ਸਿਮੀਓਨ ਪੇਜ਼ਕਾਰੂ ਸਨ।
"ਕੀ ਤੁਸੀਂ ਚਿੱਠੀ ਲਿਆਂਦੀ ਏ ?" ਉਤਜ਼ਾ ਨੇ ਦੂਜੇ ਬੂਹੇ ਵੱਲ ਅੱਖ ਮਾਰਦਿਆਂ ਪੁੱਛਿਆ।
"ਹਾਂ, ਅਸੀਂ ਲਿਆਂਦੀ ਏ," ਆਲੀਓਰ ਨੇ ਜਵਾਬ ਦਿੱਤਾ।
"ਚੰਗੀ ਖ਼ਬਰ ਏ ?"
"ਹਾਂ, ਜਿੰਨੀ ਕੁ ਚੰਗੀ ਹੋ ਸਕਦੀ ਏ।"
ਏਸ ਤਿੱਖੀ ਗੱਲ ਬਾਤ ਪਿੱਛੋਂ ਨਾਸਤਾਸੀਆ ਨੂੰ ਹੋਰ ਕੁਝ ਨਾ ਸੁਣਾਈ ਦਿੱਤਾ, ਤੇ ਉਹ ਏਧਰ ਓਧਰ ਫਿਰਦਿਆਂ, ਬਸ ਇਹੀ ਉਡੀਕਣ ਲੱਗੀ ਕਿ ਕਦੋਂ ਉਹ ਓਹਦੇ ਹੱਥ ਵਿੱਚ ਇਹ ਪਿਆਰੀ ਚਿੱਠੀ ਫੜਾਣਗੇ ।
“ਮੀਤ੍ਰਿਆ ਹਸਪਤਾਲ ਵਿੱਚ ਏ," ਆਲੀਓਰ ਨੇ ਹੌਲੀ ਦੇਣੀ ਉਤਜ਼ਾ ਨੂੰ ਦੱਸਿਆ। "ਉਹ ਪਿਛਲੀ ਵਾਰ ਤੋਂ ਹੀ ਹਸਪਤਾਲ ਵਿੱਚ ਏ, ਪਰ ਉਹਨੇ ਜਾਣ ਬੁਝ ਕੇ ਤੁਹਾਨੂੰ ਏਸ ਬਾਰੇ ਨਹੀਂ ਲਿਖਿਆ, ਤਾਂ ਜੋ ਤੁਸੀਂ ਬਹੁਤਾ ਘਾਬਰੋ ਨਾ । ਉਹਦੇ ਖੱਬੇ ਪੱਟ ਵਿੱਚ ਗੋਲੀ ਦੇ ਟੁਕੜੇ ਰਹਿ ਗਏ ਸਨ। ਉਹ ਦੋ ਹਫ਼ਤੇ ਹਸਪਤਾਲ ਵਿੱਚ ਪਿਆ ਰਿਹਾ, ਡਾਕਟਰ ਉਹਨੂੰ ਕੁਝ ਚਿਰ ਹੋਰ ਅਟਕਾਣਾ ਚਾਹਦੇ ਸਨ; ਪਰ ਉਹਨੇ ਇੱਕਦਮ ਮੋਰਚੇ ਉੱਤੇ ਜਾਣਾ ਚਾਹਿਆ। ਉਹ ਬੜਾ ਬੇ-ਸਬਰਾ ਸੀ ਤੇ ਮੋਰਚੇ ਉੱਤੇ ਜਾਣ ਲਈ ਡਟਿਆ ਹੋਇਆ ਸੀ, ਸੋ ਉਹਨੂੰ ਉਹ ਰੋਕ ਨਾ ਸਕੇ। ਓਥੇ ਜਾ ਕੇ ਉਹਦੇ ਪੱਟ ਵਿੱਚ ਸੋਜਾ ਪੈ ਗਿਆ ਤੇ ਅੰਤਾਂ ਦੀ ਪੀੜ ਹੋਈ। ਪੀਕ ਵੀ ਪੈ ਗਈ ਸੀ । ਡਾਕਟਰਾਂ ਫੇਰ ਉਹਨੂੰ ਵਾਪਸ ਬੁਲਾ ਲਿਆ, ਤੇ ਐਂਤਕੀ ਉਹਨਾਂ ਪੱਕੀ ਧਾਰ ਲਈ ਕਿ ਜਿੰਨਾ ਚਿਰ ਉਹ ਪੂਰਾ ਰਾਜ਼ੀ ਨਹੀਂ ਹੋ ਜਾਂਦਾ, ਓਹ ਉਹਨੂੰ ਛੁੱਟੀ ਨਹੀਂ ਕਰਨ ਲੱਗੇ। ਉਹਨਾਂ ਦੋ ਟੁਕੜੇ ਹੋਰ ਓਥੇ ਕੱਢੇ, ਪਹਿਲੀ ਵਾਰੀ ਇਹ ਲੱਭੇ ਨਹੀਂ ਸਨ। ਹੁਣ ਉਹ ਠੀਕ-ਠਾਕ ਏ। ਅਸੀਂ ਆਉਣ ਤੋਂ ਪਹਿਲਾਂ ਉਹਨੂੰ ਮਿਲ ਕੇ ਆਏ ਸਾਂ। ਜਿਉਂ ਹੀ ਉਹ ਤੁਰਨ ਫਿਰਨ ਜੋਗਾ ਹੋ ਜਾਏਗਾ, ਉਹ ਘਰ ਪਰਤ ਆਏਗਾ। ਇਹ ਸਭ ਕੁਝ ਓਸ ਏਸ ਖ਼ਤ ਵਿੱਚ ਵੀ ਲਿਖਿਆ ਏ।”
"ਮੈਂ ਇਹ ਸਭ ਸੁਣ ਕੇ ਬੜੀ ਖੁਸ਼ ਹੋਈ ਹਾਂ," ਉਤਜ਼ਾ ਉੱਚੀ ਵਾਜ ਵਿੱਚ ਬੋਲੀ, ਤਾਂ ਜੋ ਦੂਜੇ ਕਮਰੇ ਵਿੱਚ ਵੀ ਉਹਦੇ ਬੋਲ ਸੁਣੇ ਜਾਣ। "ਥੋੜ੍ਹਾ ਹੋਰ ਠਹਿਰੋ, ਮੈਂ ਤੁਹਾਡੇ ਲਈ ਚੂਇਕਾ ਸ਼ਰਾਬ, ਰੋਟੀ ਤੇ ਕੁਝ ਮਾਸ ਲੈਂਦੀ ਆਵਾਂ।"
ਉਹ ਕਾਹਲੀ ਨਾਲ ਨਾਸਤਾਸੀਆ ਦੇ ਕਮਰੇ ਵਿੱਚ ਗਈ ਤੇ ਪੰਜਾਂ ਮੁਹਰਾਂ ਵਾਲੀ ਚਿੱਠੀ ਉਹਨੇ ਉਹਦੇ ਹੱਥ ਫੜਾ ਦਿੱਤੀ, "ਕੁੜੇ। ਚੰਗੀ ਖ਼ਬਰ ਲਿਆਏ ਨੇ, ਤੂੰ ਆਪ ਪੜ੍ਹ ਕੇ ਸਭ ਜਾਣ ਲਏਗੀ..." ਤੇ ਫੇਰ ਉਹ ਪ੍ਰਾਹੁਣਿਆਂ ਦੇ ਖਾਣ ਪੀਣ ਲਈ ਕੁਝ ਲੈਣ ਲਈ ਚਲੀ ਗਈ।
ਕੰਬਦੇ ਹੱਥਾਂ ਨਾਲ ਨਾਸਤਾਸੀਆ ਨੇ ਲਿਫ਼ਾਫ਼ਾ ਖੋਲ੍ਹਿਆ। ਜਿਓਂ-ਜਿਓਂ ਉਹ ਇਹ ਚਿੱਠੀ ਪੜ੍ਹਦੀ ਗਈ, ਉਹਦਾ ਰੰਗ ਪੀਲਾ ਪੈਂਦਾ ਗਿਆ, ਉਹਦੀਆਂ ਅੱਖਾਂ ਵਿੱਚ ਅੱਥਰੂ ਭਰਦੇ ਗਏ। ਅਖ਼ੀਰ ਹੌਲੀ-ਹੌਲੀ ਉਹਦਾ ਚਿੱਤ ਅਡਲ ਹੋਇਆ। ਪਹਿਲੇ ਤ੍ਰਾਹ ਤੋਂ ਪਿੱਛੋਂ