

ਜ਼ਰੂਰੀ ਕੰਮ ਸਿਰ 'ਤੇ ਏ, ਜਿਹੜਾ ਝਬਦੇ ਹੀ ਸਿਰੇ ਚੜ੍ਹ ਜਾਣਾ ਚਾਹੀਦਾ ਏ।”
ਗ੍ਹੀਤਜਾ ਕੰਬ ਗਿਆ, ਉਹਨੇ ਪਹਿਲਾਂ ਬੁੱਲ੍ਹ ਟੇਰੇ ਫੇਰ ਨੀਵੀਂ ਪਾ ਲਈ। ਏਸ ਵੇਲ਼ੇ ਪੁਲੀਸ ਸਾਰਜੰਟ ਦਾਂਤਜ਼ਿਚ ਕਿਉਂ ਪਿੰਡ ਵਿੱਚੋਂ ਗਾਇਬ ਸੀ ? ਉਹ ਏਸ ਸਭ ਕੁਝ ਦੀ ਖ਼ਬਰ ਮਾਲਕ ਕ੍ਰਿਸਤੀਆ ਤੱਕ ਪੁਚਾਣ ਲਈ ਕੀ ਉਪਰਾਲਾ ਕਰੇ ? ਬਾਹਰ ਡੈਨਿਊਬ ਦਰਿਆ ਵੱਲੋਂ ਉੱਠੀਆਂ ਕਾਲੀਆਂ ਘਟਾਵਾਂ ਨੇ ਸਾਰਾ ਅਸਮਾਨ ਕੱਜ ਲਿਆ ਸੀ, ਤੇ ਹਵਾ ਇੰਜ ਝੁਲ ਪਈ ਸੀ ਜਿਵੇਂ ਛੇਤੀ ਹੀ ਤੂਫ਼ਾਨ ਆਣ ਵਾਲਾ ਹੋਵੇ । ਉਹਦਾ ਚਪੜਾਸੀ ਰਾਦੂ ਗੁਰਾਓ ਲੰਪ ਬਾਲਣ ਆਇਆ। ਬੱਤੀ ਸੀਖਦਿਆਂ ਉਹਨੇ ਚੋਰ ਅੱਖਾਂ ਨਾਲ ਛੋਟੇ ਮੇਅਰ ਨੂੰ ਮੇਜ਼ ਉੱਤੇ ਨੀਵੀਂ ਪਾਈ ਤੱਕਿਆ।
"ਮੈਂ ਹੁਣ ਏਥੋਂ ਜਾਣਾ ਚਾਹਦਾ ਹਾਂ," ਛੋਟੇ ਮੇਅਰ ਨੇ ਕਿਹਾ।
ਚਾਰ ਆਦਮੀ ਓਥੇ ਕਿਸੇ ਨਿੱਗਰ ਕੰਧ ਵਾਂਗ ਡਟੇ ਹੋਏ ਸਨ।
ਥੋੜ੍ਹੀ ਦੇਰ ਲਈ ਤਿੱਖੀ ਵਾਛੜ ਪਈ, ਤੇ ਫੇਰ ਹਵਾ ਥੰਮ ਗਈ। ਸਾਰੀ ਭੀੜ ਬਾਰੀਆਂ ਥੱਲੇ ਤੇ ਬੂਹੇ ਦੇ ਕੋਲ ਕੱਠੀ ਹੋ ਗਈ।
ਕਮੇਟੀ ਦੇ ਅੱਧ ਹਨੇਰੇ ਦਫ਼ਤਰ ਵਿੱਚ ਅਚਾਨਕ ਇੱਕ ਅਜੀਬ ਜਹੀ ਚੁੱਪ ਛਾ ਗਈ, ਤੇ ਫੇਰ ਇੱਕਦਮ ਤਕੜੀਆਂ ਖੁਸ਼ ਵਾਜਾਂ ਦਾ ਝੱਖੜ ਝੁੱਲ ਪਿਆ।
