

ਫੇਰ ਉਹਦੇ ਦਿਲ ਦੀ ਧੜਕਨ ਸਧਾਰਨ ਹੋ ਗਈ। ਮੀਤ੍ਰਿਆ ਨੇ ਉਹਨੂੰ ਭਰੋਸਾ ਦਵਾਇਆ ਸੀ ਕਿ ਉਹ ਛੇਤੀ ਹੀ ਘਰ ਪਰਤ ਆਏਗਾ। ਇੱਕ ਦਿਨ ਸਵੇਰੇ ਜਾਂ ਆਥਣ ਵੇਲ਼ੇ, ਉਹ ਆਣ ਉਹਦੇ ਭੀਤ ਖੜਕਾਏਗਾ, ਤੇ ਐਨ ਉਹਦੇ ਕੋਲ ਕਮਰੇ ਦੇ ਵਿਚਾਲੇ ਖੜੋਤਾ ਹੋਏਗਾ । ਤੇ ਹਾਲ ਦੀ ਘੜੀ ਉਹ ਉਸ ਕੋਲੋਂ ਬਾਲ ਦੀ ਸੁਖ-ਸਾਂਦ ਪੁੱਛਦਾ ਸੀ।
ਨਾਸਤਾਸੀਆ ਨੇ ਅੱਖਾਂ ਮੀਟ ਲਈਆਂ ਤੇ ਉਹਨੂੰ ਮੀਤ੍ਰਿਆ ਇੰਜ ਦਿੱਸਣ ਲੱਗ ਪਿਆ, ਜਿਵੇਂ ਉਹ ਸੱਚਮੁਚ ਹੀ ਓਥੇ ਆਣ ਪੁੱਜਿਆ ਹੋਵੇ। ਉਹਨੇ ਉਹਦੀਆਂ ਅੱਡੀਆਂ ਬਾਹਵਾਂ ਵਿੱਚ ਆਪਣੀ ਸਭ ਤੋਂ ਵੱਡਮੁਲੀ ਸੁਗਾਤ, ਇਹ ਬਾਲ ਦੇ ਦਿੱਤਾ । ਬੜਾ ਚਿਰ ਉਹ ਏਸੇ ਤਰ੍ਹਾਂ ਏਸ ਸੁਖਾਵੇਂ ਸੁਪਨੇ ਵਿੱਚ ਗੁਆਚੀ ਖੜੋਤੀ ਰਹੀ, ਇਹ ਸੁਪਨਾ ਜਿਸ ਵਿੱਚ ਉਹਦੀ ਮਿੱਠੀ ਝਾਕੀ ਦਾ ਕੂਲਾ-ਕੂਲਾ ਚਾਨਣ ਰਚਿਆ ਹੋਇਆ ਸੀ। ਫੇਰ ਉਹ ਸੁਚੇਤ ਹੋਈ ਤੇ ਛੇਤੀ-ਛੇਤੀ ਆਪਣੀਆਂ ਅੱਖਾਂ ਪੂੰਝ ਕੇ ਇੱਕ ਨਿੱਕੇ ਜਹੇ ਮੇਜ਼ ਉੱਤੇ ਚਿੱਠੀ ਦਾ ਜਵਾਬ ਲਿਖਣ ਬਹਿ ਗਈ।
ਇਹਨੀਂ ਦਿਨੀਂ, ਢੱਠੀ-ਕੰਢੀ ਵਿੱਚ ਜਿਹੜੇ ਥੋੜ੍ਹੇ ਜਹੇ ਪੜ੍ਹੇ ਲਿਖੇ ਜਵਾਨ ਲੋਕ ਸਨ, ਉਹਨਾਂ ਵਿੱਚ ਬਣੇ ਬਣਾਏ ਤੇ ਹਰ ਇੱਕ ਦੇ ਜਾਣੇ ਪਛਾਣੇ ਫ਼ਿਕਰੇ ਵਰਤਣ ਦਾ ਬੜਾ ਰਿਵਾਜ ਪੈ ਗਿਆ ਸੀ। ਅਜਿਹੇ ਫ਼ਿਕਰਿਆਂ ਬਿਨਾਂ ਛੋਟੇ ਤੋਂ ਛੋਟਾ ਰੁੱਕਾ ਵੀ ਅਧੂਰਾ ਸਮਝਿਆ ਜਾਂਦਾ ਸੀ।
"ਸਭ ਤੋਂ ਪਹਿਲਾਂ- ਮੈਂ ਆਪਣੀ ਅੰਤਾਂ ਦੀ ਖੁਸ਼ੀ ਤੇਰੇ ਤੱਕ ਪੁਚਾਣੀ ਚਾਹਾਂਗੀ...," ਜਾਂ "ਮੈਂ ਤੈਨੂੰ ਜੱਫੀ ਦੀ ਥਾਂ ਇਹ ਚਿੱਠੀ ਭੇਜ ਰਹੀ ਹਾਂ," ਜਾਂ "ਜੋ ਮੈਂ ਲਿਖ ਰਹੀ ਹਾਂ ਓਸ ਉੱਤੇ ਮੇਰੇ ਅੱਥਰੂ ਡਿੱਗ ਪਏ ਸਨ, ਤੇ ਉਹਨਾਂ ਨੂੰ ਚੁੰਮ-ਚੁੰਮ ਮੈਂ ਸੁਕਾਇਆ ਏ...,”। ਚੰਗਾ ਸੀ ਇਹੋ ਜਿਹੇ ਨਵੇਂ ਫ਼ਿਕਰੇ, ਏਸ ਪੁਰਾਣੇ ਫ਼ਿਕਰੇ ਦੀ ਥਾਂ ਲੈਂਦੇ ਜਾ ਰਹੇ ਸਨ: "ਸਭ ਤੋਂ ਪਹਿਲਾਂ ਮੇਰੀ ਆਸ ਏ ਕਿ ਮੇਰੀ ਇਹ ਨਿੱਕੀ ਜਿਹੀ ਚਿੱਠੀ..."
