Back ArrowLogo
Info
Profile

ਬਲਵਾਈਆਂ ਦੀ ਜੁੰਡੀ ਬੇ-ਕਿਰਕੀ ਨਾਲ ਛੇਤੀ ਤੋਂ ਛੇਤੀ ਹੂੰਝ ਦਿੱਤੀ ਜਾਏਗੀ। ਕੁਝ ਨੂੰ ਮੁਲਕ-ਬਦਰ ਕਰ ਦਿੱਤਾ ਜਾਏਗਾ, ਤੇ ਬਾਕੀ ਮੁੜ ਓਥੇ ਹੀ ਵਾਪਸ ਹਿੱਕ ਦਿੱਤੇ ਜਾਣਗੇ ਜਿੱਥੋਂ ਉਹ ਆਏ ਸਨ - ਜੇਲ੍ਹਾਂ ਵਿੱਚ ਮੁਸ਼ਕਤ ਕਰਨ। ਏਨੀ ਦੇਰ ਚੰਗਾ ਸੀ ਜੇ ਸਾਡੇ ਪਿੰਡ ਦੇ ਲੋਕ ਅਮਨ ਅਮਾਨ ਨਾਲ ਰਹਿਣ, ਤੇ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਣ। ਹਰ ਕੋਈ ਚੁੱਪ-ਚਾਪ ਆਪਣੇ ਕੰਮ ਉੱਤੇ ਡਟਿਆ ਰਹੇ, ਕਿਸੇ ਕਿਸਮ ਦਾ ਸ਼ੋਰ-ਸ਼ਰਾਬਾ ਨਹੀਂ ਸੀ ਹੋਣਾ ਚਾਹੀਦਾ। ਜਿਵੇਂ ਕਾਨੂੰਨ ਤੇ ਪੁਰਾਣਾ ਕਾਇਦਾ ਮੰਗ ਕਰਦਾ ਸੀ, ਓਵੇਂ ਹੀ ਬਕਾਇਦਗੀ ਨਾਲ ਹਰ ਕੋਈ ਆਪਣਾ ਕੰਮ ਨਿਭਾਂਦਾ ਜਾਏ। ਨਹੀਂ ਤੇ ਉਲੰਘਣ ਦੀ ਸਜ਼ਾ ਮਿਲੇਗੀ, ਤੇ ਫੇਰ ਨਾਨੀ ਚੇਤੇ ਆਏਗੀ।

ਜਦੋਂ ਗ੍ਹੀਤਜਾ ਦੇ ਛੋਟੇ ਮੇਅਰ ਬਣ ਜਾਣ ਦਾ ਐਲਾਨ ਹੋਇਆ ਤਾਂ ਉਹਨੇ ਇੱਕ ਤਕਰੀਰ ਵੀ ਕੀਤੀ। ਏਸ ਮੌਕੇ ਉੱਤੇ ਉਹ ਬੜਾ ਹਿੰਮਤੀ ਤੇ ਜ਼ੋਰਦਾਰ ਬੰਦਾ ਲੱਗ ਰਿਹਾ ਸੀ। ਪਰ ਜਿਹੜੇ ਉਹਨੂੰ ਸੁਣਨ ਆਏ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ। ਸੁਣਨ ਪਿੱਛੋਂ ਉਹਨਾਂ ਸਿਰ ਹਿਲਾ ਕੇ ਆਪਣੀ ਸੰਮਤੀ ਦਿੱਤੀ ਤੇ ਚੁੱਪ-ਚੁਪੀਤੇ ਮੁੜ ਗਏ।

ਫੇਰ ਇੱਕ ਦਿਨ, ਪਤਝੜ ਦੇ ਸ਼ੁਰੂ ਵਿੱਚ, ਸਤੋਇਕਾ ਚਰਨੈਤਜ਼ ਕਮੇਟੀ ਦੇ ਦਫ਼ਤਰ ਵਿੱਚ ਪੁੱਜਾ। ਉਹਦੇ ਨਾਲ ਲਾਮੇਂ ਪਰਤੇ ਬੜੇ ਸਾਰੇ ਸਿਪਾਹੀ ਸਨ।

