

"ਤੇ ਕਮੀਨਿਓਂ, ਮੇਰੇ ਸਾਹਮਣੇ ਸਿਰਾਂ ਤੋਂ ਟੋਪੀ ਲਾਹ ਕੇ ਖੜੋਵੋ।"
ਪਰ ਇੰਜ ਜਾਪਦਾ ਸੀ, ਜਿਵੇਂ ਸਤੋਇਕਾ ਤੇ ਉਹਦੇ ਸਾਥੀਆਂ ਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਹ ਉਹਦੇ ਵੱਲ ਹੈਰਾਨੀ ਤੇ ਘ੍ਰਿਣਾ ਮਿਲੀ ਨਜ਼ਰ ਨਾਲ ਵੇਖਦੇ ਰਹੇ।
"ਕਾਨੂੰਨ ਦੀ ਬੇ-ਇੱਜ਼ਤੀ ਕਰਨ ਲਈ ਮੈਂ ਤੁਹਾਨੂੰ ਅੰਦਰ ਕਰਾ ਦਿਆਂਗਾ।"
ਤਾਂ ਜਾ ਕੇ ਕਿਤੇ ਗਰੈਗਰੀ ਆਲੀਓਰ ਨੂੰ ਗੁੱਸਾ ਆਇਆ, ਤੇ ਉਹਨੇ ਇੱਕ ਕਦਮ ਅੱਗੇ ਹੋ ਕੇ ਅਡੋਲ ਜਹੇ ਕਿਹਾ, "ਚੰਗਾ ਇਵੇਂ ਹੀ ਸਹੀ, ਪਰ ਇੰਜ ਭੌਂਕ ਨਾ । ਜੇ ਤੂੰ ਸਾਡੇ ਪਾਸੇ ਨਹੀਂ ਹੋਣਾ ਚਾਹਦਾ, ਤੇ ਇਹ ਤੇਰੀ ਆਪਣੀ ਮਰਜ਼ੀ ਏ; ਅਸੀਂ ਤੇਰੇ ਬਿਨਾਂ ਹੀ ਬੁਤਾ ਸਾਰ ਲਵਾਂਗੇ। ਪਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਏ ਕਿ ਅਸੀਂ ਪਾਰਟੀ ਦੇ ਬੰਦੇ ਹਾਂ।"
"ਕੀ ਮਤਲਬ ?"
"ਛੇਤੀ ਹੀ ਸਾਰਾ ਮਤਲਬ ਤੈਨੂੰ ਪਤਾ ਲੱਗ ਜਾਏਗਾ।"
ਗ੍ਹੀਤਜਾ ਲੁੰਗੂ ਨੇ ਆਪਣੀਆਂ ਅੱਖਾਂ ਅੱਧੀਆਂ ਕੁ ਮੀਟ ਲਈਆਂ, ਜਿਵੇਂ ਜੋ ਉਹਨੂੰ ਕਿਹਾ ਜਾ ਰਿਹਾ ਸੀ, ਉਹ ਅਚਾਨਕ ਉਹਨੂੰ ਸਮਝ ਆਣਾ ਬੰਦ ਹੋ ਗਿਆ ਹੋਵੇ। ਕਮੇਟੀ ਦੇ ਹੋਰ ਕਰਮਚਾਰੀ ਬੂਹਿਆਂ ਦੇ ਨੇੜੇ ਖੜੋ ਕੇ ਸਭ ਕੁਝ ਸੁਣ ਰਹੇ ਸਨ। ਛੋਟੇ ਮੇਅਰ ਨੇ ਬੜਾ ਡੂੰਘਾ ਸਾਹ ਭਰਿਆ ਤੇ ਫੇਰ ਉਹ ਭਬਕਿਆ, "ਜੇ ਇਵੇਂ ਹੀ ਤੁਸੀਂ ਤੀਗੜਦੇ ਹੋ, ਤਾਂ ਮੈਂ ਤੁਹਾਡੇ ਨਾਲ ਸਿਝ ਲਵਾਂਗਾ, ਭੜਕਾਉਓ। ਫ਼ਸਾਦੀਓ। ਮੈਂ ਹੁਣੇ ਤੁਹਾਨੂੰ ਦੱਸਦਾ ਵਾਂ, ਮੈਂ ਕੌਣ ਹਾਂ ਤੇ ਕਿਦ੍ਹੇ ਪਾਸੇ ਹਾਂ ! ਦਫ਼ਾ ਹੋ ਜਾਓ ਏਥੋਂ ।" ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਹਨੇ ਤੱਕਿਆ ਕਿ ਕੋਈ ਵੀ ਨਹੀਂ ਸੀ ਹਿੱਲਿਆ। ਨਾ ਹੀ ਉਹ ਆਪ ਕੁਰਸੀ ਵਿੱਚੋਂ ਏਸੇ ਵੇਲੇ ਉੱਠ ਸਕਦਾ ਸੀ, "ਝਟ ਪਟ ਬਕੋ, ਕੀ ਚਾਹਦੇ ਹੋ ਤੁਸੀਂ ?” ਉਹਨੂੰ ਸਾਹ ਚੜ੍ਹ ਗਿਆ ਤੇ ਉਹਦਾ ਸੰਘ ਬਹਿ ਗਿਆ ਸੀ।
ਸਤੋਇਕਾ ਚਰਨੈਤਜ਼ ਇੱਕ ਕਦਮ ਅਗਾਂਹ ਵੱਧ ਕੇ ਮੇਜ਼ ਕੋਲ ਅੱਪੜ ਗਿਆ, “ਸਭ ਤੋਂ ਪਹਿਲਾਂ ਸਾਨੂੰ ਇਹ ਦਸ ਖ਼ਾਂ, ਗ੍ਹੀਤਜਾ, ਤੂੰ ਮੀਤ੍ਰਿਆ ਬਾਰੇ ਅਜਿਹੇ ਕੁਫ਼ਰ ਕਿਉਂ ਤੋਲਦਾ ਰਿਹਾ ਏਂ ? ਤੈਨੂੰ ਕਿਸ ਦੱਸਿਆ ਸੀ ਕਿ ਉਹ ਬਿਮਾਰ ਏ ਤੇ ਮੁੜ ਸਾਡੇ ਵਿੱਚ ਨਹੀਂ ਆਏਗਾ ? ਇਹ ਤੇਰੇ ਸਾਹਮਣੇ ਸਿਮੀਓਨ ਪੇਜ਼ਕਾਰੂ ਖੜੋਤਾ ਏ। ਇਹਨੇ ਆਪਣੀਆਂ ਅੱਖਾਂ ਨਾਲ ਉਹਨੂੰ ਓਵੇਂ ਹੀ ਤੱਕਿਆ ਤੇ ਆਪਣੇ ਕੰਨਾਂ ਨਾਲ ਉਹਦੀਆਂ ਗੱਲਾਂ ਸੁਣੀਆਂ ਨੇ ਜਿਵੇਂ ਏਸ ਵੇਲੇ ਇਹ ਤੈਨੂੰ ਵੇਖ ਸੁਣ ਰਿਹਾ ਏ। ਤੇਰੇ ਨਾਲੋਂ ਉਹਦੀ ਸਿਹਤ ਕਿਤੇ ਨਰੋਈ ਏ, ਤੇ ਛੇਤੀ ਹੀ ਉਹ ਆ ਕੇ ਤੇਰੇ ਕੋਲੋਂ ਆਪਣਾ ਲੇਖਾ ਲਏਗਾ।"
ਗ੍ਹੀਤਜਾ ਚੁੱਪ ਹੋ ਗਿਆ, ਇੱਕ ਦਮ ਉਹਦੀ ਝੱਗ ਬਹਿ ਗਈ। ਉਹਨੇ ਆਪਣੀਆਂ ਅੱਖਾਂ ਮੀਟ ਲਈਆਂ, ਫੇਰ ਅੱਧੀਆਂ ਕੁ ਖੋਲ੍ਹ ਕੇ ਉਹਨੇ ਇੰਜ ਦਾ ਮੂੰਹ ਬਣਾਇਆ ਜਿਵੇਂ ਕਿਸੇ ਬੜਾ ਚੰਗਾ ਮਖ਼ੌਲ ਉਹਨੂੰ ਸੁਣਾਇਆ ਹੋਏ, "ਕਿੰਨਾ ਗੱਪੀ ਏਂ ਤੂੰ ?... ਇਹ ਕੀ ਝੂਠੇ- ਝੂਠ ਚੁਤਾਲ ਸੌ ਜੋੜੀ ਆ ? ਮੈਂ ਤਾਂ ਪਹਿਲਾਂ ਇਹ ਕਦੇ ਨਹੀਂ ਸੁਣਿਆਂ । ਮੀਤ੍ਰਿਆ ਜੇ ਠੀਕ- ਠਾਕ ਏ, ਤਾਂ ਉਹਨੂੰ ਘਰ ਮੁੜਨੋਂ ਕੌਣ ਰੋਕਦਾ ਏ, ਏਦੂੰ ਪਹਿਲਾਂ ਕਿਉਂ ਨਹੀਂ ਪਰਤ ਆਇਆ