ਪਰ ਕੁਝ ਹੋਰ ਵੀ ਸਨ, ਜਿਹੜੇ ਆਪਣੀਆਂ ਚਿੱਠੀਆਂ ਵਿੱਚ ਲਿਖਣ ਲਈ ਪੜ੍ਹੀਆਂ ਹੋਈਆਂ ਕਿਤਾਬਾਂ ਤੇ ਆਮ ਲੋਕਾਂ ਦੀ ਬੋਲੀ ਹੋਈ ਕਵਿਤਾ ਵਿੱਚੋਂ ਸਤਰਾਂ ਲੈਂਦੇ ਸਨ। ਨਾਸਤਾਸੀਆ ਇਹਨਾਂ ਵਿੱਚੋਂ ਸੀ।
ਦੂਰ ਵਸਦੇ ਸਿਪਾਹੀ ਦੀ ਇਹ ਸੱਚੀ ਪ੍ਰੇਮਿਕਾ, ਜੋ ਉਹਨੂੰ ਕਹਿਣਾ ਚਾਹਦੀ ਸੀ ਉਹ ਉਹਦੇ ਮਨ ਵਿੱਚ ਸਾਫ਼ ਸੀ, ਉਹਨੇ ਬਹੁਤਾ ਵਕਤ ਨਾ ਲਾਇਆ। ਦੂਜੇ ਕਮਰੇ ਵਿੱਚ ਹੋ ਰਹੀਆਂ ਗੱਲਾਂ ਉਹਨੂੰ ਉੱਕਾ ਪੇਹ ਨਹੀਂ ਸਨ ਰਹੀਆਂ: ਨਾ ਲੋਕਾਂ ਦੀ ਤੰਗੀ, ਨਾ ਤ੍ਰੈ-ਨੱਕੇ ਦੀਆਂ ਕਰਤੂਤਾਂ, ਨਾ ਗ੍ਹੀਤਜਾ ਲੁੰਗੂ ਦੀਆਂ ਗੋਂਦਾਂ, ਨਾ ਹੀ ਉਹ ਬਗਾਵਤ ਜਿਦ੍ਹੀਆਂ ਧਮਕਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ. ਉਹਨੇ ਉਸ ਦੁਨੀਆਂ ਵਿੱਚ ਪੁੱਜ ਕੇ ਇਹ ਚਿੱਠੀ ਲਿਖਣੀ ਸ਼ੁਰੂ ਕੀਤੀ, ਜਿਸ ਵਿੱਚ ਸਿਰਫ਼ ਦੋ ਹੀ ਜੀਅ ਸਨ: ਇੱਕ ਉਹ ਤੇ ਇੱਕ ਮੀਤ੍ਰਿਆ।
"ਮੇਰੇ ਪਿਆਰੇ! ਬਿਗਾਨੇ ਹੱਥੀਂ ਮੈਨੂੰ ਏਨੀਆਂ ਚੀਜ਼ਾਂ ਨਾ ਘੱਲਿਆ ਕਰ । ਚੀਜ਼ਾਂ ਥੋੜ੍ਹੀਆਂ ਹੋਣ, ਪਰ ਤੂੰ ਆਪ ਲਿਆ । ਜੋ ਤਕਲੀਫ਼ ਤੂੰ ਹਸਪਤਾਲ ਵਿੱਚ ਪਾਈ ਏ, ਉਹ ਪੜ੍ਹ ਕੇ ਮੈਂ ਬੜੀ ਦੁਖੀ ਹੋਈ ਆਂ; ਪਰ ਇਹ ਜਾਣ ਕੇ ਕਿ ਤੂੰ ਛੇਤੀ ਮੇਰੇ ਕੋਲ ਆ ਰਿਹਾ ਏਂ, ਮੇਰੀ