"ਸੁਣ ਗ੍ਹੀਤਜਾ," ਉਹਨੇ ਕਿਹਾ, "ਸਾਨੂੰ ਪਤਾ ਏ, ਵੱਡਾ ਤੇ ਛੋਟਾ ਮੇਅਰ ਸਾਡੇ ਆਪਣੇ ਬੰਦੇ ਹੋਏ ਚਾਹੀਦੇ ਨੇ, ਜਿਹੜੇ ਸਾਡੇ ਹਾਣਾਂ-ਲਾਭਾਂ ਲਈ ਖੜੋਨ ਤੇ ਸਾਡੀਆਂ ਲੋੜਾਂ ਤੋਂ ਜਾਣੂ ਹੋਣ। ਪਰ ਸਾਡੇ ਪਿੰਡ ਏਸ ਤੋਂ ਉਲਟ ਏ। ਤੁਸੀਂ ਦੋਵੇਂ ਅਸਲ ਵਿੱਚ ਲੋਕਾਂ ਦੇ ਵੈਰੀ ਹੋ। ਸਾਡੀ ਕੋਈ ਵੀ ਲੋੜ ਤੁਹਾਨੂੰ ਦਿਸਦੀ ਨਹੀਂ, ਤੇ ਭਾਵੇਂ ਜੋ ਮਰਜੀ ਪਿਆ ਹੋਏ ਚੱਤੇ ਪਹਿਰ ਤੁਸੀਂ ਜਗੀਰਦਾਰ ਦਾ ਪੱਖ ਪੂਰਦੇ ਰਹਿੰਦੇ ਹੈ। ਜਿੱਥੋਂ ਤੱਕ ਜ਼ਮੀਨ ਵੰਡਣ ਦੀ ਗੱਲ ਏ, ਬਕਾਇਦਾ ਕਾਨੂੰਨ ਭਾਵੇਂ ਬਣ ਚੁੱਕਿਆ ਏ, ਪਰ ਤੁਸੀਂ ਪਿਓ ਦੇ ਪੁੱਤਰ ਪੂਰਾ ਜ਼ੋਰ ਲਾ ਕੇ ਏਸ ਉੱਤੇ ਉੱਕਾ ਅਮਲ ਨਹੀਂ ਕਰ ਰਹੇ। ਇਹ ਯਾਦ ਰੱਖੋ ਕਿ ਅਗਲੀਆਂ ਚੋਣਾਂ ਨੂੰ ਹੁਣ ਕੋਈ ਬਹੁਤੀ ਦੇਰ ਨਹੀਂ ਰਹਿ ਗਈ ਤੇ ਓਦੋਂ ਤੁਸਾਂ ਸਾਡੇ ਸਾਹਮਣੇ ਹੀ ਵੋਟਾਂ ਲਈ ਝੋਲੀ ਅੱਡਣੀ ਏ..."

ਗ੍ਹੀਤਜਾ ਰੋਹ ਨਾਲ ਲਾਲ ਹੋ ਗਿਆ । ਡਰਾਉਣੇ ਤਿਉੜੀਆਂ ਭਰੇ ਮੂੰਹ ਨਾਲ ਉਹ ਉੱਠਿਆ। ਫੇਰ ਰਤਾ ਸੰਭਲ ਕੇ ਉਹ ਆਪਣੀ ਕੁਰਸੀ ਉੱਤੇ ਨਿੱਠ ਕੇ ਬਹਿ ਗਿਆ। ਉਹਨੇ ਆਪਣੀਆਂ ਲੱਤਾਂ ਫੈਲਾ ਕੇ ਅਰਾਮ ਨਾਲ ਪਿਛਾਂਹ ਢੋ ਲਾ ਲਈ, "ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹੁਣ ਮੈਂ 'ਸੁਣ ਗ੍ਹੀਤਜਾ' ਨਹੀਂ ਰਿਹਾ," ਉਹਨੇ ਬੜੀ ਕੌੜ ਵਿੱਚ ਕਿਹਾ, "ਮੈਂ ਛੋਟਾ ਮੇਅਰ ਹਾਂ, ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਦਾ ਹਾਂ ਕਿ ਮੇਰੀ ਪਦਵੀ ਦੀ ਇੱਜ਼ਤ " ਮੁਤਾਬਕ ਬੋਲੋ।"

ਸਤੋਇਕਾ ਨੂੰ ਹਾਸਾ ਆ ਗਿਆ। ਉਹਦੇ ਨਾਲ ਜਿਹੜੇ ਹੋਰ ਸਨ - ਆਵਰਾਮ ਸਾਰਬੂ, ਗਰੈਗਰੀ ਆਲੀਓਰ, ਸਿਮੀਓਕ ਪੇਜ਼ਕਰੂ, ਇਹ ਸਾਰੇ ਵੀ ਖੁੱਲ੍ਹ ਕੇ ਬੇ-ਝਿਜਕ ਹੱਸਣ ਲੱਗ ਪਏ।

177 / 190
Previous
Next