

ਖੁਸ਼ੀ ਦੀ ਕੋਈ ਹੱਦ ਨਹੀਂ ਰਹੀ । ਤਾਸੇ ਬੜਾ ਬੀਬਾ ਮੁੰਡਾ ਏ, ਤੇ ਖੂਬ ਤਕੜਾ ਹੋ ਰਿਹਾ ਏ। ਜਦੋਂ ਮੈਨੂੰ ਤੇਰਾ ਖ਼ਿਆਲ ਆਉਂਦਾ ਏ ਤਾਂ ਮੈਂ ਬਲੂਤ ਦੇ ਦਰੱਖ਼ਤਾਂ ਨੂੰ ਤੱਕਣ ਲੱਗ ਪੈਂਦੀ ਸੀ..."
ਨਾਸਤਾਸੀਆ ਨੇ ਇਹ ਤੇ ਕਈ ਕੁਝ ਹੋਰ ਆਪਣੇ ਪਿਆਰੇ ਨੂੰ ਲਿਖਿਆ। ਉਹਨੂੰ ਇੰਜ ਲੱਗ ਰਿਹਾ ਸੀ ਕਿ ਉਹ ਓਥੇ ਹੀ ਸੀ. ਉਹਦੇ ਕੋਲ, ਤੇ ਬੜੀ ਹੌਲੀ-ਹੌਲੀ ਉਹਦੇ ਨਾਲ ਗੱਲਾਂ ਕਰੀ ਜਾ ਰਿਹਾ ਸੀ...
22.
ਕੁਝ ਹਫ਼ਤਿਆਂ ਅੰਦਰ ਹੀ ਪਿੰਡ ਵਿੱਚ ਇਹ ਧੁੰਮ ਗਈ ਕਿ ਮੀਤ੍ਰਿਆ ਕੇਕੋਰ, ਜਿੱਥੇ ਵੀ ਉਹ ਹੈ, ਬਿਮਾਰ ਪਿਆ ਹੋਇਆ ਹੈ। ਕੁਝ ਲੋਕ, ਖ਼ਾਸ ਕਰ ਜ਼ਨਾਨੀਆਂ ਇਸ ਖ਼ਬਰ ਨੂੰ ਲੁਕਾਣ ਦਾ ਜਤਨ ਕਰਦੀਆਂ ਰਹੀਆਂ। ਪਰ ਜਦੋਂ ਸਭ ਨੂੰ ਪਤਾ ਲੱਗ ਜਾਏ ਤਾਂ ਭਲਾ ਕੋਈ ਗੱਲ ਕਿਵੇਂ ਲੁਕੀ ਰਹਿ ਸਕਦੀ ਹੈ ? ਕੀ ਉਹਨੇ ਚਿੱਠੀ ਨਹੀਂ ਸੀ ਪਾਈ ? ਕੀ ਉਹਨੇ ਆਪ ਨਹੀਂ ਸੀ ਕਿਹਾ ਕਿ ਉਹ ਹਸਪਤਾਲ ਵਿੱਚ ਸੀ, ਉਹ ਫੱਟੜ ਹੋਇਆ ਸੀ, ਉਹਦਾ ਉਪ੍ਰੇਸ਼ਨ ਹੋਇਆ, ਤੇ ਰੱਬ ਹੀ ਜਾਣਦਾ ਸੀ ਕਿ ਉਹ ਘਰ ਪਰਤ ਸਕੇਗਾ ਕਿ ਨਹੀਂ ? ਨਾਲ ਇਹ ਵੀ ਜੋੜ ਲਈ ਗਈ ਕਿ ਡਾਕਟਰ ਦੱਸਦੇ ਸਨ, ਉਹਨੂੰ ਮਹੁਰੀ ਹੋ ਗਈ ਸੀ - ਚਮੜੀ ਕਾਲੀ ਹੁੰਦੀ ਜਾਂਦੀ ਤੇ ਗਲ-ਸੜ ਰਹੀ ਸੀ - ਲੱਤ ਉੱਤੇ ਮਹੁਰੀ...