ਗ੍ਹੀਤਜਾ ਦੇ ਦਫ਼ਤਰ ਦੇ ਅੰਦਰ ਉਤਜ਼ਾ ਦਾ ਭਰਾ ਮਾਨੋਲ ਰੋਚੀਓਰੂ ਆਣ ਧਮਕਿਆ। ਚਾਬਕ ਹਾਲੀ ਉਹਦੇ ਹੱਥ ਵਿੱਚ ਹੀ ਸੀ। "ਹਵਾ ਨੇ ਬੱਦਲ ਭਜਾ ਦਿੱਤੇ ਨੇ," ਉਹਨੇ ਮਸ਼ੀਨ ਵਾਲੇ ਵੱਲ ਕਹਿਰੀਆਂ ਅੱਖਾਂ ਨਾਲ ਵੇਖਦਿਆਂ ਕਿਹਾ, "ਮੈਂ ਉਹਨੂੰ ਨਾਲ ਲੈ ਆਇਆ ਹਾਂ... ਪਰ ਉਹ ਅੰਦਰ ਨਹੀਂ ਆਣਾ ਚਾਹਦਾ । ਉਹਨੇ ਸਾਨੂੰ ਕਿਹਾ ਏ ਕਿ ਅੱਜ ਰਾਤ ਨੂੰ ਹੀ ਸਾਰਾ ਪਿੰਡ ਕੱਠਾ ਕਰ ਕੇ ਓਥੇ ਪੰਛੀਵਾੜੇ ਵਿੱਚ ਜਾ ਢੁਕੀਏ।"
ਇਹ ਸੁਣ ਕੇ ਗ੍ਹੀਤਜਾ ਦਾ ਮੂੰਹ ਟੱਡਿਆ ਦਾ ਟੱਡਿਆ ਰਹਿ ਗਿਆ, ਤੇ ਇੱਕ ਫੋਰ ਵਿੱਚ ਹੀ ਉਹਨੂੰ ਸਭ ਸਮਝ ਪੈ ਗਿਆ। ਜਿਦੇ ਨਾਂ ਨੂੰ ਸੁਣਨ ਲਈ ਉਹ ਉਡੀਕਦਾ ਸੀ, ਉਹ ਉਹਦੇ ਭਰਾ ਦਾ ਹੀ ਨਾਂ ਸੀ, ਉਹਦਾ ਭਰਾ ਜਿਹੜਾ ਹੁਣੇ ਏਥੇ ਪੁੱਜਿਆ ਸੀ... ਉਹਦੇ ਦਿਲ ਦੀ ਧੜਕਣ ਪਹਿਲਾਂ ਬੰਦ ਹੋ ਗਈ, ਤੇ ਫੇਰ ਇੰਜ ਠਕ-ਠਕ ਵੱਜੀ, ਜਿਵੇਂ ਦਿਲ ਉਹਦੀ ਛਾਤੀ ਤੋਂ ਬਾਹਰ ਉਛਲਣ ਲੱਗਾ ਹੋਏ। ਕੁਝ ਚਿਰ ਪਿੱਛੋਂ ਉਹਨੇ ਤਰਲਾ ਜਿਹਾ ਪਾਇਆ, "ਹੁਣ ਮੈਂ ਕੀ ਕਰਾਂ!"
"ਤੂੰ ਹੁਣ ਉੱਠ ਪੈ ਤੇ ਸਾਡੇ ਨਾਲ ਪੰਛੀਵਾੜੇ ਚੱਲ।" ਸਤੋਇਕਾ ਚਰਨੈਤਜ਼ ਨੇ ਉਚੇਚੀ ਨਰਮਾਈ ਨਾਲ ਕਿਹਾ।
"ਮੈਂ ਨਹੀਂ ਜਾ ਸਕਦਾ ।"
"ਕਿਉਂ, ਤੂੰ ਚੰਗਾ ਭਲਾ ਜਾ ਸਕਦਾ ਏਂ।"
ਬਾਹਰ ਜੁੜੇ ਲੋਕਾਂ ਸਾਹਮਣੇ ਕੋਈ ਤਕਰੀਰ ਕਰ ਰਿਹਾ ਸੀ । ਘੁਸਮੁਸੇ ਵਿੱਚ ਖੜੋਤੇ ਲੋਕ ਚੁੱਪ ਸਨ । ਗ੍ਹੀਤਜਾ ਨੇ ਵੀ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਵਾਜ ਓਸ ਕੋਲੋਂ ਪਛਾਣੀ ਨਾ ਗਈ।