ਜਾਪਦਾ ਸੀ ਏਸ ਬਾਰੇ ਕਮੇਟੀ ਦੇ ਦਫ਼ਤਰ ਵਿੱਚ ਗ੍ਹੀਤਜਾ ਲੁੰਗੂ ਨੇ ਵੀ ਗੱਲ ਕੀਤੀ ਸੀ, "ਮੈਂ ਕੀ ਕਰ ਸਕਦਾ ਹਾਂ ? ਮੈਨੂੰ ਕੋਈ ਹੈਰਾਨੀ ਨਹੀਂ ਹੋਣ ਲੱਗੀ, ਜੇ ਘਰ ਸਿਰਫ਼ ਉਹਦੀ ਯਾਦ ਹੀ ਪਰਤੇ ਨਾਲ ਹੀ ਮੈਂ ਇਹ ਵੀ ਨਹੀਂ ਆਖ ਸਕਦਾ ਕਿ ਮੇਰਾ ਕਾਲਜਾ ਸੱਲਿਆ ਗਿਆ ਏ। ਓਨੇ ਮੇਰੀ ਕਦੇ ਇੱਕ ਨਹੀਂ ਮੰਨੀ ਤੇ ਇਹਦੀ ਸਜ਼ਾ ਹੀ ਉਹ ਹੁਣ ਭੁਗਤ ਰਿਹਾ ਏ।"
ਆਵਰਾਮ ਸਾਰਬੂ ਨੇ ਪੁੱਛਿਆ, ਕੀ ਉਹਨੂੰ ਉਹਦੀ ਚਿੱਠੀ ਆਈ ?
"ਨਹੀਂ, ਕੋਈ ਨਹੀਂ," ਗੀਤਜ਼ਾ ਕੌੜਾ ਬੋਲਿਆ, "ਜੋ ਜੋ ਮੈਂ ਉਹਦੇ ਲਈ ਕੀਤਾ ਏ, ਓਸ ਸਭ ਕਾਸੇ ਦੇ ਧੰਨਵਾਦ ਵਜੋਂ ਉਹ ਮੈਨੂੰ ਕਦੇ ਇੱਕ ਅੱਖਰ ਵੀ ਨਹੀਂ ਲਿਖਦਾ। ਪਰ ਕੋਈ ਬੰਦਾ, ਮੈਨੂੰ ਪਤਾ ਨਹੀ ਕੌਣ ਉਹਦੀ ਚਿੱਠੀ ਮੇਰੀ ਬਦਨਸੀਬ ਸਾਲੀ ਕੋਲ ਲਿਆਇਆ ਸੀ। ਚੰਗਾ ਹੁੰਦਾ ਜੇ ਕਦੇ ਮੀਤ੍ਰਿਆ ਦੀ ਥਾਂ ਉਹ ਹੀ ਮਰ ਜਾਂਦੀ। ਉਹ ਫੇਰ ਏਸ ਨਮੋਸ਼ੀ ਤੇ ਗ਼ਰੀਬੀ ਦੀ ਹਾਲਤ ਵਿੱਚ ਪਲਣ ਲਈ ਮੁੰਡਾ ਤਾਂ ਨਾ ਜੰਮਦੀ ? ਤੇ ਇੰਜ ਮੈਂ ਤੇ ਮੇਰੀ ਵਹੁਟੀ ਪਿੰਡ ਤੇ ਸਾਰੇ ਇਲਾਕੇ ਵਿੱਚ ਨਮੋਸ਼ੀ ਤੋਂ ਬਚ ਜਾਂਦੇ। ਹੁਣ ਰੱਬ ਉਹਨੂੰ ਵੀ ਸਜ਼ਾ ਦੇ ਰਿਹਾ ਏ... ਹੋਰ ਮੈਂ ਕੀ ਆਖਾਂ ? ਅਸੀਂ ਇੱਕੋ ਮਾਂ ਦੇ ਜਾਏ ਹਾਂ। ਭਾਵੇਂ ਹਰ ਵੇਲੇ ਉਹ ਮੈਨੂੰ ਨਫ਼ਰਤ ਹੀ ਕਰਦਾ ਰਿਹਾ ਏ, ਤਾਂ ਵੀ ਇੱਕ ਵਾਰੀ ਤਾਂ ਮੈਂ ਉਹਨੂੰ ਮਿਲਣ ਜ਼ਰੂਰ ਚਲਿਆ ਜਾਂਦਾ । ਪਰ ਮੈਂ ਜਾ ਹੀ ਨਹੀਂ ਸਕਦਾ। ਇਹ ਗੱਲ ਨਹੀਂ ਕਿ ਉਹਦਾ ਹਸਪਤਾਲ ਦੇਸ਼ ਦੇ ਦੂਜੇ ਸਿਰ ਉੱਤੇ ਵੇ; ਪਿੰਡ ਦਾ ਕਾਰ ਵਿਹਾਰ ਹੀ ਮੇਰਾ ਏਨਾ ਵਕਤ ਲੈ ਰਿਹਾ ਏ ਕਿ ਮੈਂ ਇੱਕ ਘੰਟੇ ਲਈ ਵੀ ਏਥੋਂ